ਐਸ ਸੀ ਓ ਸਮਾਗਮ ਵਿੱਚ ਮੋਦੀ ਨੇ ਦੇਸ਼ਾਂ ਦੀ ਖੁਦ-ਮੁਖ਼ਤਾਰੀ ਵਿੱਚ ਦਖ਼ਲ ਦਾ ਮੁੱਦਾ ਚੁੱਕਿਆ


* ਚੀਨ ਦੇ ਵਿਸ਼ੇਸ਼ ਸੜਕੀ ਪ੍ਰਾਜੈਕਟ ਦਾ ਭਾਰਤ ਵੱਲੋਂ ਸਿੱਧਾ ਵਿਰੋਧ
ਕਿੰਗਦਾਓ, 10 ਜੂਨ, (ਪੋਸਟ ਬਿਊਰੋ)- ਅੱਠ ਦੇਸ਼ਾਂ ਦੇ ਸ਼ੰਘਾਈ ਸਹਿਯੋਗ ਸੰਗਠਨ (ਐਸ ਸੀ ਓ) ਵਿੱਚ ਭਾਰਤ ਇੱਕੋ ਇੱਕ ਦੇਸ਼ ਹੈ, ਜਿਸ ਨੇ ਚੀਨ ਦੇ ਬਹੁ-ਚਰਚਿਤ ਅੰਤਰ ਰਾਸ਼ਟਰੀ ਸੜਕ ਪ੍ਰਾਜੈਕਟ (ਬੀ ਆਰ ਆਈ) ਦਾ ਵਿਰੋਧ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਵੱਡੇ ਪ੍ਰਾਜੈਕਟ ਨੂੰ ਸੰਬੰਧਤ ਦੇਸ਼ਾਂ ਦੀ ਖੁਦ-ਮੁਖਤਿਆਰੀ ਅਤੇ ਇਲਾਕਾਈ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਚੀਨ ਦੇ ਕਿੰਗਦਾਓ ਸ਼ਹਿਰ ਵਿੱਚ ਦੋ ਦਿਨਾਂ ਸਿਖਰ ਸਮਾਗਮ ਦੀ ਸਮਾਪਤੀ ਉੱਤੇ ਅੱਜ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਆਗੂਆਂ ਨਾਲ ਇੱਕ ਸਾਂਝੇ ਐਲਾਨਨਾਮੇ ਉੱਤੇ ਦਸਖ਼ਤ ਕੀਤੇ। ਰੂਸ, ਪਾਕਿਸਤਾਨ, ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਅਤੇ ਤਾਜਿਕਿਸਤਾਨ ਨੇ ਚੀਨ ਦੇ ਇਸ ਸੜਕੀ ਪ੍ਰਾਜੈਕਟ ਲਈ ਹਮਾਇਤ ਦੇ ਦਿੱਤੀ ਹੈ, ਪਰ ਨਰਿੰਦਰ ਮੋਦੀ ਨੇ ਇਸ ਸਮਾਗਮ ਦੌਰਾਨ ਭਾਸ਼ਣ ਕਰਦਿਆਂ ਇਸ ਦਾ ਸਿੱਧਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਉਨ੍ਹਾਂ ਪ੍ਰਾਜੈਕਟਾਂ ਨੂੰ ਸਹੀ ਕਹੇਗਾ, ਜੋ ਸਮੁੱਚਤਾ ਯਕੀਨੀ ਬਣਾਉਂਦੇ ਹਨ। ਮੋਦੀ ਨੇ ਕਿਹਾ, ‘ਗੁਆਂਢੀ ਦੇਸ਼ਾਂ ਨਾਲ ਸੰਪਰਕ ਸੜਕਾਂ ਰਾਹੀਂ ਜੁੜਨਾ ਭਾਰਤ ਦੀ ਪਹਿਲ ਹੈ। ਅਸੀਂ ਉਨ੍ਹਾਂ ਕੁਨੈਕਟਿਵਿਟੀ ਪ੍ਰਾਜੈਕਟਾਂ ਦਾ ਸਵਾਗਤ ਕਰਾਂਗੇ ਜਿਹੜੇ ਸਥਾਈ ਤੇ ਢੁੱਕਵੇਂ ਹਨ ਅਤੇ ਜੋ ਦੇਸ਼ਾਂ ਦੀ ਇਲਾਕਾਈ ਅਖੰਡਤਾ ਤੇ ਖੁਦਮੁਖਤਿਆਰੀ ਦਾ ਸਤਿਕਾਰ ਕਰਦੇ ਹਨ।’
ਵਰਨਣ ਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਇਸ ਪ੍ਰਾਜੈਕਟ ਦਾ ਭਾਰਤ ਸਖ਼ਤ ਵਿਰੋਧੀ ਰਿਹਾ ਹੈ, ਕਿਉਂਕਿ 5000 ਕਰੋੜ ਡਾਲਰ ਦਾ ਚੀਨ-ਪਾਕਿਸਤਾਨ ਆਰਥਿਕ ਲਾਂਘਾ, ਜਿਹੜਾ ਇਸ ਬਹੁ-ਚਰਚਿਤ ਸੜਕੀ ਪ੍ਰਾਜੈਕਟ ਦਾ ਹਿੱਸਾ ਹੈ, ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰੀ ਇਲਾਕੇ ਤੋਂ ਲੰਘਦਾ ਹੈ। ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹਾਜ਼ਰੀ ਵਿੱਚ ਆਪਣਾ ਪੱਖ ਪੇਸ਼ ਕਰ ਦਿੱਤਾ।
ਇਸ ਦੌਰਾਨ ਭਾਸ਼ਣ ਕਰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਖੁੱਲ੍ਹ ਦਿਲੀ ਨਾਲ ਇਸ ਪ੍ਰਾਜੈਕਟ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਪਾਕਿਸਤਾਨ ਦੀ ਇਕਾਨਮੀ ਵਿੱਚ ਸੁਧਾਰ ਆ ਰਿਹਾ ਹੈ।
ਚੀਨ ਅਤੇ ਰੂਸ ਦੀ ਅਗਵਾਈ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐਸ ਸੀ ਓ) ਨੇ ਦਹਿਸ਼ਤਗਰਦੀ, ਵੱਖਵਾਦ ਤੇ ਕੱਟੜਵਾਦ ਨਾਲ ਅਗਲੇ ਤਿੰਨ ਸਾਲਾਂ ਵਿੱਚ ਨਵੇਂ ਜੋਸ਼ ਨਾਲ ਸਿੱਝਣ ਦਾ ਐਲਾਨ ਕੀਤਾ ਤੇ ਦਹਿਸ਼ਤਗਰਦੀ ਦੇ ਵਿਰੋਧ ਲਈ ਯੂ ਐੱਨ ਓ ਦੇ ਤਾਲਮੇਲ ਨਾਲ ਸਾਂਝਾ ਫਰੰਟ ਬਣਾਉਣ ਦਾ ਸੱਦਾ ਦਿੱਤਾ। ਕਿੰਗਦਾਓ ਦੇ ਇਸ ਐਲਾਨਨਾਮੇ ਵਿੱਚ ਹਰ ਤਰ੍ਹਾਂ ਦੇ ਅਤਿਵਾਦ ਦੀ ਤਿੱਖੀ ਆਲੋਚਨਾ ਕੀਤੀ ਗਈ, ਪਰ ਵਿੱਚ ਕਿਸੇ ਦਹਿਸ਼ਤਗਰਦ ਗਰੁੱਪ ਦਾ ਜ਼ਿਕਰ ਨਹੀਂ ਕੀਤਾ ਗਿਆ। ਐਸ ਸੀ ਓ ਆਗੂਆਂ ਨੇ ਮੱਧ ਪੂਰਬ ਦੇ ਹਾਲਾਤ ਤੇ ਵਿਦੇਸ਼ੀ ਦਹਿਸ਼ਤਗਰਦਾਂ ਤੋਂ ਵਧ ਰਹੇ ਖ਼ਤਰੇ ਬਾਰੇ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਮੈਂਬਰ ਦੇਸ਼ ਅਜਿਹੇ ਲੋਕਾਂ ਅਤੇ ਉਨ੍ਹਾਂ ਦੀ ਆਵਾਜਾਈ ਦੀ ਜਾਣਕਾਰੀ ਦੇਣ ਦੇ ਪ੍ਰਬੰਧ ਦਾ ਸੁਧਾਰ ਕਰਨਗੇ।