ਏਅਰ ਇੰਡੀਆ ਦੀ ਫਲਾਈਟ ਕਾਰਨ ਇਸਰਾਈਲ ਸਰਕਾਰ ਕੇਸ ਵਿੱਚ ਉਲਝੀ


ਯੇਰੂਸ਼ਲਮ, 1 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਲੈ ਕੇ ਇਸਰਾਈਲ ਦੀ ਸੁਪਰੀਮ ਕੋਰਟ ਵਿੱਚ ਇਤਰਾਜ਼ ਕੀਤਾ ਗਿਆ ਹੈ। ਜੇ ਇਸ ਉੱਤੇ ਕੋਰਟ ਕੋਈ ਆਦੇਸ਼ ਜਾਰੀ ਕਰ ਦੇਵੇ ਤਾਂ ਏਅਰ ਇੰਡੀਆ ਨਹੀਂ, ਭਾਰਤ ਦੀ ਮੋਦੀ ਸਰਕਾਰ ਨੂੰ ਵੀ ਵੱਡਾ ਝੱਟਕਾ ਲੱਗ ਸਕਦਾ ਹੈ।
ਵਰਨਣ ਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਇਕ ਹਫਤੇ ਪਹਿਲਾਂ ਇਸਰਾਈਲ ਨੂੰ ਸ਼ੁਰੂ ਹੋਈ ਇਸ ਫਲਾਈਟ ਨੂੰ ਇਤਿਹਾਸਕ ਕਰਾਰ ਦਿੱਤਾ ਸੀ। ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਸਾਊਦੀ ਅਰਬ ਅਤੇ ਇਜ਼ਰਾਇਲ ਦੇ ਨਾਲ ਭਾਰਤ ਸਰਕਾਰ ਦੀ ਇਹ ਵੱਡੀ ਕੂਟਨੀਤਕ ਸਫਲਤਾ ਹੈ। ਇਸ ਕੇਸ ਦੇ ਪਟੀਸ਼ਨ ਕਰਤਾ ਇਸਰਾਈਲ ਦੀ ਜਹਾਜ਼ ਕੰਪਨੀ ਏਲ-ਅਲ ਦਾ ਦਾਅਵਾ ਹੈ ਕਿ ਐਵੀਏਸ਼ਨ ਖੇਤਰ ਵਿੱਚ ਨਿਰਪੱਖਤਾ ਤੇ ਸਾਰਿਆਂ ਨੂੰ ਬਰਾਬਰ ਅਧਿਕਾਰ ਨਹੀਂ ਮਿਲ ਰਹੇ। ਇਸਰਾਈਲੀ ਕੰਪਨੀ ਨੇ ਇਹ ਅਪੀਲ ਸਾਊਦੀ ਅਰਬ ਦੇ ਉਸ ਫੈਸਲੇ ਤੋਂ ਬਾਅਦ ਕੀਤੀ ਹੈ, ਜਿਸ ਵਿੱਚ ਇਸਰਾਈਲ ਨੂੰ ਜਾਣ ਵਾਲੀ ਕਿਸੇ ਕਮਰਸ਼ੀਅਲ ਫਲਾਈਟ ਨੂੰ ਪਹਿਲੀ ਵਾਰ ਸਾਊਦੀ ਅਰਬ ਦੀ ਏਅਰ ਸਪੇਸ ਵਰਤਣ ਦਿੱਤੀ ਗਈ ਹੈ।
ਪਿਛਲੇਰੇ ਵੀਰਵਾਰ 22 ਮਾਰਚ ਦੀ ਸ਼ਾਮ ਏਅਰ ਇੰਡੀਆ ਨੇ ਦਿੱਲੀ ਤੋਂ ਇਸਰਾਈਲ ਦੇ ਤੇਲ ਅਵੀਵ ਲਈ ਇਕ ਫਲਾਈਟ ਸ਼ੁਰੂ ਕੀਤੀ ਸੀ ਅਤੇ 250 ਤੋਂ ਜ਼ਿਆਦਾ ਯਾਤਰੀ ਲਿਜਾਣ ਵਾਲੀ ਇਹ ਫਲਾਈਟ ਬਾਕੀਆਂ ਦੀ ਤੁਲਨਾ ਵਿੱਚ 2 ਘੰਟੇ ਤੋਂ ਕੁਝ ਘੱਟ ਸਮੇਂ ਵਿੱਚ ਦਿੱਲੀ ਤੋਂ ਤੇਲ ਅਵੀਵ ਦਾ ਪੂਰਾ ਕਰਦੀ ਹੈ। ਇਹ ਫਲਾਈਟ ਓਮਾਨ, ਸਾਊਦੀ ਅਰਬ ਅਤੇ ਜਾਰਡਨ ਦੇ ਉਪਰੋਂ ਹੁੰਦੇ ਹੋਏ ਇਸਰਾਈਲ ਪਹੁੰਚਦੀ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਭਾਰਤ ਨੇ ਕੂਟਨੀਤਕ ਸਬੰਧਾਂ ਦੇ ਆਸਰੇ ਸਾਊਦੀ ਅਰਬ ਤੋਂ ਉਨ੍ਹਾਂ ਦਾ ਏਅਰ ਸਪੇਸ ਵਰਣ ਦੀ ਖੁੱਲ੍ਹ ਲਈ ਹੈ। ਇਸਰਾਈਲ ਦੇ ਵਿਦੇਸ਼ ਮੰਤਰੀ ਨੇ ਇਹ ਕਿਹਾ ਸੀ ਕਿ ਇਹ ਫਲਾਈਟ ਰੂਟ ਦੋਵਾਂ ਦੇਸ਼ਾਂ ਦੇ ਲਈ ਅਹਿਮ ਹੈ। ਏਅਰ ਇੰਡੀਆ ਦੀ ਇਸ ਫਲਾਈਟ ਲਈ ਸਾਊਦੀ ਅਰਬ ਨੇ 70 ਸਾਲ ਬਾਅਦ ਆਪਣਾ ਏਅਰ ਸਪੇਸ ਬੈਨ ਹਟਾਇਆ ਹੈ। ਇਸਰਾਈਲ ਨੂੰ ਸਾਊਦੀ ਅਰਬ ਮਾਨਤਾ ਨਹੀਂ ਦਿੰਦਾ ਅਤੇ ਨਾ ਉਹ ਉਸ ਨੂੰ ਆਪਣਾ ਏਅਰ ਸਪੇਸ ਵਰਣ ਦੀ ਇਜਾਜ਼ਤ ਦਿੰਦਾ ਹੈ। ਇਸ ਤਰ੍ਹਾਂ ਇਸਰਾਈਲ ਲਈ ਜਾਣ ਵਾਲੀ ਕੋਈ ਫਲਾਈਟ ਸਾਊਦੀ ਅਰਬ ਦੇ ਉਪਰੋਂ ਨਹੀਂ ਲੰਘਦੀ। ਇਸ ਕਾਰਨ ਇਸਰਾਈਲ ਦੀ ਏਲ-ਐਲ ਏਅਰਲਾਈਨ ਨੂੰ ਤੇਲ ਲਈ ਵੱਧ ਖਰਚ ਚੁੱਕਣਾ ਪੈਂਦਾ ਅਤੇ ਸਮਾਂ ਵੀ ਵਧ ਲੱਗਦਾ ਹੈ। ਇਸ ਏਅਰਲਾਈਨ ਕੰਪਨੀ ਨੇ ਏਅਰ ਇੰਡੀਆ ਦੀ ਫਲਾਈਟ ਲਈ ਰੂਟ ਦੇਣ ਲਈ ਇਸਰਾਈਲ ਸਰਕਾਰ ਨੂੰ ਵੀ ਇਸ ਕੇਸ ਵਿੱਚ ਪਾਰਟੀ ਬਣਾਇਆ ਹੈ।