ਏਅਰ ਇੰਡੀਆ ਨੇ 19512.5 ਕਰੋੜ ਰੁਪਏ ਤੋਂ ਵੱਧ ਦਾ ਥੋੜ੍ਹ ਚਿਰਾ ਕਰਜ਼ਾ ਲਿਆ


ਨਵੀਂ ਦਿੱਲੀ, 6 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਹਵਾਈ ਕੰਪਨੀ ਏਅਰ ਇੰਡੀਆ ਨੇ ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਸਰਕਾਰ ਦੀ ਗਾਰੰਟੀ ਨਾਲ ਵੱਖ-ਵੱਖ ਬੈਂਕਾਂ ਤੋਂ 19512.5 ਕਰੋੜ ਰੁਪਏ ਦਾ ਥੋੜ੍ਹ ਚਿਰਾ ਕਰਜ਼ਾ ਹਾਸਲ ਕੀਤਾ ਹੈ। ਲੋਕ ਸਭਾ ‘ਚ ਮੈਂਬਰ ਅਸ਼ੋਕ ਕੁਮਾਰ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਨੇ ਇਸ ਸੰਬੰਧ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ।
ਮੰਤਰੀ ਵੱਲੋਂ ਸਦਨ ਦੇ ਸਾਹਮਣੇ ਪੇਸ਼ ਵੇਰਵੇ ਮੁਤਾਬਕ ਵਿੱਤੀ ਸਾਲ 2017-18 ‘ਚ ਭਾਰਤ ਸਰਕਾਰ ਦੀ ਗਾਰੰਟੀ ਨਾਲ ਵੱਖ-ਵੱਖ ਬੈਂਕਾਂ ਨੇ ਏਅਰ ਇੰਡੀਆ ਨੂੰ 10648.07 ਕਰੋੜ ਰੁਪਏ ਦਾ ਥੋੜ੍ਹ ਚਿਰਾ ਕਰਜ਼ਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਨੂੰ 2016-17 ਵਿੱਚ 4840.53 ਕਰੋੜ ਅਤੇ 2015-16 ‘ਚ 4023.95 ਕਰੋੜ ਰੁਪਏ ਦਾ ਥੋੜ੍ਹ ਚਿਰਾ ਕਰਜ਼ਾ ਮਿਲਿਆ। ਜਯੰਤ ਸਿਨਹਾ ਨੇ ਕਿਹਾ ਕਿ ਹਵਾਈ ਮੁਸਾਫਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਪਹਿਲੀ ਵਾਰ ਦੇਸ਼ ਵਿੱਚ ‘ਪੈਸੰਜਰ ਚਾਰਟਰ’ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਖਰੜਾ ਤਿਆਰ ਕੀਤਾ ਜਾ ਚੁੱਕਾ ਹੈ। ਛੇਤੀ ਹੀ ਇਸ ਨੂੰ ਹਿੱਤਧਾਰਕਾਂ ਦੀਆਂ ਟਿੱਪਣੀਆਂ ਲਈ ਜਨਤਕ ਕੀਤਾ ਜਾਵੇਗਾ।