ਐਨ ਜੀ ਟੀ ਨੇ ਪੰਜਾਬ ਸਰਕਾਰ ਨੂੰ ਕਿਹਾ: ਏਦਾਂ ਦੇ 21 ਕਿਸਾਨ ਪੇਸ਼ ਕਰੋ, ਜਿਨ੍ਹਾਂ ਦੀ ਤੁਸੀਂ ਮਦਦ ਕੀਤੀ

ngt
ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਕੌਮੀ ਗਰੀਨ ਟਿ੍ਰਬਿਊਨਲ ਨੇ ਕੱਲ੍ਹ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ 21 ਕਿਸਾਨਾਂ ਨੂੰ ਉਸ ਦੇ ਸਾਹਮਣੇ ਪੇਸ਼ ਕਰੇ, ਜਿਨ੍ਹਾਂ ਬਾਰੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਉਨ੍ਹਾਂ (ਕਿਸਾਨਾਂ) ਨੂੰ ਇੰਨਸੈਂਟਿਵ ਅਤੇ ਬੁਨਿਆਦੀ ਢਾਂਚੇ ਦੀ ਸਹੂਲਤ ਦੇ ਕੇ ਫਸਲ ਦੀ ਰਹਿੰਦ ਖੂੰਹਦ ਸਾੜਨ ਤੋਂ ਰੋਕਿਆ ਹੈ। ਕੱਲ੍ਹ ਇਸ ਮੁੱਦੇ ‘ਤੇ ਹੋਏ ਸੁਣਵਾਈ ‘ਚ ਹਿੱਸਾ ਲੈਣ ਲਈ 100 ਤੋਂ ਜ਼ਿਆਦਾ ਕਿਸਾਨ ਐਨ ਜੀ ਟੀ (ਨੈਸ਼ਨਲ ਗਰੀਨ ਟ੍ਰਿਬਿਊਨਲ) ਦੇ ਬਾਹਰ ਇਕੱਠੇ ਹੋਏ ਅਤੇ ਐਨ ਜੀ ਟੀ ਦੇ ਚੇਅਰਪਰਸਨ ਜਸਟਿਸ ਸਵਤੰਤਰ ਕੁਮਾਰ ਦੀ ਅਗਵਾਈ ਵਾਲੇ ਬੈਂਚ ਕੋਲੇ ਇਕ ਵਕੀਲ ਰਾਹੀਂ ਆਪਣੀਆਂ ਮੁਸ਼ਕਿਲਾਂ ਪੇਸ਼ ਕੀਤੀਆਂ।
ਐਨ ਜੀ ਟੀ ਨੇ ਕਿਹਾ ਕਿ ਦੋ ਸਾਲ ਤੋਂ ਵੱਧ ਬੀਤ ਜਾਣ ਦੇ ਬਾਅਦ ਵੀ ਪਰਾਲੀ ਸਾੜਨ ਦੇ ਕੰਮ ‘ਚ ਕੁਝ ਮਹੱਤਵ ਪੂਰਨ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਨੇ ਐਨ ਜੀ ਟੀ ਨੂੰ ਦੱਸਿਆ ਸੀ ਕਿ ਉਸ ਨੇ ਉਨ੍ਹਾਂ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਸਾੜਨ ਤੋਂ ਰੋਕਣ ਲਈ ਸਹਾਇਤਾ ਹਾਸਲ ਕਰਵਾਈ ਸੀ। ਟਿ੍ਰਬਿਊਨਲ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ 13 ਅਕਤੂਬਰ ਨੂੰ 21 ਕਿਸਾਨਾਂ ਨੂੰ ਉਸ ਦੇ ਸਾਹਮਣੇ ਪੇਸ਼ ਕਰੇ। ਬੈਂਚ, ਜਿਸ ਵਿੱਚ ਜਸਟਿਸ ਆਰ ਐਸ ਰਾਠੌਰ ਵੀ ਸ਼ਾਮਲ ਸਨ, ਨੇ ਕਿਹਾ ਕਿ ਅਸੀਂ ਆਪਣੇ ਨਿਰਦੇਸ਼ ਲਾਗੂ ਕਰਾਉਣ ਲਈ ਦੋ ਸਾਲ ਤੁਹਾਡਾ ਇੰਤਜ਼ਾਰ ਕੀਤਾ। ਅਸੀਂ ਤੁਹਾਨੂੰ ਘੱਟੋ-ਘੱਟ ਇਕ ਜ਼ਿਲੇ ਲਈ ਕਾਰਜ ਯੋਜਨਾ ਲੈ ਕੇ ਆਉਣ ਲਈ ਕਿਹਾ ਸੀ। ਤੁਸੀਂ ਇਸ ਸਬੰਧੀ ਕੀ ਕਦਮ ਚੁੱਕਿਆ। ਕੀ ਤੁਸੀਂ ਪੂਰੇ ਪੰਜਾਬ ‘ਚੋਂ ਇਕ ਵੀ ਕਿਸਾਨ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹੋ, ਜਿਸ ਬਾਰੇ ਤੁਸੀਂ ਕਹਿ ਸਕੋ ਕਿ ਤੁਸੀਂ ਉਸ ਦੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਕੀਤੀ ਹੈ। ਇਹ ਸਿਆਸੀ ਮੁੱਦਾ ਨਹੀਂ, ਵਾਤਾਵਰਨ ਨਾਲ ਜੁੜਿਆ ਕੇਸ ਹੈ। ਤੁਹਾਨੂੰ ਇਕ ਮਨੁੱਖ ਵਾਂਗ ਸੋਚਣਾ ਚਾਹੀਦਾ ਹੈ, ਇਸ ਵਿੱਚ ਏਨੀ ਦੇਰ ਕਿਉਂ ਲਾ ਰਹੇ ਹੋ?
ਸੁਣਵਾਈ ਦੌਰਾਨ ਕਿਸਾਨਾਂ ਵੱਲੋਂ ਪੇਸ਼ ਹੋਏ ਵਕੀਲ ਆਈ ਜੀ ਕਪਿਲਾ ਨੇ ਇਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਨਾਲ ਲੱਗਦੇ ਸੂਬਿਆਂ ‘ਚ ਨੈਸ਼ਨਲ ਥਰਮਲ ਪਾਰਟ ਕਾਰਪੋਰੇਸ਼ਨ ਅਤੇ ਕੁਝ ਬਾਇਓਮਾਸ ਬਿਜਲੀ ਇਕਾਈਆਂ ਨੇ ਕਿਸਾਨਾਂ ਤੋਂ ਫਸਲ ਦੀ ਰਹਿੰਦ ਖੂੰਹਦ ਖਰੀਦਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਐਨ ਟੀ ਪੀ ਸੀ ਅਤੇ ਹੋਰ ਕੰਪਨੀਆਂ ਦੇ ਪ੍ਰਤੀਨਿਧੀ ਖੇਤਾਂ ‘ਚੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਕੱਟਣ ਤੇ ਖਰੀਦਣ ਦੇ ਇੱਛੁਕ ਹਨ। ਐਨ ਜੀ ਟੀ ਦੇ ਬਾਹਰ ਸੁਣਵਾਈ ‘ਚ ਹਿੱਸਾ ਲੈਣ ਲਈ ਇਕੱਤਰ ਹੋਏ ਵੱਡੀ ਗਿਣਤੀ ਕਿਸਾਨਾਂ ਵੱਲੋਂ ਕਪਿਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਐਨ ਜੀ ਟੀ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਬਣਾਉਣ ਲਈ ਪਟਿਆਲਾ ਜ਼ਿਲੇ ਦੀ ਤਹਿਸੀਲ ਨਾਭਾ ਦੇ ਪਿੰਡ ਕੱਲਰ ਮਾਜਰੀ ਨੂੰ ਮਾਡਲ ਪ੍ਰਾਜੈਕਟ ਵਜੋਂ ਚੁਣਿਆ ਹੈ।