ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਹੋਣ ਵਾਲੀ ਮੀਟਿੰਗ ਕੀਤੀ ਰੱਦ


ਅਮਰੀਕਾ ਨਾਲ ਹੋਣ ਵਾਲੀ ਸਿਖਰ ਵਾਰਤਾ ਵੀ ਰੱਦ ਕਰਨ ਦੀ ਦਿੱਤੀ ਧਮਕੀ
ਸਿਓਲ, 15 ਮਈ (ਪੋਸਟ ਬਿਊਰੋ) : ਸਿਓਲ ਤੇ ਅਮਰੀਕਾ ਵੱਲੋਂ ਕੀਤੀਆਂ ਜਾਣ ਵਾਲੀਆਂ ਸਾਂਝੀਆਂ ਫੌਜੀ ਮਸ਼ਕਾਂ ਦੇ ਸਬੰਧ ਵਿੱਚ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਹੋਣ ਵਾਲੀ ਉੱਚ ਪੱਧਰੀ ਮੀਟਿੰਗ ਰੱਦ ਕਰ ਦਿੱਤੀ। ਇਸ ਦੇ ਨਾਲ ਹੀ ਇਨ੍ਹਾਂ ਮਸ਼ਕਾਂ ਨੂੰ ਚੜ੍ਹਾਈ ਦੱਸਦਿਆਂ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨੇ ਧਮਕੀ ਦਿੰਦਿਆਂ ਆਖਿਆ ਕਿ ਉਹ ਅਗਲੇ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹੋਣ ਜਾ ਰਹੀ ਉੱਚ ਪੱਧਰੀ ਮੀਟਿੰਗ ਵੀ ਰੱਦ ਕਰ ਦੇਣਗੇ।
ਇਹ ਬਿਆਨ ਤੜ੍ਹਕਸਾਰ ਹੀ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਤੋਂ ਨਸ਼ਰ ਕੀਤਾ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉੱਤਰੀ ਕੋਰੀਆ ਹਰ ਤਰ੍ਹਾਂ ਦੇ ਡਿਪਲੋਮੈਟਿਕ ਸਬੰਧ ਖਤਮ ਕਰਨਾ ਚਾਹੁੰਦਾ ਹੈ ਜਾਂ ਕਿੰਮ ਤੇ ਟਰੰਪ ਦਰਮਿਆਨ 12 ਜੂਨ ਨੂੰ ਹੋਣ ਵਾਲੀ ਮੁਲਾਕਾਤ ਲਈ ਥੋੜ੍ਹਾ ਭਾਰੂ ਹੋਣਾ ਚਾਹੁੰਦਾ ਹੈ। ਇਹ ਬਿਆਨ ਉੱਤਰੀ ਕੋਰੀਆ ਦੀ ਸੈਂਟਰਲ ਨਿਊਜ਼ ਏਜੰਸੀ ਵੱਲੋਂ ਦੋਵਾਂ ਕੋਰੀਆਈ ਦੇਸ਼ਾਂ ਦੇ ਆਗੂਆਂ ਦੇ ਸਰਹੱਦੀ ਵਿਲੇਜ ਵਿੱਚ ਕੀਤੀ ਜਾਣ ਵਾਲੀ ਮੀਟਿੰਗ ਤੋਂ ਕੁੱਝ ਘੰਟੇ ਪਹਿਲਾਂ ਆਇਆ। ਇਹ ਮੁਲਾਕਾਤ ਸਰਹੱਦੀ ਤਣਾਅ ਨੂੰ ਘੱਟ ਕਰਨ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਹੋਰ ਸੁਧਾਰ ਕਰਨ ਲਈ ਪਿੱਛੇ ਜਿਹੇ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰਨ ਲਈ ਕੀਤੀ ਜਾਣੀ ਸੀ।
ਉੱਤਰੀ ਕੋਰੀਆ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਸੋਮਵਾਰ ਤੋਂ ਸੁ਼ਰੂ ਹੋਈਆਂ ਮੈਕਸ ਥੰਡਰ ਫੌਜੀ ਮਸ਼ਕਾਂ ਦੌਰਾਨ 100 ਜਹਾਜ਼ਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਤਾਂ ਫੌਜ ਨੂੰ ਭੜਕਾਉਣ ਵਾਲੀ ਹੀ ਗੱਲ ਹੈ ਤੇ ਜ਼ਾਹਰਾ ਤੌਰ ਉੱਤੇ ਸਾਨੂੰ ਦਿੱਤੀ ਜਾ ਰਹੀ ਚੁਣੌਤੀ ਹੈ। ਕੇਸੀਐਨਏ ਨੇ ਆਖਿਆ ਕਿ ਅਮਰੀਕਾ ਵੱਲੋਂ ਇਨ੍ਹਾਂ ਫੌਜੀ ਮਸ਼ਕਾਂ ਵਿੱਚ ਨਿਊਕਲੀਅਰ ਸਮਰੱਥਾ ਵਾਲੇ ਬੀ-52 ਲੜਾਕੂ ਜਹਾਜ਼ ਤੇ ਐਫ 22 ਲੜਾਕੂ ਜਹਾਜ਼ ਵੀ ਸ਼ਾਮਲ ਕੀਤੇ ਗਏ ਹਨ।
ਉੱਤਰੀ ਕੋਰੀਆ ਵੱਲੋਂ ਇਹ ਵੀ ਆਖਿਆ ਗਿਆ ਕਿ ਅਮਰੀਕਾ ਦੋਵਾਂ ਮੁਲਕਾਂ ਵਿਚਾਲੇ ਹੋਣ ਵਾਲੀ ਸਿਖਰ ਵਾਰਤਾ ਬਾਰੇ ਚੰਗੀ ਤਰ੍ਹਾਂ ਵਿਚਾਰ ਕਰ ਲਵੇ। ਇਸ ਸਮੇਂ ਤਾਂ ਦੱਖਣੀ ਕੋਰੀਆ ਨਾਲ ਰਲ ਕੇ ਅਮਰੀਕਾ ਸਾਨੂੰ ਭੜਕਾਉਣ ਦੀ ਕੋਸਿ਼ਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਬਰੀਕੀ ਨਾਲ ਨਜ਼ਰ ਰੱਖ ਰਹੇ ਹਾਂ ਕਿ ਅਮਰੀਕੀ ਤੇ ਦੱਖਣੀ ਕੋਰੀਆਈ ਅਧਿਕਾਰੀ ਇਸ ਉੱਤੇ ਕਿਸ ਤਰ੍ਹਾਂ ਪ੍ਰਤੀਕਿਰਿਆ ਕਰਦੇ ਹਨ।
ਇਸ ਦੌਰਾਨ ਵਾਸਿ਼ੰਗਟਨ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਉੱਤੇ ਜੋ਼ਰ ਦਿੱਤਾ ਕਿ ਕਿੰਮ ਨੇ ਪਹਿਲਾਂ ਇਹ ਸੰਕੇਤ ਦਿੱਤਾ ਸੀ ਕਿ ਸਮੇਂ ਦੀ ਮੰਗ ਨੂੰ ਵੇਖਦਿਆਂ ਹੋਇਆਂ ਉਹ ਅਜਿਹੀਆਂ ਮਸ਼ਕਾਂ ਦੀ ਲੋੜ ਨੂੰ ਸਮਝਦੇ ਹਨ ਤੇ ਉਹ ਦੱਖਣੀ ਕੋਰੀਆ ਵਿੱਚ ਅਮਰੀਕਾ ਦੇ ਸਹਿਯੋਗ ਨਾਲ ਕੀਤੀਆਂ ਜਾ ਰਹੀਆਂ ਫੌਜੀ ਮਸ਼ਕਾਂ ਦਾ ਮਕਸਦ ਵੀ ਸਮਝਦੇ ਹਨ। ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਹੈਦਰ ਨਾਓਰਟ ਨੇ ਆਖਿਆ ਕਿ ਅਮਰੀਕਾ ਨੂੰ ਨਾ ਤਾਂ ਉੱਤਰੀ ਕੋਰੀਆ ਤੇ ਨਾ ਹੀ ਦੱਖਣੀ ਕੋਰੀਆ ਵੱਲੋਂ ਸਿੱਧੇ ਤੌਰ ਉੱਤੇ ਅਜਿਹਾ ਕੋਈ ਸੁਨੇਹਾ ਦਿੱਤਾ ਗਿਆ ਹੈ। ਇਸ ਲਈ ਅਸੀਂ ਰਾਸ਼ਟਰਪਤੀ ਟਰੰਪ ਤੇ ਕਿੰਮ ਜੌਂਗ ਉਨ ਦਰਮਿਆਨ ਹੋਣ ਵਾਲੀ ਮੁਲਾਕਾਤ ਦੀ ਤਿਆਰੀ ਜਾਰੀ ਰੱਖਾਂਗੇ।