ਐਨਡੀਪੀ ਐਮਪੀ ਬ੍ਰਾਇਨ ਮੈਸੇ ਵੱਲੋਂ ਜਗਮੀਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ

3
ਵਿੰਡਸਰ, ਓਨਟਾਰੀਓ, 8 ਅਗਸਤ (ਪੋਸਟ ਬਿਊਰੋ) : ਵਿੰਡਸਰ ਵੈਸਟ ਤੋਂ ਐਮਪੀ ਤੇ ਗ੍ਰੇਟ ਲੇਕਸ ਐਂਡ ਇਨੋਵੇਸ਼ਨ, ਸਾਇੰਸ ਐਂਡ ਇਕਨਾਮਿਕ ਡਿਵੈਲਪਮੈਂਟ ਲਈ ਐਨਡੀਪੀ ਕ੍ਰਿਟਿਕ ਬ੍ਰਾਇਨ ਮੈਸੇ ਨੇ ਐਨਡੀਪੀ ਦੇ ਲੀਡਰਸਿ਼ਪ ਉਮੀਦਵਾਰ ਜਗਮੀਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਮੈਸੇ ਦਾ ਕਹਿਣਾ ਹੈ ਕਿ ਕਈ ਮਿਲੀਅਨ ਲੋਕਾਂ ਦੀ ਜਿ਼ੰਦਗੀ ਸੁਖਾਲੀ ਬਣਾਉਣ ਲਈ ਐਨਡੀਪੀ ਸਰਕਾਰ ਹੋਣੀ ਜ਼ਰੂਰੀ ਹੈ। ਜਗਮੀਤ ਸਿੰਘ ਹੀ ਅਜਿਹਾ ਉਮੀਦਵਾਰ ਹੈ ਜਿਹੜਾ ਇਹ ਸੁਪਨਾ ਸਾਕਾਰ ਕਰ ਸਕਦਾ ਹੈ। ਇਸ ਲਈ ਕੈਨੇਡਾ ਦੀ ਐਨਡੀਪੀ ਦਾ ਲੀਡਰ ਜਗਮੀਤ ਸਿੰਘ ਨੂੰ ਬਣਾਉਣ ਵਿੱਚ ਸਾਨੂੰ ਬਹੁਤ ਮਾਣ ਹੋਵੇਗਾ।
ਮੈਸੇ, ਜੋ ਕਿ ਐਨਡੀਪੀ ਕਾਕਸ ਦੇ ਡੀਨ ਹਨ ਤੇ ਪਾਰਲੀਆਮੈਂਟ ਵਿੱਚ ਸੱਭ ਤੋਂ ਲੰਮਾਂ ਸਮਾਂ ਕੰਮ ਕਰਨ ਵਾਲੇ ਐਨਡੀਪੀ ਐਮਪੀ ਵੀ ਬਣ ਚੁੱਕੇ ਹਨ, ਨੇ ਇਹ ਵੀ ਆਖਿਆ ਕਿ ਜਦੋਂ ਉਹ 2002 ਵਿੱਚ ਐਮਪੀ ਬਣੇ ਸਨ ਤਾਂ ਓਟਵਾ ਵਿੱਚ ਸੰਸਦ ਵਿੱਚ ਉਦੋਂ ਸਿਰਫ 14 ਐਨਡੀਪੀ ਮੈਂਬਰਜ਼ ਹੁੰਦੇ ਸਨ। ਨੌਂ ਸਾਲ ਬਾਅਦ ਹੁਣ ਸਾਡੀ ਗਿਣਤੀ 103 ਤੱਕ ਅੱਪੜ ਗਈ ਹੈ। ਉਨ੍ਹਾਂ ਆਖਿਆ ਕਿ ਜੈੱਕ ਲੇਅਟਨ ਦੀ ਸੁਣਨ ਦੀ ਸਮਰੱਥਾ, ਵਿਰੋਧ ਦੀ ਥਾਂ ਪ੍ਰਸਤਾਵ ਪੇਸ਼ ਕਰਨ ਦੀ ਕਾਬਲੀਅਤ ਤੇ ਮਜ਼ਬੂਤ ਟੀਮ ਸਦਕਾ ਅਸੀਂ ਕਈ ਮਿਲੀਅਨ ਕੈਨੇਡੀਅਨਾਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਰਹੇ ਹਾਂ।
ਉਨ੍ਹਾਂ ਅੱਗੇ ਆਖਿਆ ਕਿ ਜੈੱਕ ਵਾਂਗ ਹੀ ਜਦੋਂ ਜਗਮੀਤ ਸਿੰਘ ਲੀਡਰਸਿ਼ਪ ਲਈ ਖੜ੍ਹਾ ਹੋਇਆ ਹੈ ਤਾਂ ਉਸ ਵਿੱਚ ਵੀ ਨਵਾਂ ਜੋਸ਼, ਨਵੀਂ ਊਰਜਾ ਹੈ ਤੇ ਉਸ ਦਾ ਸਟਾਈਲ ਵੀ ਸਾਰਿਆਂ ਨਾਲੋਂ ਵੱਖਰਾ ਹੈ। ਉਨ੍ਹਾਂ ਆਖਿਆ ਕਿ ਐਨਡੀਪੀ ਦੀ ਜਿੱਤ ਲਈ ਜਗਮੀਤ ਵੱਲੋਂ ਸਪਸ਼ਟ ਰਸਤਾ ਵਿਖਾਇਆ ਜਾ ਰਿਹਾ ਹੈ, ਜਿਸ ਉੱਤੇ ਚੱਲ ਕੇ ਐਨਡੀਪੀ ਦੇਸ਼ ਭਰ ਦੇ ਲੋਕਾਂ ਦੇ ਦਿਲ ਜਿੱਤ ਸਕਦੀ ਹੈ ਤੇ 2019 ਵਿੱਚ ਸਰਕਾਰ ਵੀ ਬਣਾ ਸਕਦੀ ਹੈ। ਜਗਮੀਤ ਨੂੰ ਆਪਣਾ ਲੀਡਰ ਬਣਾ ਕੇ ਐਨਡੀਪੀ ਕੈਨੇਡੀਅਨਾਂ ਨੂੰ ਪ੍ਰੇਰਿਤ ਕਰ ਸਕਦੀ ਹੈ ਤੇ ਅਜਿਹਾ ਦੇਸ਼ ਸਿਰਜ ਸਕਦੀ ਹੈ ਜਿੱਥੇ ਸੱਭ ਬਰਾਬਰ ਹੋਣ।
ਇਸੇ ਦੌਰਾਨ ਐਮਪੀ ਬ੍ਰਾਇਨ ਮੈਸੇ ਤੋਂ ਮਿਲੇ ਇਸ ਸਮਰਥਨ ਲਈ ਉਮੀਦਵਾਰ ਜਗਮੀਤ ਸਿੰਘ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਆਖਿਆ ਕਿ ਮੈਸੇ ਦਾ ਸਮਰਥਨ ਹਾਸਲ ਕਰਕੇ ਉਹ ਬਹੁਤ ਖੁਸ਼ ਹਨ ਤੇ ਮੈਸੇ ਦੇ ਉਹ ਬਹੁਤ ਧੰਨਵਾਦੀ ਵੀ ਹਨ ਜਿਹੜੇ ਪਿਛਲੇ 15 ਸਾਲਾਂ ਤੋਂ ਪਾਰਲੀਆਮੈਂਟ ਵਿੱਚ ਵਿੰਡਸਰ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਮੈਸੇ ਐਨਡੀਪੀ ਦੇ ਸੱਭ ਤੋਂ ਲੰਮਾਂ ਸਮਾਂ ਸੇਵਾ ਨਿਭਾਉਣ ਵਾਲੇ ਐਮਪੀ ਹਨ ਇਸ ਲਈ ਉਨ੍ਹਾਂ ਦਾ ਸਮਰਥਨ, ਤਜਰਬਾ, ਗਿਆਨ ਸਾਡੇ ਲਈ ਕਾਫੀ ਮਾਇਨੇ ਰੱਖਦਾ ਹੈ।