ਐਨ ਡੀ ਟੀ ਵੀ ਚੈਨਲ ਦੇ ਮੁਖੀ ਪ੍ਰਨੌਇ ਰੌਇ ਦੇ ਘਰ ਸੀ ਬੀ ਆਈ ਵੱਲੋਂ ਛਾਪਾ

ndtv
* ਚੈਨਲ ਨੇ ਬਦਲਾ ਲਊ ਕਾਰਵਾਈ ਕਿਹਾ, ਸਰਕਾਰ ਨੇ ਦੋਸ਼ ਰੱਦ ਕੀਤੇ
ਨਵੀਂ ਦਿੱਲੀ, 5 ਜੂਨ, (ਪੋਸਟ ਬਿਊਰੋ)- ਸੇਬੀ ਤੋਂ ਸ਼ੇਅਰ ਲੈਣ-ਦੇਣ ਛੁਪਾਉਣ ਅਤੇ ਇਕ ਪ੍ਰਾਈਵੇਟ ਬੈਂਕ ਨੂੰ ਘਾਟਾ ਪਾਉਣ ਦੇ ਦੋਸ਼ ਵਿੱਚ ਅੱਜ ਸੀ ਬੀ ਆਈ ਨੇ ਐਨ ਡੀ ਟੀ ਵੀ ਦੇ ਮੋਢੀ ਪ੍ਰਨੌਇ ਰੌਇ ਦੇ ਘਰ ਛਾਪਾ ਮਾਰਿਆ। ਚੈਨਲ ਨੇ ਇਸ ਨੂੰ ‘ਉਹੀ ਪੁਰਾਣੇ’ ਝੂਠੇ ਦੋਸ਼ਾਂ ਉਤੇ ‘ਬਦਲਾਖ਼ੋਰੀ ਦੀ ਕਾਰਵਾਈ’ ਕਰਾਰ ਦਿੱਤਾ ਹੈ।
ਸੀ ਬੀ ਆਈ ਨੇ ਆਰ ਆਰ ਪੀ ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਕੰਪਨੀ, ਪ੍ਰਨੌਇ ਰੌਇ ਅਤੇ ਉਸ ਦੀ ਪਤਨੀ ਰਾਧਿਕਾ ਤੇ ਆਈ ਸੀ ਆਈ ਸੀ ਆਈ ਬੈਂਕ ਦੇ ਅਣਪਛਾਤੇ ਅਧਿਕਾਰੀਆਂ ਦੇ ਵਿਰੁੱਧ ਅਪਰਾਧਕ ਸਾਜ਼ਿਸ਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਆਰ ਆਰ ਪੀ ਆਰ ਹੋਲਡਿੰਗਜ਼ ਨੇ ਆਮ ਜਨਤਾ ਤੋਂ ਐਨ ਡੀ ਟੀ ਵੀ ਚੈਨਲ ਦੇ 20 ਫ਼ੀਸਦੀ ਸ਼ੇਅਰ ਖਰੀਦਣ ਲਈ ਇੰਡੀਆ ਬੁੱਲਜ਼ ਪ੍ਰਾਈਵੇਟ ਲਿਮਟਿਡ ਤੋਂ ਪੰਜ ਸੌ ਕਰੋੜ ਰੁਪਏ ਦਾ ਕਰਜ਼ਾ ਲਿਆ ਦੱਸਿਆ ਜਾਂਦਾ ਹੈ। ਸੀ ਬੀ ਆਈ ਨੇ ਦੋਸ਼ ਲਾਇਆ ਹੈ ਕਿ ਆਰ ਆਰ ਪੀ ਆਰ ਹੋਲਡਿੰਗਜ਼ ਨੇ ਇੰਡੀਆ ਬੁੱਲਜ਼ ਦੀ ਦੇਣਦਾਰੀ ਲਾਹੁਣ ਲਈ ਆਈ ਸੀ ਆਈ ਸੀ ਆਈ ਬੈਂਕ ਤੋਂ 19 ਫ਼ੀਸਦੀ ਸਾਲਾਨਾ ਦਰ ਉਤੇ 375 ਕਰੋੜ ਰੁਪਏ ਕਰਜ਼ਾ ਲਿਆ ਸੀ। ਐਨ ਡੀ ਟੀ ਵੀ ਦੇ ਪ੍ਰੋਮੋਟਰਾਂ ਨੇ ਇਸ ਕਰਜ਼ੇ ਦੀ ਗਾਰੰਟੀ ਵਜੋਂ ਐਨ ਡੀ ਟੀ ਵੀ ਵਿਚਲੇ ਸਾਰੇ ਸ਼ੇਅਰ ਆਈ ਸੀ ਆਈ ਸੀ ਆਈ ਬੈਂਕ ਕੋਲ ਰੱਖ ਦਿੱਤੇ ਸਨ, ਪਰ ਇਸ ਬਾਰੇ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ), ਸਟਾਕ ਐਕਸਚੇਂਜਜ਼ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਜਾਣਕਾਰੀ ਨਹੀਂ ਦਿੱਤੀ। ਏਜੰਸੀ ਨੇ ਦੱਸਿਆ ਕਿ 61 ਫ਼ੀਸਦੀ ਤੋਂ ਵੱਧ ਵੋਟਿੰਗ ਕੈਪੀਟਲ ਬਣਾਉਣ ਲਈ ਇਹ ਕਾਰਵਾਈ ਛੁਪਾਈ ਗਈ, ਜੋ ਬੈਂਕ ਰੈਗੂਲੇਸ਼ਨ ਐਕਟ ਦੀ ਧਾਰਾ 19 (2) ਦਾ ਉਲੰਘਣਾ ਹੈ। ਇਹ 30 ਫ਼ੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਆਈ ਸੀ ਆਈ ਸੀ ਆਈ ਵੱਲੋਂ ਇਕ ਵਾਰ 10 ਫ਼ੀਸਦੀ ਵਿਆਜ ਮੁਆਫ਼ ਕੀਤਾ ਗਿਆ। ਐਫ ਆਈ ਆਰ ਦੇ ਮੁਤਾਬਕ ਆਈ ਸੀ ਆਈ ਸੀ ਆਈ ਬੈਂਕ ਨੂੰ 48 ਕਰੋੜ ਰੁਪਏ ਘਾਟਾ ਪਿਆ, ਜਿਸ ਦੇ ਸਿੱਟੇ ਵਜੋਂ ਆਰ ਆਰ ਪੀ ਆਰ ਨੂੰ ਲਾਭ ਮਿਲਿਆ।
ਦੂਸਰੇ ਪਾਸੇ ਐਨ ਡੀ ਟੀ ਵੀ ਚੈਨਲ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ‘ਐਨ ਡੀ ਟੀ ਵੀ ਅਤੇ ਇਸ ਦੇ ਪ੍ਰੋਮੋਟਰਾਂ ਨੂੰ ਪ੍ਰੇਸ਼ਾਨ ਕਰਨ ਲਈ ਸੀ ਬੀ ਆਈ ਨੇ ਅੱਜ ਸਵੇਰੇ ਉਹੀ ਪੁਰਾਣੇ ਕਦੇ ਨਾ ਖ਼ਤਮ ਹੋਣ ਵਾਲੇ ਝੂਠੇ ਦੋਸ਼ਾਂ ਉਤੇ ਕਾਰਵਾਈ ਕੀਤੀ ਹੈ। ਐਨ ਡੀ ਟੀ ਵੀ ਅਤੇ ਇਸ ਦੇ ਪ੍ਰੋਮੋਟਰ ਵੱਖ ਵੱਖ ਏਜੰਸੀਆਂ ਦੀ ਇਸ ਬਦਲਾਖੋਰੀ ਵਾਲੀ ਕਾਰਵਾਈ ਖ਼ਿਲਾਫ਼ ਲੜਨਗੇ। ਭਾਰਤ ਵਿੱਚ ਬੋਲਣ ਦੇ ਹੱਕ ਅਤੇ ਜਮਹੂਰੀਅਤ ਨੂੰ ਦੱਬਣ ਵਾਲੇ ਯਤਨਾਂ ਅੱਗੇ ਅਸੀਂ ਝੁਕਾਂਗੇ ਨਹੀਂ।’ ਸੂਚਨਾ ਤੇ ਪ੍ਰਸਾਰਨ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਰੌਇ ਦੇ ਘਰ ਉੱਤੇ ਮਾਰੇ ਗਏ ਸੀ ਬੀ ਆਈ ਛਾਪੇ ਵਿੱਚ ਕੋਈ ਸਿਆਸੀ ਦਖ਼ਲ ਨਹੀਂ ਹੈ ਅਤੇ ਇਹ ਕਾਰਵਾਈ ਕਾਨੂੰਨ ਮੁਤਾਬਕ ਹੋਈ ਹੈ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਪੱਤਰਕਾਰ ਪ੍ਰਨਾਏ ਰਾਏ ਦੀ ਰਿਹਾਇਸ਼ ਉੱਤੇ ਸੀ ਬੀ ਆਈ ਦੇ ਛਾਪੇ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।