ਐਸੀ ਫਿਜ਼ਾ ਬਣਾਓ

-ਸੁਖਦੇਵ ਸ਼ਰਮਾ ਧੂਰੀ

ਕੌਣ ਕਹੇ ਉਹ ਅਬਲਾ ਹੈ, ਕੌਣ ਕਹੇ ਦੁਖਿਆਰੀ।
ਕਦਮ ਕਦਮ ‘ਤੇ ਜਿੱਤ ਦੇ ਝੰਡੇ ਗੱਡੇ ਅੱਜ ਦੀ ਨਾਰੀ।

ਭਾਵੇਂ ਕਈ ਰਹੁ ਰੀਤਾਂ ਹੀ ਉਸ ਲਈ ਬੇੜੀਆਂ ਬਣੀਆਂ
ਪਰ ਨਵਯੁਗ ਦੇ ਚਾਨਣ ਨੇ, ਧੋ ਸੁੱਟਣੀ ਕਾਲਖ ਸਾਰੀ।

ਮਮਤਾ ਰੂਪੀ ਸੰਘਣਾ ਰੁੱਖ ਹੈ ਹਰ ਥਾਂ ਕਰਦਾ ਛਾਵਾਂ
ਸਾਰੀ ਤਪਸ਼ ਸਮੋ ਕੇ ਸੀਨੇ, ਸੀਤਲ ਮਹਿਕ ਖਿਲਾਰੀ।

ਚੰਡੀ ਬਣਦੀ ਹੁੰਦਾ ਕਿਧਰੇ ਜ਼ੁਲਮ ਦੇਖ ਲਏ ਜਦ ਵੀ
ਮਜ਼ਲੂਮਾਂ ਦੀ ਰਾਖੀ ਖਾਤਰ, ਕਰਦੀ ਝੱਟ ਤਿਆਰੀ।

ਕੋਮਲ ਮਨ ਦੇ ਅੰਦਰ ਕਈ ਤੂਫਾਨ ਮਚਲਦੇ ਰਹਿੰਦੇ,
ਚਿਹਰੇ ‘ਤੇ ਕੋਈ ਸ਼ਿਕਨ ਨਹੀਂ, ਸੂਰਤ ਸੀਰਤ ਪਿਆਰੀ।

ਮਾਂ ਧੀ ਭੈਣ ਜਾਂ ਪਤਨੀ ਵਰਗੇ ਰਿਸ਼ਤਿਆਂ ਦਾ ਨਿੱਘ ਮਾਣੇਂ
ਤੋੜ ਕੇ ਦਕੀਆਨੂਸੀ ਬੰਧਨ, ਚਾਹੁੰਦੀ ਗਗਨ ਉਡਾਰੀ।

ਕਲਮਾਂ ਵਾਲਿਓ, ਅਕਲਾਂ ਵਾਲਿਓ, ਐਸੀ ਫਿਜ਼ਾ ਬਣਾਓ
ਹਰ ਵਿਹੜਾ ਮਹਿਕਾਂ ਨਾਲ ਭਰ ਜਾਏ ਗੁਲਜ਼ਾਰ ਬਣੇ ਹਰ ਕਿਆਰੀ।