ਉੱਤਰੀ ਕੋਰੀਆ ਨਿਸ਼ਸਤਰੀਕਰਨ ਲਈ ਹੋਇਆ ਰਾਜ਼ੀ : ਟਰੰਪ


ਵੈਸਟ ਪਾਮ ਬੀਚ, ਫਲੋਰਿਡਾ, 22 ਅਪਰੈਲ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ ਕਿ ਉੱਤਰੀ ਕੋਰੀਆ ਪ੍ਰਮਾਣੂ ਨਿਸ਼ਸਤਰੀਕਰਨ ਲਈ ਰਾਜ਼ੀ ਹੋ ਗਿਆ ਹੈ। ਟਰੰਪ ਨੇ ਇਹ ਦਾਅਵਾ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਕਰ ਦਿੱਤਾ। ਪਰ ਮਾਮਲਾ ਅਜਿਹਾ ਨਹੀਂ ਹੈ।
ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਇਹ ਆਖਿਆ ਸੀ ਕਿ ਉਹ ਅਮਰੀਕਾ ਤੇ ਦੱਖਣੀ ਕੋਰੀਆ ਨਾਲ ਵਾਰਤਾ ਤੋਂ ਪਹਿਲਾਂ ਪ੍ਰਮਾਣੂ ਪ੍ਰੀਖਣ ਤੇ ਇੰਟਰਕਾਂਟੀਨੈਂਟਲ ਬਾਲਿਸਟਿਕ ਮਿਜ਼ਾਈਲ ਲਾਂਚਿਜ਼ ਨੂੰ ਮੁਲਤਵੀ ਕਰ ਦੇਵੇਗਾ। ਕਿੰਮ ਨੇ ਇਹ ਵੀ ਆਖਿਆ ਸੀ ਕਿ ਪ੍ਰਮਾਣੂ ਸਾਈਟ ਬੰਦ ਕਰ ਦਿੱਤੀ ਜਾਵੇਗੀ ਤੇ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਸਾਡਾ ਦੇਸ਼ ਪ੍ਰਮਾਣੂ ਹਥਿਆਰ ਬਣਾਉਣਾ ਤੇ ਬਾਲਿਸਟਿਕ ਰਾਕੇਟਸ ਰਾਹੀਂ ਇਨ੍ਹਾਂ ਨੂੰ ਦਾਗਣਾ ਸਿੱਖ ਚੁੱਕਿਆ ਹੈ।
ਪਰ ਉੱਤਰੀ ਕੋਰੀਆ ਨੇ ਇਹ ਕਿਤੇ ਨਹੀਂ ਆਖਿਆ ਕਿ ਆਪਣੇ ਪ੍ਰਮਾਣੂ ਹਥਿਆਰਾਂ ਤੋਂ ਖਹਿੜਾ ਛੁਡਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਹੈ। ਕਿੰਮ ਨੇ ਸਗੋਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਪ੍ਰਮਾਣੂ ਹਥਿਆਰ ਉਨ੍ਹਾਂ ਲਈ ਕੀਮਤੀ ਤਲਵਾਰ ਵਾਂਗ ਹਨ। ਇਸ ਦੇ ਬਾਵਜੂਦ ਟਰੰਪ ਨੇ ਐਤਵਾਰ ਨੂੰ ਇਹ ਆਖਿਆ ਕਿ ਉੱਤਰੀ ਕੋਰੀਆ ਨਿਸ਼ਸਤਰੀਕਰਨ ਲਈ ਰਾਜ਼ੀ ਹੋ ਗਿਆ ਹੈ ਤੇ ਉਹ ਆਪਣੀਆਂ ਪ੍ਰਮਾਣੂ ਸਾਈਟਸ ਬੰਦ ਕਰ ਦੇਵੇਗਾ ਤੇ ਹੋਰ ਪ੍ਰੀਖਣ ਨਹੀਂ ਕਰੇਗਾ। ਇਹ ਦੁਨੀਆ ਲਈ ਕਿੰਨਾਂ ਚੰਗਾ ਹੋਵੇਗਾ।