ਐਮਪੀ ਮੂਰ ਦੇ ਮਾਮਲੇ ਦੀ ਜਾਂਚ ਵੀ ਵੇਅਰ ਦੇ ਮਾਮਲੇ ਵਾਂਗ ਹੀ ਕੀਤੀ ਜਾਵੇਗੀ : ਜਗਮੀਤ ਸਿੰਘ

ਓਟਵਾ, 9 ਮਈ (ਪੋਸਟ ਬਿਊਰੋ) : ਐਨਡੀਪੀ ਐਮਪੀ ਕ੍ਰਿਸਟੀਨ ਮੂਰ ਦੀਆਂ ਕਾਕਸ ਡਿਊਟੀਜ਼ ਸਸਪੈਂਡ ਕਰਨ ਦਾ ਐਲਾਨ ਕਰਨ ਤੋਂ ਬਾਅਦ ਪਹਿਲੀ ਵਾਰੀ ਗੱਲ ਕਰਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਵੀ ਉਹੀ ਪ੍ਰਕਿਰਿਆ ਵਰਤਣਗੇ ਜਿਹੋ ਜਿਹੀ ਉਨ੍ਹਾਂ ਸਾਬਕਾ ਐਨਡੀਪੀ ਐਮਪੀ ਐਰਿਨ ਵੇਅਰ ਲਈ ਵਰਤੀ ਸੀ।
ਪਾਰਲੀਆਮੈਂਟ ਹਿੱਲ ਉੱਤੇ ਐਨਡੀਪੀ ਐਮਪੀਜ਼ ਨਾਲ ਆਪਣੀ ਹਫਤਾਵਾਰੀ ਕਾਕਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਜਦੋਂ ਵੀ ਇਸ ਤਰ੍ਹਾਂ ਦੇ ਦੋਸ਼ਾਂ ਬਾਰੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਇਸ ਨੂੰ ਆਪਣੀ ਜਿ਼ੰਮੇਵਾਰੀ ਤੇ ਆਪਣੀ ਵਚਨਬੱਧਤਾ ਮੰਨਦੇ ਹਨ ਕਿ ਸਿ਼ਕਾਇਤ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਉਨ੍ਹਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਢੁਕਵੀਂ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਆਖਿਆ ਕਿ ਅਸੀਂ ਜਲਦ ਹੀ ਜਾਂਚਕਾਰ ਨਿਯੁਕਤ ਕਰਾਂਗੇ ਤੇ ਫਿਰ ਜਾਂਚ ਚੱਲੇਗੀ। ਮੰਗਲਵਾਰ ਨੂੰ ਉਨ੍ਹਾਂ ਇੱਕ ਈਮੇਲ ਰਾਹੀਂ ਦਿੱਤੇ ਬਿਆਨ ਵਿੱਚ ਜਿਹੜੀ ਤੀਜੀ ਪਾਰਟੀ ਜਾਂਚ ਲਾਂਚ ਕੀਤੀ ਸੀ ਉਹ ਮੂਰ ਉੱਤੇ ਇੱਕ ਸਾਬਕਾ ਸੈਨਿਕ ਵੱਲੋਂ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਦੇ ਸਬੰਧ ਵਿੱਚ ਕੀਤੀ ਗਈ ਸੀ। ਜਗਮੀਤ ਸਿੰਘ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਸੀ ਜਦਕਿ ਸੈਨਿਕ ਕਰਕਲੈਂਡ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਹ ਮਾਮਲਾ ਗੁੱਝਾ ਨਹੀਂ ਸੀ।