ਉੱਤਰੀ ਕੋਰੀਆ ਵੱਲੋਂ ਅਮਰੀਕਾ ਨੂੰ ਇੱਕ ਹੋਰ ਚਿਤਾਵਨੀ

hydrogen bomb
ਸਿਓਲ, 12 ਸਤੰਬਰ (ਪੋਸਟ ਬਿਊਰੋ)- ਉੱਤਰੀ ਕੋਰੀਆ ਨੇ ਯੂ ਐੱਨ ਓ ਸੁਰੱਖਿਆ ਕੌਂਸਲ ਵਿੱਚ ਉਸ ਵਿਰੁੱਧ ਪਾਬੰਦੀ ਲਾਉਣ ਲਈ ਅਗਵਾਈ ਕਰਨ ‘ਤੇ ਅਮਰੀਕਾ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਅਮਰੀਕਾ ਐਟਮੀ ਪ੍ਰੀਖਣ ਨੂੰ ਸੁਰੱਖਿਆ ਕੌਂਸਲ ‘ਚ ਆਪਣੇ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ, ਜਦੋਂ ਕਿ ਇਹ ਜਾਇਜ਼ ਅਤੇ ਸਵੈ-ਸੁਰੱਖਿਆ ਉਪਾਵਾਂ ਦਾ ਹਿੱਸਾ ਹੈ। ਬੁਲਾਰੇ ਨੇ ਕਿਹਾ ਕਿ ਜੇ ਅਮਰੀਕਾ ਉੱਤਰੀ ਕੋਰੀਆ ਉੱਤੇ ਪਾਬੰਦੀ ਲਾਉਣ ਲਈ ਗੈਰ ਕਾਨੂੰਨੀ ਮਤੇ ਨੂੰ ਲਿਆਉਂਦਾ ਹੈ ਤਾਂ ਯਕੀਨੀ ਤੌਰ ‘ਤੇ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਵਰਨਣ ਯੋਗ ਹੈ ਕਿ ਅਮਰੀਕਾ ਨੇ ਉੱਤਰੀ ਕੋਰੀਆ ਉੱਤੇ ਪਾਬੰਦੀ ਲਾਉਣ ਲਈ ਇੱਕ ਮਤੇ ਉੱਤੇ ਵੋਟਾਂ ਪਾਉਣ ਲਈ ਯੂ ਐੱਨ ਸੁਰੱਖਿਆ ਕੌਂਸਲ ਨੂੰ ਬੈਠਕ ਸੱਦਣ ਦੀ ਬੇਨਤੀ ਕੀਤੀ ਸੀ। ਉਤਰੀ ਕੋਰੀਆ ਨੇ ਪਿਛਲੇ ਐਤਵਾਰ ਆਪਣੇ ਛੇਵੇਂ ਐਟਮ ਬੰਬ ਦਾ ਪ੍ਰੀਖਣ ਕੀਤਾ ਸੀ, ਪਰ ਹੋਰ ਦੇਸ਼ਾਂ ਦਾ ਕਹਿਣਾ ਹੈ ਕਿ ਉਹ ਹਾਈਡਰੋਜਨ ਬੰਬ ਸੀ। ਇਸ ਪ੍ਰੀਖਣ ਦੀ ਯੂ ਐੱਨ ਸੁਰੱਖਿਆ ਕੌਂਸਲ, ਅਮਰੀਕਾ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਨੇ ਤਿੱਖੀ ਆਲੋਚਨਾ ਕੀਤੀ ਸੀ।