ਐਨ ਡੀ ਪੀ ਚੋਣ ਪਲੇਟਫਾਰਮ: ਇੱਕ ਲਿਬਰਲ ਕਦਮ

ਕੱਲ ਐਨ ਡੀ ਪੀ ਦੀ ਨੇਤਾ ਐਂਡਰੀਆ ਹਾਵਰਥ ਵੱਲੋਂ ‘ਚੇਂਜ ਫਾਰ ਦਾ ਬੈਟਰ’ ਭਾਵ ਬਿਹਤਰੀ ਲਈ ਤਬਦੀਲੀ ਸਿਰਲੇਖ ਤਹਿਤ ਜੂਨ 2018 ਵਿੱਚ ਹੋਣ ਜਾ ਰਹੀਆਂ ਉਂਟੇਰੀਓ ਚੋਣਾਂ ਵਾਸਤੇ ਆਪਣਾ ਪਲੇਟਫਾਰਮ ਰੀਲੀਜ਼ ਕੀਤਾ। ਐਨ ਡੀ ਪੀ ਨੇ ਆਪਣੇ ਪਾਲਸੀ ਪੇਪਰ ਵਿੱਚ ਜਤਾਈ ਹੈ ਕਿ ਪਾਰਟੀ ਦੇ ਚੋਣ ਜਿੱਤਣ ਦੀ ਸੂਰਤ ਵਿੱਚ ਉਂਟੇਰੀਓ ਵਾਸੀਆਂ ਨੂੰ ਲਿਬਰਲ ਪਾਰਟੀ ਦੀ ਗੈਰਜੁੰਮੇਵਾਰਾਨਾ ਪਹੁੰਚ ਅਤੇ ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿੱਚ ਫੈਲੀ ਅਫਰਾ-ਤਫਰੀ ਤੋਂ ਉਂਟੇਰੀਓ ਵਾਸੀਆਂ ਨੂੰ ਰਾਹਤ ਪ੍ਰਦਾਨ ਕਰੇਗੀ। ਪਾਰਟੀ ਦੇ ਮੁਖੀ ਐਂਡਰੀਆ ਹਾਰਵਥ ਨੇ ਆਪਣੇ ਖੱਬੇ ਪੱਖੀ ਏਜੰਡੇ ਨੂੰ ਅੱਗੇ ਤੋਰਦਿਆਂ ਕਿਹਾ ਹੈ ਕਿ ਉਹ 40 ਹਜ਼ਾਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਅਤੇ ਬਾਕੀ ਦੇ ਉਂਟੇਰੀਓ ਵਾਸੀਆਂ ਨੂੰ ਪ੍ਰਤੀ ਦਿਨ 12 ਡਾਲਰ ਦੀ ਦਰ ਉੱਤੇ ਡੇਅ ਕੇਅਰ ਸੇਵਾਵਾਂ ਪ੍ਰਦਾਨ ਕਰੇਗੀ। ਇਸੇ ਤਰੀਕੇ ਖੱਬੇ ਪੱਖੀ ਸੋਚ ਨੂੰ ਦ੍ਰਿੜਾਉਂਦੇ ਹੋਏ ਐਨ ਡੀ ਪੀ ਨੇ ਕਾਰਪੋਰੇਟ ਟੈਕਸ ਨੂੰ 11.5% ਤੋਂ ਵਧਾ ਕੇ 13% ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਲਿਬਰਲ ਪਾਰਟੀ ਦੀ ਤਰਜ਼ ਉੱਤੇ ਐਨ ਡੀ ਪੀ ਨੇ ਵੀ ਖਰਚਿਆਂ ਨੂੰ ਵੱਧ ਕਰਨ ਉੱਤੇ ਜ਼ੋਰ ਦਿੱਤਾ ਹੈ।

ਜੇ ਲਿਬਲਰਾਂ ਨੇ 65 ਸਾਲ ਤੋਂ ਵੱਧ ਅਤੇ 24 ਸਾਲ ਤੋਂ ਘੱਟ ਉਮਰ ਦੇ ਉਂਟੇਰੀਓ ਵਾਸੀਆਂ ਲਈ ਦਵਾਈਆਂ ਮੁਫਤ ਦੇਣ ਦਾ ਐਲਾਨ ਕੀਤਾ ਸੀ ਤਾਂ ਐਨ ਡੀ ਪੀ ਨੇ ਸਮੂਹ ਉਂਟੇਰੀਓ ਵਾਸੀਆਂ ਲਈ ਮੁਫਤ ਦਵਾਈਆਂ ਦਾ ਵਾਅਦਾ ਕਰ ਮਾਰਿਆ ਹੈ। ਹਸਪਤਾਲਾਂ ਨੂੰ ਦਿੱਤੀ ਜਾਣ ਵਾਲੀ ਫਡਿੰਗ ਵਿੱਚ 5% ਦਾ ਵਾਧਾ ਜਿਸਦਾ ਅਰਥ ਹੈ ਕਿ ਅਗਲੇ 10 ਸਾਲਾਂ ਵਿੱਚ ਐਨ ਡੀ ਪੀ ਸਰਕਾਰ ਸਿਹਤ ਸੇਵਾਵਾਂ ਉੱਤੇ 19 ਬਿਲੀਅਨ ਡਾਲਰ ਖਰਚ ਕਰੇਗੀ। ਲੌਂਗ ਟਰਮ ਕੇਅਰ ਨੂੰ ਵਧੇਰੇ ਦਰੁਸਤ ਕਰਨ ਲਈ 40 ਹਜ਼ਾਰ ਨਵੇਂ ਕੇਅਰ ਬੈੱਡ ਜਿਹਨਾਂ ਵਿੱਚੋਂ 15 ਹਜ਼ਾਰ ਅਗਲੇ ਪੰਜ ਸਾਲਾਂ ਵਿੱਚ ਬਣਾਏ ਜਾਣਗੇ। ਮਾਨਸਿਕ ਸਿਹਤ ਉੱਤੇ 2.4 ਬਿਲੀਅਨ ਡਾਲਰ ਖਰਚੇ ਜਾਣਗੇ ਜਿਸ ਬਦੌਲਤ 2600 ਨਵੇਂ ਹੈਲਥ ਕੇਅਰ ਵਰਕਰਾਂ ਨੂੰ ਨੌਕਰੀ ਦਿੱਤੀ ਜਾਵੇਗੀ। ਸਾਰੇ ਵਿੱਦਿਆਰਥੀਆਂ ਦੇ ਸਟੂਡੈਂਟ ਲੋਨ ਨੂੰ ਗਰਾਂਟ ਵਿੱਚ ਬਦਲ ਕੇ ਮੁਆਫ਼ ਕਰ ਦਿੱਤਾ ਜਾਵੇਗਾ।

ਐਨਾ ਹੀ ਨਹੀਂ ਸਗੋਂ 65 ਹਜ਼ਾਰ ਉਹ ਮਕਾਨ ਬਣਾਏ ਜਾਣਗੇ ਜਿਹੜੇ ਘੱਟ ਆਮਦਨ ਅਤੇ ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਝੱਲਣ ਵਾਲੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਜਿਹੜੇ ਲੋਕ ਮਕਾਨਾਂ ਦੀਆਂ ਕੀਮਤਾਂ ਨੂੰ ਬਿਨਾ ਕਾਰਣ ਵੱਧਣ ਵਿੱਚ ਰੋਲ ਅਦਾ ਕਰਦੇ ਹਨ ਪਰ ਟੈਕਸ ਅਦਾ ਨਹੀਂ ਕਰਦੇ, ਐਨ ਡੀ ਪੀ ਸਰਕਾਰ ਉਹਨਾਂ ਦੀਆਂ ਜੜਾਂ ਨੂੰ ਕੁਰੇਦਣ ਲਈ ਵੀ ਕਦਮ ਚੁੱਕੇਗੀ। 2 ਲੱਖ 20 ਹਜ਼ਾਰ ਤੋਂ ਘੱਟ ਆਮਦਨ ਵਾਲੇ ਵਿਅਕਤੀਆਂ ਉੱਤੇ ਕੋਈ ਫਾਲਤੂ ਟੈਕਸ ਨਹੀਂ ਲਾਏ ਜਾਣਗੇ ਪਰ ਇਸਤੋਂ ਵੱਧ ਆਮਦਨ ਵਾਲਿਆਂ ਨੂੰ ਵੱਧ ਟੈਕਸ (2ਪਰਸੈਂਟੇਜ ਪੁਆਇੰਟ) ਲੱਗਣਗੇ। ਐਨ ਡੀ ਪੀ ਇਸ ਕਾਰਜ ਨੂੰ ਪੂਰਾ ਕਿਵੇਂ ਕਰੇਗੀ? ਮਹਿਜ਼ ਟੈਕਸ ਵਧਾ ਕੇ ਅਤੇ ਕਾਰਪੋਰੇਟ ਟੈਕਸ ਨੂੰ ਹੋਰ ਸਖ਼ਤ ਬਣਾ ਕੇ।

ਇਸ ਤਰੀਕੇ ਅਸੀਂ ਵੇਖਦੇ ਹਾਂ ਕਿ ਐਨ ਡੀ ਪੀ ਦਾ ਪਲੇਟਫਾਰਮ ਕੋਈ ਸਿਆਸੀ ਪਲੇਟਫਾਰਮ ਘੱਟ ਪਰ ਕਿਸੇ ਸਮਾਜ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਾ ਉਦੇਸ਼ ਪੱਤਰ ਵੱਧ ਵਿਖਾਈ ਦੇਂਦਾ ਹੈ। ਇੱਕ ਪਰੀ ਦੇਸ਼ ਦੀ ਕਹਾਣੀ ਜਾਪਦਾ ਹੈ ਐਨ ਡੀ ਪੀ ਦਾ ਪਲੇਟਫਾਰਮ। ਜੇ ਕਾਰਪੋਰੇਟ ਟੈਕਸ ਲੋੜੋਂ ਵੱਧ ਹੋਣਗੇ ਤਾਂ ਨੌਕਰੀਆਂ ਵਿੱਚ ਕਟੌਤੀ ਬਾਰੇ ਐਨ ਡੀ ਪੀ ਗੱਲ ਨਹੀਂ ਕਰ ਰਹੀ। ਨਾ ਹੀ ਇਹ ਗੱਲ ਕਰ ਰਹੀ ਹੈ ਕਿ ਅਗਲੇ 5 ਸਾਲਾਂ ਤੱਕ ਘਾਟੇ ਦਾ ਬੱਜਟ ਪੇਸ਼ ਕਰਨ ਦੀ ਗੱਲ ਆਖ ਰਹੀ ਹੈ। ਖੈਰ, ਇਸ ਵੇਲੇ ਚੋਣਾਂ ਦਾ ਸਮਾਂ ਹੈ ਅਤੇ ਐਨ ਡੀ ਪੀ ਦਾ ਇੱਕੋ ਇੱਕ ਮਕਸਦ ਲਿਬਰਲ ਪਲੇਟਫਾਰਮ ਤੋਂ ਇੱਕ ਕਦਮ ਅੱਗੇ ਦੀ ਗੱਲ ਆਖਣਾ ਹੈ। ਇਹ ਗੱਲ ਭਲੀਭਾਂਤ ਜਾਣਦੇ ਹੋਏ ਕਿ ਉਹਨਾਂ ਦੇ ਸੱਤਾ ਵਿੱਚ ਆਉਣ ਦੇ ਕੋਈ ਆਸਾਰ ਨਹੀਂ ਹਨ। ਹਾਂ ਜੇ ਲਿਬਰਲ ਜਿੱਤ ਜਾਂਦੇ ਹਨ ਪਰ ਘੱਟ ਗਿਣਤੀ ਵਿੱਚ ਰਹਿੰਦੇ ਹਨ ਤਾਂ ਇਹ ਬਹੁਤ ਉਤਸ਼ਾਹ ਨਾਲ ਲਿਬਰਲ ਪਾਰਟੀ ਨੂੰ ਹੋਰ 4 ਸਾਲ ਰਾਜ ਕਰਨ ਦਾ ਸਰਟੀਫੀਕੇਟ ਦੇਣ ਵਿੱਚ ਮਾਣ ਮਹਿਸੂਸ ਕਰਨਗੇ। ਬੇਸ਼ੱਕ ਐਨ ਡੀ ਪੀ ਆਖ ਰਹੀ ਹੈ ਕਿ ਇਸਦਾ ਇੱਕੋ ਇੱਕ ਮਕਸਦ ਲਿਬਰ ਸਰਕਾਰ ਦੇ 15 ਸਾਲਾ ਸੱਤਾ ਨੂੰ ਖਤਮ ਕਰਨਾ ਹੈ ਪਰ ਅਸਲ ਵਿੱਚ ਇਹ ਲਿਬਰਲ ਸੱਤਾ ਨੂੰ ਆਕਸੀਜਨ ਪ੍ਰਦਾਨ ਕਰਨ ਦਾ ਇਤਹਾਸ ਰੱਖਦੀ ਹੈ, ਇਹ ਪਲੇਟਫਾਰਮ ਵੀ ਉਸ ਸੰਭਾਵਨਾ ਨੂੰ ਨਕਾਰ ਨਹੀਂ ਰਿਹਾ।