ਏਸ਼ੀਆ ਹਾਕੀ ਕੱਪ: ਭਾਰਤ ਨੇ ਦਸ ਸਾਲਾਂ ਬਾਅਦ ਫਾਈਨਲ ਮੁਕਾਬਲਾ ਜਿੱਤਿਆ


ਢਾਕਾ, 22 ਅਕਤੂਬਰ, (ਪੋਸਟ ਬਿਊਰੋ)- ਅੱਜ ਹੋਏ ਸਖਤ ਮੁਕਾਬਲੇ ਵਿੱਚ ਮਲੇਸ਼ੀਆ ਨੂੰ 2-1 ਦੇ ਫਰਕ ਨਾਲ ਹਰਾ ਕੇ ਭਾਰਤ ਨੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕਰਦੇ ਹੋਏ ਦਸ ਸਾਲ ਪਿੱਛੋਂ ਝੰਡਾ ਝੁਲਾਇਆ ਹੈ। ਹੁਣ ਤੱਕ ਕੁੱਲ ਮਿਲਾ ਕੇ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਤੀਸਰੀ ਵਾਰੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2007 ਵਿੱਚ ਚੇਨਈ ਵਿੱਚ ਏਸ਼ੀਆ ਕੱਪ ਜਿੱਤਿਆ ਅਤੇ ਉਸ ਤੋਂ ਪਹਿਲਾਂ ਭਾਰਤ ਨੇ ਸਾਲ 2003 ਵਿੱਚ ਪਹਿਲੀ ਵਾਰ ਕੁਆਲਾਲੰਪੁਰ ਵਿੱਚ ਇਸ ਟੂਰਨਾਮੈਂਟ ਦੀ ਜਿੱਤ ਆਪਣੇ ਨਾਂਅ ਦਰਜ ਕੀਤੀ ਸੀ।
ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਅੱਜ ਪਹਿਲੀ ਵਾਰ ਮਲੇਸ਼ੀਆ ਨਾਲ ਭੇੜ ਭਿੜਿਆ ਅਤੇ ਰਮਨਦੀਪ ਸਿੰਘ ਵੱਲੋਂ ਤੀਸਰੇ ਮਿੰਟ ਅਤੇ ਲਲਿਤ ਉਪਾਧਿਆਏ ਵੱਲੋਂ 29ਵੇਂ ਮਿੰਟ ਵਿੱਚ ਕੀਤੇ ਗੋਲਾਂ ਨਾਲ ਜਿੱਤ ਦਰਜ ਕੀਤੀ ਅਤੇ ਤਿੰਨ ਵਾਰ ਇਹ ਕੱਪ ਜਿੱਤ ਚੁੱਕੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਦੀ ਬਰਾਬਰੀ ਕਰਨ ਵਿੱਚ ਸਫ਼ਲ ਰਿਹਾ। ਦੱਖਣੀ ਕੋਰੀਆ ਨੇ ਸਭ ਤੋਂ ਵੱਧ ਚਾਰ ਵਾਰ ਏਸ਼ੀਆ ਕੱਪ ਜਿੱਤਿਆ ਹੋਇਆ ਹੈ। ਮਲੇਸ਼ਿਆਈ ਟੀਮ ਨੇ ਫਾਈਨਲ ਵਿੱਚ ਅੱਜ ਭਾਰਤ ਨੂੰ ਅਖੀਰ ਤਕ ਵੀ ਤਕੜੀ ਟੱਕਰ ਦਿੱਤੀ। ਉਸ ਦੀ ਟੀਮ ਲਈ ਇਕੋ ਇੱਕ ਗੋਲ ਸ਼ਾਹਰਿਲ ਸਬਾਹ ਨੇ 50ਵੇਂ ਮਿੰਟ ਵਿੱਚ ਕੀਤਾ। ਸੰਸਾਰ ਦਰਜਾਬੰਦੀ ਵਿੱਚ 6ਵੇਂ ਨੰਬਰ ਦੀ ਭਾਰਤੀ ਟੀਮ ਲਈ ਮੈਚ ਦੇ ਆਖਰੀ ਦਸ ਮਿੰਟ ਬੜੇ ਬੇਚੈਨੀ ਵਾਲੇ ਰਹੇ, ਕਿਉਂਕਿ ਮਲੇਸ਼ੀਆ ਨੇ ਇਸ ਦੌਰਾਨ ਲਗਾਤਾਰ ਹਮਲੇ ਕਰ ਕੇ ਭਾਰਤੀ ਰੱਖਿਆ ਪੰਕਤੀ ਨੂੰ ਭਜਾਈ ਰੱਖਿਆ। ਭਾਰਤੀ ਡਿਫੈਂਸ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਮਲੇਸ਼ੀਆ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਦੇ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਾ ਮੁਜ਼ਾਹਰਾ ਕੀਤਾ।
ਏਸ਼ੀਆ ਕੱਪ ਦੀ ਅੱਜ ਦੀ ਜਿੱਤ ਨਾਲ ਭਾਰਤ ਪਹਿਲੀ ਅਜਿਹੀ ਟੀਮ ਬਣ ਗਿਆ ਹੈ, ਜਿਸ ਨੇ ਇਕੋ ਸਮੇਂ ਵਿੱਚ ਏਸ਼ੀਆ ਦੇ ਤਿੰਨੇ ਮੁੱਖ ਖ਼ਿਤਾਬ; ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ, ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਅਤੇ ਏਸ਼ੀਆ ਕੱਪ ਆਪਣੇ ਨਾਂ ਕਰ ਲਏ ਹਨ। ਭਾਰਤ ਨੇ 2014 ਵਿੱਚ ਇੰਚਿਓਨ ਏਸ਼ਿਆਈ ਗੇਮਜ਼ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਤੇ ਪਿਛਲੇ ਸਾਲ ਕੁਆਂਟਨ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਟਰਾਫ਼ੀ ਦੇ ਫਾਈਨਲ ਵਿੱਚ ਆਪਣੇ ਇਸੇ ਗੁਆਂਢੀ ਨੂੰ 3-2 ਨਾਲ ਹਰਾਇਆ ਸੀ।
ਫਾਈਨਲ ਤੋਂ ਪਹਿਲਾਂ ਅੱਜ ਹੀ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ ਤੀਜੇ ਸਥਾਨ ਲਈ ਹੋਏ ਮੈਚ ਵਿੱਚ 6-3 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਹੈ।