ਏਸ਼ੀਆ ਹਾਕੀ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਖੜਕਾ ਸੁੱਟਿਆ

asia cup
ਢਾਕਾ, 15 ਅਕਤੂਬਰ, (ਪੋਸਟ ਬਿਉਰੋ)- ਏਸ਼ੀਅਨ ਹਾਕੀ ਦੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਪੁਰਸ਼ ਹਾਕੀ ਟੀਮ ਨੇ ਪਾਕਿਸਤਾਨ ਉੱਤੇ ਪਿਛਲੇ ਕੁਝ ਸਮੇਂ ਤੋਂ ਚੱਲੀ ਆ ਰਹੀ ਜਿੱਤ ਦੀ ਸਰਦਾਰੀ ਕਾਇਮ ਰੱਖੀ ਤੇ ਆਪਣੇ ਰਵਾਇਤੀ ਵਿਰੋਧੀ ਅੱਜ ਏਥੇ ਨੂੰ 3-1 ਨਾਲ ਹਰਾ ਦਿੱਤਾ ਹੈ। ਭਾਰਤ ਨੇ ਜਪਾਨ ਦੇ ਖ਼ਿਲਾਫ਼ 5-1 ਤੇ ਬੰਗਲਾ ਦੇਸ਼ ਦੇ ਖ਼ਿਲਾਫ਼ ਪਿਛਲੇ ਮੈਚ ਵਿੱਚ 7-0 ਨਾਲ ਜਿੱਤ ਦਰਜ ਕਰਕੇ ਰਾਊਂਡ ਰੌਬਿਨ ਸੁਪਰ ਚਾਰ ਵਿੱਚ ਥਾਂ ਪੱਕੀ ਕਰ ਲਈ ਸੀ।
ਅੱਜ ਦੇ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਸਖ਼ਤ ਚੁਣੌਤੀ ਮਿਲੀ, ਪਰ ਉਸ ਨੇ ਜੇਤੂ ਮੁਹਿੰਮ ਜਾਰੀ ਰੱਖ ਕੇ ਨੌਂ ਨੰਬਰ ਬਣਾ ਲਏ। ਭਾਰਤ ਵੱਲੋਂ ਚਿੰਗਲੇਨਸਾਨਾ ਸਿੰਘ (17ਵੇਂ ਮਿੰਟ), ਰਮਨਦੀਪ ਸਿੰਘ (44ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (45ਵੇਂ ਮਿੰਟ) ਨੇ ਗੋਲ ਕੀਤੇ। ਪਾਕਿਸਤਾਨ ਲਈ ਇੱਕਲੌਤਾ ਗੋਲ ਅਲੀ ਸ਼ਾਲ (48ਵੇਂ ਮਿੰਟ) ਨੇ ਕੀਤਾ। ਇਸ ਹਾਰ ਦੇ ਬਾਵਜੂਦ ਪਾਕਿਸਤਾਨ ਚਾਰ ਨੰਬਰਾਂ ਨਾਲ ਜਪਾਨ ਤੋਂ ਗੋਲ ਔਸਤ ਵਧੀਆ ਹੋਣ ਕਾਰਨ ਸੁਪਰ ਚਾਰ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਿਹਾ। ਜਪਾਨ ਨੇ ਇਸ ਤੋਂ ਪਹਿਲਾਂ ਬੰਗਲਾ ਦੇਸ਼ ਨੂੰ 3-1 ਨਾਲ ਹਰਾਇਆ ਸੀ, ਪਰ ਇਸ ਦੇ ਬਾਵਜੂਦ ਉਹ ਸੁਪਰ ਚਾਰ ਵਿੱਚ ਥਾਂ ਨਹੀਂ ਬਣਾ ਸਕਿਆ। ਇਸ ਦੇ ਨਤੀਜੇ ਵਜੋਂ ਟੂਰਨਾਮੈਂਟ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਅਜੇ ਘੱਟੋ ਘੱਟ ਇੱਕ ਹੋਰ ਮੁਕਾਬਲਾ ਦੇਖਣ ਨੂੰ ਮਿਲੇਗਾ।