ਐਨਡੀਪੀ ਆਗੂ ਜਗਮੀਤ ਸਿੰਘ ਨੇ ਐਮਪੀ ਐਰਿਨ ਵੇਅਰ ਨੂੰ ਕਾਕਸ ਤੋਂ ਕੀਤਾ ਬਾਹਰ

ਓਟਵਾ, 4 ਮਈ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਸਕੈਚਵਨ ਦੇ ਐਮਪੀ ਐਰਿਨ ਵੇਅਰ ਨੂੰ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਉੱਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ ਤੇ ਇਸ ਸਬੰਧ ਵਿੱਚ ਜਾਂਚ ਵੀ ਚੱਲ ਰਹੀ ਸੀ। ਇਸ ਮਾਮਲੇ ਵਿੱਚ ਵਿਚੋਲਗੀ ਦੀ ਕੋਸਿ਼ਸ਼ ਵੀ ਬੇਕਾਰ ਹੋ ਗਈ।
ਜਗਮੀਤ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਅਜ਼ਾਦਾਨਾ ਜਾਂਚ ਫਰਵਰੀ ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਉੱਤੇ ਤੰਗ ਪਰੇਸ਼ਾਨ ਕਰਨ ਦਾ ਇੱਕ ਮਾਮਲਾ ਤੇ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਸਾਹਮਣੇ ਆਏ ਸਨ। ਐਨਡੀਪੀ ਆਗੂ ਨੇ ਆਖਿਆ ਕਿ ਤੀਜੀ ਧਿਰ ਦੀਆਂ ਲੱਭਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਉਨ੍ਹਾਂ ਨੇ ਵੇਅਰ ਨਾਲ ਮੁੜਵਸੇਬਾ ਪ੍ਰਕਿਰਿਆ ਸ਼ੁਰੂ ਕਰਨ ਦੀ ਕੋਸਿ਼ਸ਼ ਕੀਤੀ ਅਤੇ ਉਨ੍ਹਾਂ ਨੂੰ ਆਖਿਆ ਕਿ ਜੇ ਉਹ ਇਸ ਦੀ ਜਿ਼ੰਮੇਵਾਰੀ ਲੈਂਦੇ ਹਨ ਤੇ ਐਂਟੀ ਹਰਾਸਮੈਂਟ ਟਰੇਨਿੰਗ ਪੂਰੀ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਕਸ ਵਿੱਚ ਰਹਿਣ ਦਿੱਤਾ ਜਾ ਸਕਦਾ ਹੈ। ਇੱਕ ਬਿਆਨ ਵਿੱਚ ਵੇਅਰ ਨੇ ਦਾਅਵਾ ਕੀਤਾ ਕਿ ਉਸ ਨੇ ਇਸ ਲਈ ਸਹਿਮਤੀ ਪ੍ਰਗਟਾਈ ਸੀ।
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਵੇਅਰ ਨੇ ਜਿ਼ੰਮੇਵਾਰੀ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਇਸੇ ਲਈ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ। ਦੂਜੇ ਪਾਸੇ ਵੇਅਰ ਮੁਤਾਬਕ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਜਿਹਾ ਰਿਪੋਰਟ ਦੀਆਂ ਲੱਭਤਾਂ ਕਾਰਨ ਨਹੀਂ ਹੈ ਸਗੋਂ ਆਪਣੇ ਉੱਤੇ ਲੱਗੇ ਦੋਸ਼ਾਂ ਕਾਰਨ ਉਨ੍ਹਾਂ ਵੱਲੋਂ ਜਨਤਕ ਤੌਰ ਉੱਤੇ ਬੋਲਣ ਕਾਰਨ ਕੀਤਾ ਜਾ ਰਿਹਾ ਹੈ।