ਐਸ ਪੀ ਦਾ ਰੀਡਰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ


ਫਰੀਦਕੋਟ, 6 ਜਨਵਰੀ (ਪੋਸਟ ਬਿਊਰੋ)- ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਨੇ ਕੱਲ੍ਹ ਮਿੰਨੀ ਸਕੱਤਰੇਤ ਵਿੱਚ ਐਸ ਪੀ (ਆਈ) ਸੇਵਾ ਸਿੰਘ ਮੱਲੀ ਦੇ ਦਫਤਰ ਵਿੱਚ ਛਾਪਾ ਮਾਰ ਕੇ ਰੀਡਰ ਏ ਐਸ ਆਈ ਗੁਰਬਿੰਦਰਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਮੋਹਾਲੀ ਦੇ ਡੀ ਐਸ ਪੀ ਵਿਜੀਲੈਂਸ ਤੇਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਦੋਸ਼ੀ ਰੀਡਰ ਨੂੰ ਗ੍ਰਿਫਤਾਰ ਕਰ ਕੇ ਆਪਣੇ ਨਾਲ ਮੋਹਾਲੀ ਲੈ ਗਈ ਅਤੇ ਉਸ ਦੇ ਵਿਜੀਲੈਂਸ ਥਾਣਾ ਮੋਹਾਲੀ ਵਿੱਚ ਭਿ੍ਰਸ਼ਟਾਚਾਰ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਰਿਸ਼ਵਤ ਐਸ ਪੀ (ਆਈ) ਸੇਵਾ ਸਿੰਘ ਮੱਲੀ ਦੇ ਨਾਮ ਉਤੇ ਵਸੂਲੀ ਗਈ ਸੀ। ਅਜਿਹੇ ਵਿੱਚ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੀ ਭੂਮਿਕਾ ਦੀ ਵੀ ਪੜਤਾਲ ਸ਼ੁਰੂ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ 14 ਨਵੰਬਰ ਨੂੰ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਫਰੀਦਕੋਟ ਦੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਕੋਟਕਪੂਰਾ ਦੇ ਆਨੰਦ ਨਗਰ ਦੇ ਪ੍ਰਦੀਪ ਸਚਦੇਵਾ ਤੇ ਉਸ ਦੇ ਪਰਵਾਰ ਦੇ ਖਿਲਾਫ 15 ਲੱਖ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਇਸ ਦੇ ਬਾਅਦ ਪ੍ਰਦੀਪ ਸਚਦੇਵਾ ਨੇ ਆਪਣੇ ਖਿਲਾਫ ਦਰਜ ਹੋਈ ਐਫ ਆਈ ਆਰ ਦੀ ਪੜਤਾਲ ਦੀ ਗੁਹਾਰ ਲਗਾਈ ਤਾਂ ਪੜਤਾਲ ਐਸ ਪੀ (ਆਈ) ਸੇਵਾ ਸਿੰਘ ਮੱਲੀ ਦੇ ਕੋਲ ਚਲੀ ਗਈ ਸੀ। ਵਿਜੀਲੈਂਸ ਬਿਊਰੋ ਨੂੰ ਸੌਂਪੀ ਸ਼ਿਕਾਇਤ ਵਿੱਚ ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਇਸ ਕੇਸ ਵਿੱਚ ਕਲੀਨ ਚਿਟ ਲੈਣ ਲਈ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ। ਸੌਦਾ ਸਵਾ ਲੱਖ ਰੁਪਏ ਵਿੱਚ ਤੈਅ ਹੋਇਆ ਸੀ ਅਤੇ ਕੱਲ੍ਹ ਪਹਿਲੀ ਕਿਸ਼ਤ ਦੇ ਰੂਪ ਵਿੱਚ 50 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ। ਵਿਜੀਲੈਂਸ ਵਿਭਾਗ ਦੇ ਡੀ ਆਈ ਜੀ ਅਸ਼ੀਸ਼ ਕਪੂਰ ਨੇ ਦੱਸਿਆ ਕਿ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰੀ ਦੇ ਬਾਅਦ ਬਿਊਰੋ ਨੇ ਐਸ ਪੀ ਦੇ ਰੀਡਰ ਗੁਰਬਿੰਦਰਜੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ। ਫਿਲਹਾਲ ਐਸ ਪੀ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ।