ਐਕਸਾਈਜ਼ ਵਿਭਾਗ ਆਪਣੇ ਹੀ ਡਿਫਾਲਟਰ ਐਲਾਨੇ ਹੋਏ ਸਿ਼ਵ ਲਾਲ ਡੋਡਾ ਉੱਤੇ ਮਿਹਰਬਾਨ

doda
ਅਬੋਹਰ, 19 ਮਈ (ਪੋਸਟ ਬਿਊਰੋ)- ਭੀਮ ਟਾਂਕ ਕਤਲ ਕੇਸ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ‘ਤੇ ਐਕਸਾਈਜ਼ ਵਿਭਾਗ ਬੜਾ ਮਿਹਰਬਾਨ ਹੈ। ਇਹ ਵਿਭਾਗ ਸਿ਼ਵ ਲਾਲ ਡੋਡਾ ਨੂੰ ਡਿਫਾਲਟਰ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਜਾ ਕੇ ਸ਼ਰਾਬ ਦੇ ਠੇਕੇ ਸੰਭਾਲਣ ਦੀ ਪੇਸ਼ਕਸ਼ ਕਰ ਰਿਹਾ ਹੈ।
ਐਕਸਾਈਜ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਡੋਡਾ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਵੱਲੋਂ ਮਿਲਣ ਦੇ ਦਾ ਮਕਸਦ ਉਨ੍ਹਾਂ ਨੂੰ ਠੇਕੇ ਸੰਭਾਲਣ ਦੀ ਪੇਸ਼ਕਸ਼ ਕਰਨਾ ਸੀ। ਇਹ ਮੁਲਾਕਾਤ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੱਲੋਂ ਡੋਡਾ ਨਾਲ ਅਜਿਹੇ ਹਾਲਾਤ ਵਿੱਚ ਕੀਤੀ ਜਾ ਰਹੀ ਹੈ, ਜਦ ਐਕਸਾਈਜ਼ ਵਿਭਾਗ ਚੰਗੀ ਤਰ੍ਹਾਂ ਇਹ ਜਾਣਦਾ ਹੈ ਕਿ ਸਿ਼ਵ ਲਾਲ ਡੋਡਾ ਦੀ ਸਹਿਯੋਗੀ ਕੰਪਨੀ ਪਹਿਲਾਂ ਹੀ ਐਕਸਾਈਜ਼ ਵਿਭਾਗ ਦੀ ਡਿਫਾਲਟਰ ਹੈ। ਡੋਡਾ ਦੀ ਕੰਪਨੀ ਦੀ ਅਬੋਹਰ ਤਹਿਸੀਲ ਦੇ ਪਿੰਡ ਕੱਲਰਖੇੜਾ ਵਿੱਚ ਕਰੀਬ 50 ਏਕੜ ਜ਼ਮੀਨ ਦੀ ਰੈਡ ਐਂਟਰੀ ਖੁਈਆਂ ਸਰਵਰ ਸਬ ਤਹਿਸੀਲ ਵਿੱਚ ਐਕਸਾਈਜ ਵਿਭਾਗ ਨੇ ਪਿਛਲੇ ਫਰਵਰੀ ਮਹੀਨੇ ਵਿੱਚ ਸੀਜ਼ ਕਰਵਾਈ ਹੈ। ਐਕਸਾਈਜ਼ ਵਿਭਾਗ ਨੇ ਡੋਡਾ ਦੀ ਇਸ ਜ਼ਮੀਨ ‘ਤੇ ਇਹ ਕਾਰਵਾਈ ਇਸ ਲਈ ਕੀਤੀ ਕਿ ਵਿਭਾਗ ਨੇ ਡੋਡਾ ਦੀ ਸਾਂਝੇਦਾਰੀ ਵਾਲੀ ਫਰਮ ਗਗਨ ਵਾਈਨ ਟ੍ਰੇਡ ਅਤੇ ਫਾਇਨਾਂਸਰਜ਼ ਲਿਮਟਿਡ ਤੋਂ ਕਰੀਬ ਪੌਣੇ 23 ਕਰੋੜ ਰੁਪਏ ਬਕਾਇਆ ਲੈਣਾ ਹੈ।
ਸਿ਼ਵ ਲਾਲ ਡੋਡਾ ਨੂੰ ਇਸ ਜ਼ਿਲ੍ਹੇ ਦੇ ਠੇਕੇ ਸੰਭਾਲਣ ਦੀ ਆਫਰ ਦੇਣ ਤੋਂ ਸਿੱਧ ਹੁੰਦਾ ਹੈ ਕਿ ਡੋਡਾ ਉੱਤੇ ਅਜੇ ਵੀ ਐਕਸਾਈਜ਼ ਅਧਿਕਾਰੀ ਮਿਹਰਬਾਨ ਹਨ। ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਡੋਡਾ ਨਾਲ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੀ ਮੁਲਾਕਾਤ ਤੋਂ ਕਈ ਸਵਾਲ ਪੈਦਾ ਹੋਏ ਹਨ, ਪ੍ਰੰਤੂ ਫਿਰੋਜ਼ਪੁਰ ਦੇ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸ਼ਿਵ ਲਾਲ ਡੋਡਾ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਇਸ ਲਈ ਮਿਲਣ ਗਏ ਸਨ ਕਿ ਉਨ੍ਹਾਂ ਦੀ ਕੰਪਨੀ ਫਾਜ਼ਿਲਕਾ ਜ਼ਿਲ੍ਹਾ ਵਿੱਚ ਸ਼ਰਾਬ ਠੇਕਿਆਂ ਦੀ ਸੰਭਾਲ ਲਵੇ, ਵਿਭਾਗ ਮੌਜੂਦਾ ਠੇਕੇਦਾਰਾਂ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹੈ।