ਉੱਤਰੀ ਤੇ ਪੂਰਬੀ ਭਾਰਤ ਵਿੱਚ 126 ਮੈਕਡਾਨਲਡਸ ਰੈਸਟੋਰੈਂਟਸ ਅਜੇ ਤੱਕ ਵੀ ਖੁੱਲ੍ਹੇ

mc donalds
ਨਵੀਂ ਦਿੱਲੀ, 11 ਸਤੰਬਰ (ਪੋਸਟ ਬਿਊਰੋ)- ਮੈਕਡਾਨਲਡਸ ਅਤੇ ਉਨ੍ਹਾਂ ਦੇ ਸਹਿਯੋਗੀ ਵਿਕਰਮ ਬਖਸ਼ੀ ਦਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਦੌਰਾਨ ਵਿਕਰਮ ਬਖਸ਼ੀ ਨੇ ਦਾਅਵਾ ਕੀਤਾ ਹੈ ਕਿ ਉਤਰੀ ਤੇ ਪੂਰਬੀ ਭਾਰਤ ਵਿੱਚ 126 ਦੁਕਾਨਾਂ ਦਾ ਕੰਮ ਪੂਰੀ ਤਰ੍ਹਾਂ ਜਾਰੀ ਹੈ। ਅਮਰੀਕੀ ਕੰਪਨੀ ਮੈਕਡਾਨਲਡਸ ਦਾ ਕਹਿਣਾ ਹੈ ਕਿ ਉਹ ਸਮਝੌਤਾ ਰੱਦ ਕਰਨ ਦੇ ਹੁਕਮ ਦੀ ਪਾਲਣਾ ਲਈ ਕਾਰਵਾਈ ਕਰਨਗੇ।
ਗੁਰੂਗਰਾਮ, ਕੋਲਕਾਤਾ, ਦੁਰਗਾਪੁਰ ਅਤੇ ਲਖਨਊ ‘ਚ ਕਨਾਟ ਪਲਾਜ਼ਾ ਰੈਸਟੋਰੈਂਟ ਲਿਮਟਿਡ (ਸੀ ਆਰ ਪੀ ਐੱਲ) ਵੱਲੋਂ ਚਲਾਏ ਜਾਂਦੇ ਰੈਸਟੋਰੈਂਟਸ ਪਹਿਲਾਂ ਵਾਂਗ ਚੱਲ ਰਹੇ ਹਨ। ਦੱਸਣ ਯੋਗ ਹੈ ਕਿ ਸੀ ਆਰ ਪੀ ਐੱਲ ਮੈਕਡਾਨਲਡਸ ਅਤੇ ਵਿਕਰਮ ਬਖਸ਼ੀ ਦਾ ਸਾਂਝਾ ਉਦਮ ਹੈ, ਜਿਸ ਵਿੱਚ ਦੋਵਾਂ ਦੀ 50-50 ਫੀਸਦੀ ਹਿੱਸੇਦਾਰੀ ਹੈ। ਬਖਸ਼ੀ ਨੇ ਕਿਹਾ ਕਿ 43 ਰੈਸਟੋਰੈਂਟਾਂ ਨੂੰ ਛੱਡ ਕੇ ਬਾਕੀ ਸਾਰੇ ਖੁੱਲ੍ਹੇ ਹਨ ਤੇ ਉਨ੍ਹਾਂ ਦਾ ਕੰਮ ਜਾਰੀ ਹੈ। ਸੀ ਆਰ ਪੀ ਐਲ ਉਤਰੀ ਅਤੇ ਪੂਰਬੀ ਭਾਰਤ ਵਿੱਚ 169 ਰੈਸਟੋਰੈਂਟ ਚਲਾਉਂਂਦੀ ਹੈ, ਜਿਨ੍ਹਾਂ ਵਿੱਚੋਂ 43 ਨੂੰ ਜੂਨ ‘ਚ ਲਾਇਸੈਂਸ ਖਤਮ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਮੈਕਡਾਨਲਡਸ ਇੰਡੀਆ ਨੇ ਪਿਛਲੇ ਮਹੀਨੇ ਸੀ ਆਰ ਪੀ ਐੱਲ ਨਾਲ ਸਮਝੌਤਾ ਰੱਦ ਕਰਦਿਆਂ ਪੰਜ ਸਤੰਬਰ ਦੇ ਬਾਅਦ ਤੋਂ ਕੰਪਨੀ ਦਾ ਬਰਾਂਡ, ਟਰੇਡਮਾਰਕ ਅਤੇ ਉਸ ਨਾਲ ਜੁੜੀ ਬੌਧਿਕ ਜਾਇਦਾਦ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਸੀ। ਇਸ ਪਿੱਛੋਂ ਸੀ ਆਰ ਪੀ ਐੱਲ ਵੱਲੋਂ ਚੱਲਦੇ ਰੈਸਟੋਰੈਂਟਾਂ ਦੇ ਚੱਲਣ ‘ਤੇ ਸੰਕਟ ਦੇ ਬੱਦਲ ਸੰਘਣੇ ਹੋ ਗਏ ਸਨ।