ਉੱਪ ਚੋਣ ਦੀ ਹਾਰ ਵਿੱਚੋਂ ਸੁਖਬੀਰ ਸਿੰਘ ਬਾਦਲ ਲਈ ਖੁਸ਼ੀ ਦਾ ਸਬੱਬ ਵੀ ਨਿਕਲ ਆਇਐ


ਜਲੰਧਰ, 1 ਜੂਨ (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿੱਚ ਅਕਾਲੀ ਦਲ ਦੀ ਭਾਵੇਂ ਹਾਰ ਹੋਈ ਹੈ, ਇਸ ਹਾਰ ਉੱਤੇ ਉਹ ਆਪਣੀ ਖੁਸ਼ੀ ਜ਼ਾਹਰ ਨਹੀਂ ਕਰਨਗੇ, ਪਰ ਸੁਖਬੀਰ ਸਿੰਘ ਬਾਦਲ ਇਸ ਹਾਰ ਨਾਲ ਵੀ ਅੰਦਰ ਤੋਂ ਖੁਸ਼ ਦੱਸੇ ਜਾ ਰਹੇ ਹਨ। ਇਸ ਖੁਸ਼ੀ ਦਾ ਕਾਰਨ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੱਗਾ ਝਟਕਾ ਹੈ। ਉਸ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀਆਂ ਸੀਟਾਂ ਘਟਾ ਦਿੱਤੀਆਂ ਤੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਤੀਜੇ ਨੰਬਰ ਉੱਤੇ ਜਾ ਪਹੁੰਚਾ ਦਿੱਤਾ ਸੀ। ਪਿਛਲੇ ਸਾਲ ਉਸੇ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਵਿਚ 41000 ਤੋਂ ਵੱਧ ਵੋਟ ਮਿਲੇ ਸਨ, ਪਰ ਇਸ ਉੱਪ ਚੋਣ ਵਿਚ 2000 ਵੋਟਾਂ ਵੀ ਨਹੀਂ ਲੈ ਸਕੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਵਿਚ 41010 ਵੋਟਾਂ ਮਿਲੀਆਂ ਸਨ, ਪਰ ਇਸ ਉੱਪ ਚੋਣ ਵਿਚ ਘਟ ਕੇ 1900 ਰਹਿ ਗਈਆਂ ਤੇ ਆਮ ਆਦਮੀ ਪਾਰਟੀ ਪਿਛਲੀ ਚੋਣ ਦੇ ਮੁਕਾਬਲੇ 5 ਫੀਸਦੀ ਵੋਟਾਂ ਵੀ ਨਹੀਂ ਲੈ ਸਕੀ। ਦੂਜੇ ਪਾਸੇ ਅਕਾਲੀ ਦਲ ਦੀ ਆਪਣੀ ਵੋਟ ਕੁਝ ਹੱਦ ਤੱਕ ਕਾਇਮ ਰਹੀ ਹੈ। ਪਿਛਲੇ ਸਾਲ ਅਕਾਲੀ ਦਲ ਨੂੰ 46913 ਵੋਟਾਂ ਪਈਆਂ ਸਨ ਤੇ ਇਸ ਵਰੀ ਉਸ ਨੂੰ 43945 ਵੋਟਾਂ ਮਿਲ ਗਈਆਂ ਹਨ। ਇਹ ਪਿਛਲੇ ਸਾਲ ਦੀਆਂ ਵੋਟਾਂ ਤੋਂ ਮਸਾਂ 2968 ਵੋਟਾਂ ਘੱਟ ਹਨ। ਅਕਾਲੀ ਦਲ ਨੂੰ ਲੱਗਦਾ ਹੈ ਕਿ ਉਸ ਦਾ ਵੋਟਰ ਬਾਹਰ ਨਹੀਂ ਨਿਕਲਿਆ ਤੇ ਉਸ ਦੀ ਵੋਟ ਘਟ ਗਈ, ਪਰ ਆਮ ਆਦਮੀ ਪਾਰਟੀ ਦਾ ਵੋਟ ਕਾਂਗਰਸ ਵੱਲ ਖਿਸਕਦਾ ਗਿਆ ਹੈ, ਜਿਸ ਕਾਰਨ ਕਾਂਗਰਸ ਪਿਛਲੀਆਂ ਚੋਣਾਂ ਦੀਆਂ 42008 ਵੋਟਾਂ ਦੇ ਮੁਕਾਬਲੇ 82747 ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ। ਕਾਂਗਰਸ ਦੀਆਂ ਵੋਟਾਂ ਵਿਚ 40000 ਤੋਂ ਜ਼ਿਆਦਾ ਵੋਟਾਂ ਦਾ ਵਾਧਾ ਹੋਇਆ ਹੈ।
ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਸਮੇਤ ਕਈ ਆਗੂ ਸ਼ਾਹਕੋਟ ਦੀ ਉਪ ਚੋਣ ਲੜਨ ਦੇ ਹੱਕ ਵਿਚ ਨਹੀਂ ਸਨ, ਪਰ ਪਾਰਟੀ ਨੇ ਸ਼ਾਹਕੋਟ ਵਿਚ ਉਮੀਦਵਾਰ ਖੜਾ ਕੀਤਾ ਅਤੇ ਪਾਰਟੀ ਦੇ ਸੀਨੀਅਰ ਆਗੂ ਖੁਦ ਪ੍ਰਚਾਰ ਤੋਂ ਦੂਰ ਰਹੇ। ਭਗਵੰਤ ਮਾਨ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਰੋਡ ਸ਼ੋਅ ਕੀਤਾ, ਪਰ ਉਸ ਦੇ ਪ੍ਰਚਾਰ ਵਿਚ ਗੰਭੀਰਤਾ ਨਜ਼ਰ ਨਹੀਂ ਸੀ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਕਰੀਬ 25 ਫੀਸਦੀ ਵੋਟਾਂ ਲੈ ਸੀਟਾਂ ਦੇ ਮਾਮਲੇ ਵਿਚ ਦੂਜੇ ਨੰਬਰ ਉੱਤੇ ਰਹੀ ਸੀ ਅਤੇ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨੀਂਦ ਉਡਾ ਦਿੱਤੀ ਸੀ, ਪਰ ਇਸ ਤੋਂ ਬਾਅਦ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਇਸ ਪਾਰਟੀ ਦਾ ਪ੍ਰਦਰਸ਼ਨ ਖਰਾਬ ਰਿਹਾ। ਇਸ ਨਾਲ ਸੁਖਬੀਰ ਸਿੰਘ ਬਾਦਲ ਦਾ ਸਾਹ ਸੌਖਾ ਹੋਇਆ ਹੈ।