ਐੱਚ ਐੱਸ ਫੂਲਕਾ ਆਪ ਪਾਰਟੀ ਵਿਧਾਇਕ ਦਲ ਦੇ ਨੇਤਾ ਚੁਣੇ ਗਏ

hs* ਸੁਖਪਾਲ ਸਿੰਘ ਖਹਿਰਾ ਚੀਫ ਵ੍ਹਿਪ ਬਣਾਏ ਗਏ
ਨਵੀਂ ਦਿੱਲੀ, 15 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਅੱਜ ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਪੰਜਾਬ ਦੇ ‘ਆਪ’ ਪਾਰਟੀ ਵਿਧਾਇਕ ਦਲ ਦਾ ਸਰਬ ਸੰਮਤੀ ਨਾਲ ਲੀਡਰ ਚੁਣ ਲਿਆ ਗਿਆ। ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿੱਚ ‘ਆਪ’ ਪਾਰਟੀ ਦਾ ਚੀਫ਼ ਵਿਪ੍ਹ ਚੁਣਿਆ ਗਿਆ ਹੈ। ਚੋਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਚੁਣੇ ਹੋਏ 22 ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਚੋਣ ਵੇਲੇ ਪੰੰਜਾਬ ਤੋਂ ਚੁਣੇ ਗਏ ‘ਆਪ’ ਪਾਰਟੀ ਦੇ ਵਿਧਾਇਕ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਚੁਣੇ ਗਏ ਵਿਧਾਇਕ ਬੈਂਸ ਭਰਾਵਾਂ, ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਪਾਰਟੀ ਦੇ ਓਵਰਸੀਜ਼ ਵਿੰਗ ਦੇ ਮੁਖੀ ਡਾ. ਕੁਮਾਰ ਵਿਸ਼ਵਾਸ ਵੀ ਹਾਜ਼ਰ ਸਨ।
ਵਿਧਾਇਕ ਦਲ ਦੀ ਇਸ ਬੈਠਕ ਮਗਰੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰੰਘ ਵੜੈਚ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਸਰਬ ਸੰਮਤੀ ਐਚ ਐਚ ਫੂਲਕਾ ਨੂੰ ਵਿਧਾਇਕ ਦਲ ਦਾ ਨੇਤਾ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਚੀਫ਼ ਵਿਪ੍ਹ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਬੈਠਕ ਵਿੱਚ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਉਤਰੀ ‘ਆਪ’ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਦਿੱਤੀ ਹੈ, ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਫੈਸਲਾ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ਮਗਰੋਂ ਐੱਚ ਐੱਸ ਫੂਲਕਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਪੂਰੇ ਜ਼ੋਰ ਨਾਲ ਚੁੱਕੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਸਦਨ ਤੋਂ ਲੈ ਕੇ ਸੜਕ ਤੱਕ ਲੜਾਈ ਲੜੀ ਜਾਵੇਗੀ।