ਏਸ਼ੀਆਈ ਖੇਡਾਂ ਵਿੱਚ ਨਾ ਉਤਰੀ ਨਾ ਦੱਖਣੀ, ਸਾਂਝਾ ਕੋਰੀਆ ਦਾ ਝੰਡਾ ਹੋਵੇਗਾ


ਸਿਓਲ, 19 ਜੂਨ (ਪੋਸਟ ਬਿਊਰੋ)- ਕਈ ਦਹਾਕੇ ਪੁਰਾਣੀ ਦੁਸ਼ਮਣੀ ਖਤਮ ਕਰਨ ਵੱਲ ਇਕ ਹੋਰ ਕਦਮ ਵਧਾਉਂਦੇ ਹੋਏ ਉਤਰ ਤੇ ਦੱਖਣੀ ਕੋਰੀਆ ਨੇ ਏਸ਼ੀਆਈ ਖੇਡਾਂ ਵਿੱਚ ਸਾਂਝੀ ਟੀਮ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਸਾਲ ਅਗਸਤ ਵਿੱਚ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਦੋਵੇਂ ਦੇਸ਼ ‘ਕੋਰੀਆ’ ਨਾਂ ਨਾਲ ਸ਼ਾਮਲ ਹੋਣਗੇ।
ਕਈ ਦੌਰਾਂ ਦੀ ਗੱਲਬਾਤ ਪਿੱਛੋਂ ਕੱਲ੍ਹ ਅਧਿਕਾਰੀਆਂ ਨੇ ਤੈਅ ਕੀਤਾ ਕਿ ਉਦਘਾਟਨ ਅਤੇ ਸਮਾਪਨ ਸਮਾਗਮ ਦੇ ਮਾਰਚ ਪਾਸਟ ਵਿੱਚ ਖਿਡਾਰੀ ਇਕੋ ਝੰਡੇ ਨਾਲ ਜਾਣਗੇ। ਫਰਵਰੀ ਵਿੱਚ ਦੱਖਣੀ ਕੋਰੀਆ ਵਿੱਚ ਹੋਏ ਓਲੰਪਿਕ ਵਿੱਚ ਵੀ ਦੋਵੇਂ ਦੇਸ਼ ਸਾਂਝੀ ਟੀਮ ਵਜੋਂ ਸ਼ਾਮਲ ਹੋਏ ਸਨ। ਉਤਰ ਤੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਇਹ ਵੀ ਫੈਸਲਾ ਕੀਤਾ ਕਿ ਏਸ਼ੀਆਈ ਖੇਡਾਂ ਦੇ ਬਾਅਦ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਦੇ ਤਨਾਅ ਪਿੱਛੋਂ ਉਤਰ ਕੋਰੀਆ ਤੇ ਅਮਰੀਕਾ ਦੇ ਸੰਬੰਧਾਂ ਵਿੱਚ ਵੀ ਨਰਮੀ ਆ ਰਹੀ ਹੈ। ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਆਗੂ ਕਿਮ ਜੋਂਗ ਵਿਚਕਾਰ ਸਿੰਗਾਪੁਰ ਵਿੱਚ ਇਤਿਹਾਸਕ ਗੱਲਬਾਤ ਹੋਈ ਸੀ। ਇਸ ਦੇ ਬਾਅਦ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਅਗਸਤ ਮਹੀਨੇ ਵਿੱਚ ਹੋਣ ਵਾਲੀਆਂ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਇਸ ਦੇਸ਼ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਵੱਲੋਂ ਆਪਣੇ ਦੇਸ਼ ਦਾ ਨਾਂ ਉਚਾ ਕਰਨ ਲਈ ਪੂਰਾ ਪਸੀਨਾ ਵਹਾਇਆ ਜਾ ਰਿਹਾ ਹੈ। ਭਾਰਤ ਵੱਲੋਂ ਇਨ੍ਹਾਂ ਏਸ਼ੀਅਨ ਖੇਡਾਂ ‘ਚ ਵੱਖ-ਵੱਖ ਖੇਡਾਂ ਨਾਲ ਸਬੰਧਤ ਟੀਮਾਂ ਭੇਜਣ ਦੀ ਪੁਰਜੋਰ ਤਿਆਰੀ ਕੀਤੀ ਜਾ ਚੁੱਕੀ ਹੈ।