ਐਨ ਟੀ ਪੀ ਸੀ ਹੁਣ 5,500 ਰੁਪਏ ਪ੍ਰਤੀ ਟਨ ਪਰਾਲੀ ਖਰੀਦੇਗੀ


ਨਵੀਂ ਦਿੱਲੀ, 17 ਨਵੰਬਰ (ਪੋਸਟ ਬਿਊਰੋ)- ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਇਕ ਪਹਿਲ ਕੀਤੀ ਹੈ। ਕੇਂਦਰੀ ਊਰਜਾ ਰਾਜ ਮੰਤਰੀ (ਆਜ਼ਾਦ ਵਿਭਾਗ) ਆਰ ਕੇ ਸਿੰਘ ਨੇ ਐਲਾਨ ਕੀਤਾ ਹੈ ਕਿ ਜਨਤਕ ਖੇਤਰ ਦੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ ਟੀ ਪੀ ਸੀ) ਪਰਾਲੀ ਖਰੀਦਣ ਲਈ ਟੈਂਡਰ ਜਾਰੀ ਕਰੇਗਾ। ਕਿਸਾਨਾਂ ਤੋਂ ਪਰਾਲੀ 5,500 ਰੁਪਏ ਪ੍ਰਤੀ ਟਨ ਦੇ ਹਿਸਾਬ ਖਰੀਦ ਕੇ ਇਸ ਦੀ ਵਰਤੋਂ ਕਾਰਪੋਰੇਸ਼ਨ ਦੇ ਪਲਾਂਟ ਵਿੱਚ ਫਿਊਲ ਦੇ ਤੌਰ ਉੱਤੇ ਕੀਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਰ ਕੇ ਸਿੰਘ ਨੇ ਦੱਸਿਆ ਕਿ ਔਸਤਨ ਇਕ ਏਕੜ ਖੇਤ ਵਿੱਚੋਂ ਲਗਭਗ ਦੋ ਟਨ ਪਰਾਲੀ ਨਿਕਲਦੀ ਹੈ। ਸਰਕਾਰ ਦੇ ਇਸ ਕਦਮ ਨਾਲ ਕਿਸਾਨ ਪਰਾਲੀ ਦੀ ਵਿਕਰੀ ਨਾਲ ਲਗਭਗ 11,000 ਰੁਪਏ ਪ੍ਰਤੀ ਏਕੜ ਤੱਕ ਕਮਾ ਸਕਦੇ ਹਨ। ਊਰਜਾ ਸਕੱਤਰ ਏ ਕੇ ਭੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨਾਂ ਤੋਂ ਖਰੀਦੀ ਜਾਣ ਵਾਲੀ ਪਰਾਲੀ ਦੀ ਇਸ ਮੌਸਮ ਵਿੱਚ ਵਰਤੋਂ ਨਹੀਂ ਹੋ ਸਕੇਗੀ, ਪ੍ਰੰਤੂ ਇਕ ਤੰਤਰ ਕਾਇਮ ਹੋ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਰਾਲੀ ਦੀ ਵਰਤੋਂ ਨਾਲ ਐਨ ਟੀ ਪੀ ਸੀ ਵਿੱਚ ਤਾਪ ਬਿਜਲੀ ਉਤਪਾਦਨ ਦੀ ਲਾਗਤ ਨਹੀਂ ਵਧੇਗੀ। ਇਸ ਲਈ ਡਿਊਟੀ ਵਿੱਚ ਵਾਧਾ ਨਹੀਂ ਹੋਵੇਗਾ। ਆਰ ਕੇ ਸਿੰਘ ਨੇ ਦੱਸਿਆ ਕਿ ਬਿਜਲੀ ਪਲਾਂਟ ਦੇ ਫਿਊਲ ‘ਚ 10 ਫੀਸਦੀ ਪਰਾਲੀ ਮਿਲਾਉਣ ਨਾਲ ਉਸ ਦੀ ਸਮਰੱਥਾ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਸ ਮੌਕੇ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਿਆ) ਦਾ ਵੈਬ ਪੋਰਟਲ ਵੀ ਸ਼ੁਰੂ ਕੀਤਾ।