ਐਮਪੀ ਨਿੱਕੀ ਐਸ਼ਟਨ ਵੀ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ

nikiਓਟਵਾ, 7 ਮਾਰਚ (ਪੋਸਟ ਬਿਊਰੋ) : ਮੈਨੀਟੋਬਾ ਤੋਂ ਐਮਪੀ ਨਿੱਕੀ ਐਸ਼ਟਨ ਵੀ ਫੈਡਰਲ ਐਨਡੀਪੀ ਦੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋ ਗਈ ਹੈ। ਮੰਗਲਵਾਰ ਸਵੇਰੇ ਐਸ਼ਟਨ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਵਾਲੀ ਉਹ ਚੌਥੀ ਉਮੀਦਵਾਰ ਬਣ ਗਈ ਹੈ।
ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸ਼ਟਨ ਨੇ ਆਖਿਆ ਕਿ ਉਹ ਇਸ ਲਈ ਇਸ ਦੌੜ ਵਿੱਚ ਹਿੱਸਾ ਲੈ ਰਹੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਮੁਹਿੰਮ ਮਾਇਨੇ ਰੱਖਦੀ ਹੈ ਤੇ ਸਾਨੂੰ ਯਕੀਨ ਹੈ ਕਿ ਅਸੀਂ ਤਬਦੀਲੀ ਲਿਆ ਸਕਦੇ ਹਾਂ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਜੋ ਕੁੱਝ ਵੀ ਕਰੇਗੀ ਮਨੁੱਖੀ ਅਧਿਕਾਰਾਂ ਲਈ ਲੜਾਈ ਉਸ ਦਾ ਕੇਂਦਰ ਬਿੰਦੂ ਰਹੇਗੀ।
ਐਸ਼ਟਨ ਨੇ ਆਖਿਆ ਕਿ ਐਨਡੀਪੀ ਲੀਡਰ ਵਜੋਂ ਉਹ ਸਖ਼ਤ ਫੈਸਲੇ ਲਵੇਗੀ ਤਾਂ ਕਿ ਸਾਡਾ ਮੁਲਕ ਮੁੜ ਲੀਹ ਉੱਤੇ ਆ ਸਕੇ ਤੇ ਇਸ ਤੋਂ ਇਲਾਵਾ ਆਰਥਿਕ ਅਸਮਾਨਤਾ, ਪੱਖ-ਪਾਤ, ਨਸਲਵਾਦ ਤੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਖਤਰੇ ਆਦਿ ਵਰਗੇ ਮੁੱਦਿਆਂ ਨੂੰ ਸੁਲਝਾਉਣ ਵੱਲ ਧਿਆਨ ਦੇਵੇਗੀ। ਉਨ੍ਹਾਂ ਆਖਿਆ ਕਿ ਐਨਡੀਪੀ ਨੂੰ ਕੈਨੇਡਾ ਦੇ ਉੱਚ ਵਰਗ ਦੀਆਂ ਸ਼ਕਤੀਆਂ ਨੂੰ ਜ਼ਰੂਰ ਚੁਣੌਤੀ ਦੇਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਕੰਜ਼ਰਵੇਟਿਵਾਂ ਤੇ ਲਿਬਰਲਾਂ ਦੀਆਂ ਨੀਤੀਆਂ ਨੂੰ ਹੀ ਦੇਸ਼ ਵਿਚਲੀਆਂ ਆਰਥਿਕ ਅਸਮਾਨਤਾਵਾਂ ਲਈ ਜਿ਼ੰਮੇਵਾਰ ਠਹਿਰਾਇਆ। ਐਸ਼ਟਨ ਨੇ ਆਖਿਆ ਕਿ ਉਹ ਫਖ਼ਰ ਨਾਲ ਆਖਦੀ ਹੈ ਕਿ ਉਹ ਸਮਾਜਵਾਦੀ ਤੇ ਨਾਰੀਵਾਦੀ ਹੈ।
ਹੁਣ ਤੱਕ ਇਸ ਦੌੜ ਵਿੱਚ ਸ਼ਾਮਲ ਹੋ ਚੁੱਕੇ ਉਮੀਦਵਾਰਾਂ, ਜਿਨ੍ਹਾਂ ਵਿੱਚ ਬੀਸੀ ਤੋਂ ਐਮਪੀ ਪੀਟਰ ਜੂਲੀਅਨ, ਓਨਟਾਰੀਓ ਤੋਂ ਐਮਪੀ ਚਾਰਲੀ ਐਂਗਸ ਤੇ ਕਿਊਬਿਕ ਤੋਂ ਐਮਪੀ ਗਾਇ ਕੈਰਨ ਸ਼ਾਮਲ ਹਨ, ਵਿੱਚ 34 ਸਾਲਾ ਐਸ਼ਟਨ ਸੱਭ ਤੋਂ ਨਿੱਕੀ ਉਮਰ ਦੀ ਹੈ ਤੇ ਇੱਕਮਾਤਰ ਮਹਿਲਾ ਉਮੀਦਵਾਰ ਹੈ। 2008 ਵਿੱਚ ਪਹਿਲੀ ਵਾਰੀ ਉਹ ਮੈਨੀਟੋਬਾ ਦੇ ਚਰਚਿਲ ਹਲਕੇ ਤੋਂ ਚੁਣੀ ਗਈ ਸੀ। ਐਨਡੀਪੀ ਅਕਤੂਬਰ, 2017 ਵਿੱਚ ਆਪਣਾ ਨਵਾਂ ਆਗੂ ਚੁਣੇਗੀ।