ਐਨਡੀਪੀ ਤੇ ਪੀਸੀ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ ਤੁਸੀਂ ਆਪਣਾ ਹੀ ਨੁਕਸਾਨ ਕਰੋਂਗੇ : ਠੇਠੀ


ਬਰੈਂਪਟਨ, 15 ਮਈ (ਪੋਸਟ ਬਿਊਰੋ) : ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਪਲੇਟਫਾਰਮ ਦਾ ਜਿ਼ਕਰ ਕਰਦਿਆਂ ਆਖਿਆ ਕਿ ਉਹ ਪੂਰੇ ਇੱਕ ਸਾਲ ਨੂੰ ਹੀ ਗੋਲ ਕਰ ਗਏ। ਆਪਣੇ ਪਲੇਟਫਾਰਮ ਨੂੰ ਸਧਾਰਨ ਦਿਖਾਉਣ ਲਈ ਉਨ੍ਹਾਂ ਨੇ ਪੂਰੇ ਇੱਕ ਸਾਲ ਨੂੰ ਹੀ ਮਿੱਸ ਕਰ ਦਿੱਤਾ। ਉਨ੍ਹਾਂ ਆਪਣਾ ਪ੍ਰੋਗਰਾਮ ਗਲਤ ਬਜਟ ਯੀਅਰ ਦੇ ਅਧਾਰ ਉੱਤੇ ਤਿਆਰ ਕੀਤਾ ਹੈ।
ਠੇਠੀ ਨੇ ਵਿੱਤ ਮੰਤਰੀ ਚਾਰਲਸ ਸੌਸਾ ਦੇ ਹਵਾਲੇ ਨਾਲ ਆਖਿਆ ਕਿ ਐਨਡੀਪੀ ਦੇ ਪਲੇਟਫਾਰਮ ਵਿੱਚ ਨਾ ਸਿਰਫ ਲਿਬਰਲਾਂ ਵੱਲੋਂ ਪਿਛਲੇ ਮਹੀਨੇ ਕੀਤੇ ਗਏ ਬਜਟ ਸਬੰਧੀ ਵਾਅਦਿਆਂ ਨੂੰ ਖਤਮ ਕਰਨ ਦੀ ਗੱਲ ਆਖੀ ਗਈ ਹੈ ਸਗੋਂ ਉਹ ਤਾਂ ਮੌਜੂਦਾ ਪ੍ਰੋਗਰਾਮਾਂ ਵਿੱਚ ਵੀ ਇੱਕ ਸਾਲ ਪਹਿਲਾਂ ਤੋਂ ਹੀ ਵਾਢਾ ਲਾਉਣ ਦੀ ਫਿਰਾਕ ਵਿੱਚ ਹਨ। ਉਨ੍ਹਾਂ ਆਖਿਆ ਕਿ ਹੌਰਵਥ ਬਿਹਤਰ ਲਈ ਤਬਦੀਲੀ ਲਿਆਉਣ ਦੇ ਆਪਣੇ ਨਾਅਰੇ ਨੂੰ ਹੀ ਖਰਾ ਸਿੱਧ ਨਹੀਂ ਕਰ ਪਾ ਰਹੀ। ਉਨ੍ਹਾਂ ਵੱਲੋਂ ਲਾਪਰਵਾਹੀ ਨਾਲ ਕੀਤੀਆਂ ਗਈਆਂ ਅਜਿਹੀਆਂ ਕਟੌਤੀਆਂ ਤੇ ਬਿਨਾਂ ਫੰਡਾਂ ਤੋਂ ਕੀਤੇ ਜਾ ਰਹੇ ਖੋਖਲੇ ਵਾਅਦਿਆਂ ਦੇ ਸਿਰ ਉੱਤੇ ਕਿਲ੍ਹਾ ਸਰ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ।
ਠੇਠੀ ਨੇ ਆਖਿਆ ਕਿ ਦੂਜੇ ਪਾਸੇ ਪੀਸੀ ਆਗੂ ਡੱਗ ਫੋਰਡ ਤਾਂ ਅਜੇ ਤੱਕ ਪਲੇਟਫਾਰਮ ਤੱਕ ਰਲੀਜ਼ ਨਹੀਂ ਕਰ ਸਕੇ ਹਨ। ਉਨ੍ਹਾਂ ਵੱਲੋਂ ਬਜਟ ਵਿੱਚ 4 ਫੀ ਸਦੀ ਕਟੌਤੀ ਕੀਤੇ ਜਾਣ ਤੇ ਫਿਰ ਅਮੀਰਾਂ ਤੇ ਕਾਰਪੋਰੇਸ਼ਨਾਂ ਉੱਤੇ ਨਵੀਆਂ ਟੈਕਸ ਕਟੌਤੀਆਂ ਦੇ ਜਿਹੜੇ ਸਬਜ਼ਬਾਗ ਦਿਖਾਏ ਜਾ ਰਹੇ ਹਨ ਉਨ੍ਹਾਂ ਨੂੰ ਕੋਈ ਰੰਗ ਰੂਪ ਨਹੀਂ ਦਿੱਤਾ ਜਾ ਰਿਹਾ। ਫੋਰਡ ਵੱਲੋਂ ਸਰਕਾਰੀ ਖਰਚੇ ਵਿੱਚ 4 ਫੀ ਸਦੀ ਕਟੌਤੀ ਕਰਨ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਉਸ ਤੋਂ ਭਾਵ ਹੋਵੇਗਾ ਕਿ 6 ਬਿਲੀਅਨ ਦੀ ਕਟੌਤੀ, ਜੋ ਕਿ ਹੌਰਵਥ ਨਾਲੋਂ ਵੀ ਦੁੱਗਣੀ ਹੋਵੇਗੀ। 85 ਫੀ ਸਦੀ ਖਰਚਾ ਤਨਖਾਹਾਂ ਵਿੱਚ ਜਾਂਦਾ ਹੈ ਤੇ ਇਸ ਤੋਂ ਭਾਵ ਹੋਵੇਗਾ ਕਿ ਅਧਿਆਪਕਾਂ, ਨਰਸਾਂ, ਫਾਇਰਫਾਈਟਰਜ਼, ਪੁਲਿਸ, ਡਾਕਟਰਜ਼ ਤੇ ਹੋਰਨਾਂ ਕਾਮਿਆਂ ਦੀਆਂ ਨੌਕਰੀਆਂ ਉੱਤੇ ਵੀ ਤਲਵਾਰ ਲਟਕੇਗੀ।
ਪਰ ਪੀਸੀ ਪਾਰਟੀ ਆਗੂ ਵੱਲੋਂ ਹੈਲਥ ਕੇਅਰ, ਸਿੱਖਿਆ ਆਦਿ ਦੇ ਮਿਆਰ ਨੂੰ ਸੁਧਾਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕੀ ਉਹ ਖਾਲੀ ਪੁਲਾਓ ਹੀ ਹਨ। ਇਹ ਪਬਲਿਕ ਸੈਕਟਰ ਨਾਲ ਜੁੜੇ ਵਰਕਰ ਤੁਹਾਡੇ ਨਾਲ ਸਬੰਧਤ ਵੀ ਹੋ ਸਕਦੇ ਹਨ, ਤੁਹਾਡੇ ਦੋਸਤ ਜਾਂ ਗੁਆਂਢੀ ਵੀ ਹੋ ਸਕਦੇ ਹਨ। ਇਹ ਤੁਹਾਡੇ ਪਰਿਵਾਰ ਤੇ ਕਮਿਊਨਿਟੀ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਂਦੇ ਹੋਣਗੇ।
ਡੱਗ ਫੋਰਡ ਨੂੰ ਵੋਟ ਪਾਉਣ ਦਾ ਮਤਲਬ ਹੈ ਇਨ੍ਹਾਂ ਸਾਰਿਆਂ ਦੀ ਛੁੱਟੀ ਕਰਵਾਉਣਾ। ਆਪਣੀ ਸਕਿਊਰਿਟੀ ਨੂੰ ਖਤਰੇ ਵਿੱਚ ਪਾਉਣਾ ਤੇ ਆਪਣੀ ਹੈਲਥ ਕੇਅਰ ਤੇ ਬੱਚਿਆਂ ਦੀ ਸਿੱਖਿਆ ਦਾ ਨੁਕਸਾਨ ਕਰਨਾ। ਇਸ ਲਈ ਸਮਾਂ ਰਹਿੰਦਿਆਂ ਆਪਣੀਆਂ ਅੱਖਾਂ ਖੋਲ੍ਹੋ ਤੇ ਫੋਰਡ ਤੇ ਹੌਰਵਥ ਹੱਥੋਂ ਗੁੰਮਰਾਹ ਹੋਣ ਤੋਂ ਬਚੋ।