ਐਫ. ਆਈ. ਐਚ. ਵਿਸ਼ਵ ਹਾਕੀ ਲੀਗ: ਲੰਡਨ ‘ਚ ਭਾਰਤ ਨੇ ਪਾਕਿਸਤਾਨ ਨੂੰ 7-1 ਨਾਲ ਹਰਾ ਕੇ ਕੀਤੀ ਜਿੱਤ ਦੀ ਹੈਟ੍ਰਿਕ ਪੂਰੀ

indian hockey team

ਲੰਡਨ, 17 ਜੂਨ (ਪੋਸਟ ਬਿਊਰੋ)-  ਪੂਰੀ ਦੁਨੀਆ ਦੀਆਂ ਨਜ਼ਰਾਂ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ ਦੇ ਖਿਤਾਬੀ ਮੁਕਾਬਲੇ ‘ਤੇ ਟਿਕੀਆਂ ਹੋਈਆਂ ਸਨ ਤਾਂ ਲੰਡਨ ‘ਚ ਦੂਜੇ ਪਾਸੇ ਭਾਰਤੀ ਹਾਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਐਫ. ਆਈ. ਐਚ. ਵਿਸ਼ਵ ਲੀਗ ਹਾਕੀ ਸੈਮੀਫਾਈਨਲ ਦੇ ਪੂਲ ਬੀ ਮੈਚ ‘ਚ 7-1 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ। ਭਾਰਤੀ ਟੀਮ ਇਸ ਜਿੱਤ ਨਾਲ ਪੂਲ ਬੀ ‘ਚ 9 ਅੰਕਾਂ ਨਾਲ ਚੋਟੀ ‘ਤੇ ਪਹੁੰਚ ਗਈ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸਕਾਟਲੈਂਡ ਨੂੰ 4-1 ਨਾਲ ਅਤੇ ਕੈਨੇਡਾ ਨੂੰ 3-0 ਨਾਲ ਹਰਾਇਆ ਸੀ। ਪਾਕਿਸਤਾਨੀ ਟੀਮ ਇਸ ਤੋਂ ਪਹਿਲਾਂ ਹਾਲੈਂਡ ਤੋਂ 0-4 ਨਾਲ ਅਤੇ ਕੈਨੇਡਾ ਤੋਂ 0-6 ਨਾਲ ਹਾਰ ਚੁੱਕੀ ਸੀ। ਪਾਕਿਸਤਾਨ ਨੂੰ ਇਸ ਤਰ੍ਹਾਂ ਲਗਾਤਾਰ ਦੂਜੇ ਮੈਚ ‘ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਜਿੱਤ ‘ਚ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ, ਤਲਵਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਨੇ ਦੋ-ਦੋ ਗੋਲ ਕੀਤੇ ਜਦੋਂ ਕਿ ਪ੍ਰਦੀਪ ਮੋਰ ਨੇ ਇਕ ਹੋਰ ਗੋਲ ਕੀਤਾ। ਪਾਕਿਸਤਾਨ ਦਾ ਇਕੋ-ਇਕ ਗੋਲ ਮੁਹੰਮਦ ਉਮਰ ਨੇ ਕੀਤਾ।