ਏਸ਼ੀਆ ਪੈਸੇਫਿਕ ਸਕਿਊਰਿਟੀ ਸਮਿਟ ਵਿੱਚ ਅਹਿਮ ਥਾਂ ਹਾਸਲ ਕਰਨ ਲਈ ਟਰੂਡੋ ਨੇ ਲਾਇਆ ਆਪਣਾ ਪੂਰਾ ਟਿੱਲ

ਮਨੀਲਾ, ਫਿਲੀਪੀਨਜ਼, 14 ਨਵੰਬਰ (ਪੋਸਟ ਬਿਊਰੋ) : ਐਸੋਸਿਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ ਦੀ ਚੱਲ ਰਹੀ ਸਿਖਰ ਵਾਰਤਾ ਦੌਰਾਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਆਸ ਨਾਲ ਭਾਸ਼ਣ ਦਿੱਤਾ ਕਿ ਇਹ ਮੁਲਕ ਕੈਨੇਡਾ ਨੂੰ ਆਪਣੇ ਪ੍ਰਭਾਵਸ਼ਾਲੀ ਦਾਇਰੇ ਵਿੱਚ ਸ਼ਾਮਲ ਕਰਨ ਲਈ ਆਪਣੇ ਦਰ ਖੋਲ੍ਹ ਦੇਣਗੇ।
ਟਰੂਡੋ ਨੇ ਆਖਿਆ ਕਿ ਕੈਨੇਡਾ ਐਸੋਸਿਏਸ਼ਨ ਦੀ ਈਸਟ ਏਸ਼ੀਆ ਸਮਿਟ ਦਾ ਮੈਂਬਰ ਬਣਨ ਲਈ ਕੈਨੇਡਾ ਪੱਬਾਂ ਭਾਰ ਹੋਇਆ ਪਿਆ ਹੈ ਤੇ ਇਸ ਦੇ ਨਾਲ ਹੀ ਕੈਨੇਡਾ ਆਸੀਆਨ ਰੱਖਿਆ ਮੰਤਰੀਆਂ ਦੇ ਪੈਨਲ ਵਿੱਚ ਵੀ ਜਲਦ ਤੋਂ ਜਲਦ ਸ਼ਾਮਲ ਹੋਣਾ ਚਾਹੁੰਦਾ ਹੈ। ਮਨੀਲਾ, ਫਿਲੀਪੀਨਜ਼ ਵਿੱਚ ਵਿਸ਼ੇਸ਼ ਆਸੀਆਨ-ਕੈਨੇਡਾ ਸਿਖਰ ਵਾਰਤਾ ਦੌਰਾਨ ਇੰਡੋਨੇਸ਼ੀਆ,ਵੀਅਤਨਾਮ ਤੇ ਮਿਆਂਮਾਰ ਦੇ ਆਗੂਆਂ ਦੇ ਸਾਹਮਣੇ ਟਰੂਡੋ ਨੇ ਆਖਿਆ ਕਿ ਕੈਨੇਡਾ ਸਿਰਫ ਇਸ ਗਰੁੱਪ ਦਾ ਹਿੱਸਾ ਬਣਨ ਦਾ ਚਾਹਵਾਨ ਹੀ ਨਹੀਂ ਹੈ ਸਗੋਂ ਅਗਲੇ 50 ਸਾਲਾਂ ਲਈ ਉਹ ਇਸ ਗੱਠਜੋੜ ਦਾ ਭਾਈਵਾਲ ਬਣਨਾ ਚਾਹੁੰਦਾ ਹੈ।
ਇਸ ਮੌਕੇ ਭਾਸ਼ਣ ਦੇਣ ਵਾਲੇ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਮੌਕੇ ਮੈਂਬਰ ਮੁਲਕਾਂ ਵੱਲੋਂ ਟਰੂਡੋ ਤੋਂ ਸਵਾਲ ਵੀ ਪੁੱਛੇ ਜਾਣੇ ਸਨ ਤੇ ਕੈਨੇਡਾ ਦੇ ਸਹਿਯੋਗ ਦੀ ਗੰਭੀਰਤਾ ਨੂੰ ਵੀ ਪਰਖਿਆ ਜਾਣਾ ਸੀ। ਕੈਨੇਡਾ ਨੂੰ ਇਹ ਮੌਕਾ ਟਰੂਡੋ ਵੱਲੋਂ ਕੀਤੀਆਂ ਕੋਸਿ਼ਸ਼ਾਂ ਸਦਕਾ ਮਿਲਿਆ। ਟਰੂਡੋ ਨੇ ਆਖਿਆ ਕਿ ਕੈਨੇਡਾ ਵਿਸ਼ਵ ਦੀਆਂ ਗੁੰਝਲਦਾਰ ਚੁਣੌਤੀਆਂ ਨਾਲ ਦੋ-ਦੋ ਹੱਥ ਕਰ ਸਕਦਾ ਹੈ ਤੇ ਦੇਸ਼ ਤੇ ਵਿਦੇਸ਼ ਵਿੱਚ ਵੀ ਕਿਸੇ ਤਰ੍ਹਾਂ ਦੀਆਂ ਅਜਿਹੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਲਈ ਤਿਆਰ ਹੈ। ਟਰੂਡੋ ਸਰਕਾਰ ਇਸ ਆਸ ਨਾਲ ਵੀ ਆਪਣਾ ਕੇਸ ਤਿਆਰ ਕਰ ਰਹੀ ਹੈ ਕਿ ਉਹ ਹੌਲੀ ਹੌਲੀ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵਿੱਚ ਆਪਣੀ ਸੀਟ ਪੱਕੀ ਕਰ ਸਕੇ।
ਟਰੂਡੋ ਨੂੰ ਬਾਅਦ ਵਿੱਚ ਦਿਨ ਵੇਲੇ ਇਹ ਪੁੱਛਿਆ ਗਿਆ ਕਿ ਉਹ ਏਸ਼ੀਆ ਪੈਸੇਫਿਕ ਖਿੱਤੇ ਵਿੱਚ ਕੈਨੇਡਾ ਦੀ ਦਖਲ ਨੂੰ ਵਧਾਉਣਾ ਕਿਉਂ ਚਾਹੁੰਦੇ ਹਨ। ਉਨ੍ਹਾਂ ਇਸ ਦੇ ਜਵਾਬ ਵਿੱਚ ਆਖਿਆ ਕਿ ਇਸ ਸਮੇਂ ਕੈਨੇਡਾ ਦੇ ਇਸ ਖਿੱਤੇ ਨਾਲ ਬਹੁਤ ਹੀ ਚੰਗੇ ਆਰਥਿਕ ਸਬੰਧ ਹਨ। ਉਨ੍ਹਾਂ ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਅਰਥਚਾਰਿਆਂ ਤੋਂ ਇਲਾਵਾ ਵੀ ਗੱਲਬਾਤ ਕਰਨ ਲਈ ਹੋਰ ਬਹੁਤ ਕੁੱਝ ਹੁੰਦਾ ਹੈ। ਉਨ੍ਹਾਂ ਆਖਿਆ ਕਿ ਈਸਟ ਏਸ਼ੀਆ ਸਮਿਟ ਪੈਸੇਫਿਕ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਕੇਂਦਰੀ ਥਾਂ ਬਣ ਗਈ ਹੈ।
ਈਸਟ ਏਸ਼ੀਆ ਸਿਖਰ ਵਾਰਤਾ ਆਸੀਆਨ ਗਰੁੱਪਜ਼ ਦੀ ਸਕਿਊਰਿਟੀ ਸਬੰਧੀ ਅਜਿਹੀ ਵਾਰਤਾ ਹੈ ਜਿੱਥੇ 18 ਮੁਲਕਾਂ ਦੇ ਆਗੂ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਅਮਰੀਕਾ, ਚੀਨ ਤੇ ਰੂਸ ਵੀ ਸ਼ਾਮਲ ਹਨ। ਆਪਣੇ ਭਾਸ਼ਣ ਵਿੱਚ ਟਰੂਡੋ ਨੇ ਆਖਿਆ ਕਿ ਕੈਨੇਡਾ ਮਿਆਂਮਾਰ ਵਿਚਲੇ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਲਗਾਤਾਰ ਕੋਸਿ਼ਸ਼ਾਂ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਲਿਬਰਲ ਐਮਪੀ ਬੌਬ ਰੇਅ ਨੂੰ ਇਸ ਖਿੱਤੇ ਦਾ ਵਿਸ਼ੇਸ਼ ਦੂਤ ਨਿਯੁਕਤ ਕੀਤਾ ਗਿਆ ਹੈ। ਟਰੂਡੋ ਨੇ ਆਖਿਆ ਕਿ ਉੱਤਰੀ ਕੋਰੀਆ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਤੋਂ ਨਿਜਾਤ ਪਾਉਣ ਤੇ ਆਪਣੇ ਬਾਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਬੰਦ ਕਰਨ ਦੀ ਏਸ਼ੀਆ ਵੱਲੋਂ ਮੰਗ ਕੀਤੇ ਜਾਣ ਦੇ ਮਾਮਲੇ ਵਿੱਚ ਕੈਨੇਡਾ ਪੂਰੀ ਤਰ੍ਹਾਂ ਏਸ਼ੀਆ ਦੇ ਨਾਲ ਹੈ।