ਉੱਤਰ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ

Yogi-Adityanath-kbFH--621x414@LiveMintਲਖਨਊ, 4 ਅਪਰੈਲ, (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀ ਅਗਵਾਈ ਹੇਠ ਨਵੀਂ ਬਣੀ ਭਾਜਪਾ ਸਰਕਾਰ ਨੇ ਅੱਜ ਇਸ ਰਾਜ ਦੇ ਦੋ ਕਰੋੜ ਤੋਂ ਵੱਧ ਛੋਟੇ ਤੇ ਮਾਰਜੀਨਲ ਕਿਸਾਨਾਂ ਦੇ ਇਕ ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ ਮੁਆਫ਼ ਕਰਨ ਦਾ ਅਹਿਮ ਫ਼ੈਸਲਾ ਕੀਤਾ ਹੈ। ਰਾਜ ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਖ਼ਜ਼ਾਨੇ ਉਤੇ 36359 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਰਾਜ ਦੇ ਕਿਸਾਨਾਂ ਦੇ ਹਿਤ ਦਾ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ, ਜਿਹੜਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਲੋਕ ਕਲਿਆਣ ਸੰਕਲਪ ਪੱਤਰ ਵਿਚ ਮੁੱਖ ਮੁੱਦਾ ਬਣਾਇਆ ਸੀ। ਕੈਬਨਿਟ ਮੀਟਿੰਗ ਪਿੱਛੋਂ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਕਿਹਾ, ‘ਇਹ ਮੁੱਦਾ ਸਾਡੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਨ ਉੱਤੇ ਕੈਬਨਿਟ ਦੀ ਪਹਿਲੀ ਬੈਠਕ ਵਿਚ ਹੀ ਛੋਟੇ ਅਤੇ ਮਾਰਜੀਨਲ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।’ ਸਿੰਘ ਨੇ ਕਿਹਾ ਕਿ ਛੋਟੇ ਤੇ ਮਾਰਜੀਨਲ ਕਿਸਾਨਾਂ ਬਾਰੇ ਕੈਬਨਿਟ ਨੇ ਜਿਹੜਾ ਮਹੱਤਵ ਪੂਰਨ ਫ਼ੈਸਲਾ ਲਿਆ ਹੈ, ਉਹ ਫ਼ਸਲੀ ਕਰਜ਼ੇ ਬਾਰੇ ਹੈ। ਪਿਛਲੇ ਸਾਲ ਕੁਦਰਤੀ ਆਫ਼ਤਾਂ ਕਾਰਨ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਸਹਿਣਾ ਪਿਆ। ਉਤਰ ਪ੍ਰਦੇਸ਼ ਦੇ ਕਰੀਬ ਦੋ ਕਰੋੜ 30 ਲੱਖ ਕਿਸਾਨਾਂ ਵਿਚੋਂ 92.5 ਫ਼ੀਸਦੀ, ਭਾਵ 2.15 ਕਰੋੜ ਕਿਸਾਨ ਛੋਟੇ ਅਤੇ ਮਾਰਜੀਨਲ ਵਰਗ ਦੇ ਕਿਸਾਨ ਹਨ। ਉਨ੍ਹਾਂ ਕਿਹਾ, ‘ਉਨ੍ਹਾਂ ਦਾ ਕੁਲ 30729 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ ਕਿਉਂਕਿ ਇਹ ਕਿਸਾਨ ਵੱਡਾ ਕਰਜ਼ਾ ਲੈਂਦੇ ਹੀ ਨਹੀਂ, ਇਸ ਤਰ੍ਹਾਂ ਇਕ ਲੱਖ ਰੁਪਏ ਦਾ ਕਰਜ਼ਾ ਉਨ੍ਹਾਂ ਦੇ ਖਾਤੇ ਵਿਚੋਂ ਮੁਆਫ਼ ਕੀਤਾ ਜਾਵੇਗਾ।’ ਸਿਧਾਰਥਨਾਥ ਸਿੰਘ ਨੇ ਕਿਹਾ ਕਿ ਸੱਤ ਲੱਖ ਹੋਰ ਕਿਸਾਨ ਨੇ ਕਰਜ਼ਾ ਲਿਆ ਅਤੇ ਉਸ ਦਾ ਭੁਗਤਾਨ ਨਹੀਂ ਕਰ ਸਕੇ, ਜਿਸ ਕਾਰਨ ਉਹ ਕਰਜ਼ਾ ਐਨ ਪੀ ਏ (ਗੈਰ ਲਾਭਕਾਰੀ) ਬਣ ਗਿਆ ਅਤੇ ਉਨ੍ਹਾਂ ਨੂੰ ਕਰਜ਼ਾ ਮਿਲਣਾ ਬੰਦ ਹੋ ਗਿਆ। ਅਜਿਹੇ ‘ਦਾਗ਼ੀ’ ਕਿਸਾਨਾਂ ਨੂੰ ਮੁੱਖ-ਧਾਰਾ ਵਿਚ ਲਿਆਉਣ ਲਈ ਉਨ੍ਹਾਂ ਦੇ ਕਰਜ਼ੇ ਦੇ 5630 ਕਰੋੜ ਰੁਪਏ ਵੀ ਮੁਆਫ਼ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਕੁਲ ਮਿਲਾ ਕੇ ਕਿਸਾਨਾਂ ਦਾ 36559 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਤੇ ਹੁਣ ਕਿਸਾਨ ਜਨ ਕਲਿਆਣ ਲਈ ਸਰਕਾਰ ਦੀਆਂ ਹੋਰ ਯੋਜਨਾਵਾਂ ਨਾਲ ਜੁੜ ਸਕਣਗੇ।