ਉੱਤਰੀ ਕੋਰੀਆ ਨਾਲ ਸਬੰਧ ਸੁਖਾਵੇਂ ਬਣਾਉਣ ਦੀ ਟਰੰਪ ਦੀ ਕੋਸਿ਼ਸ਼ ਦਾ ਟਰੂਡੋ ਵੱਲੋਂ ਸਵਾਗਤ


ਓਟਵਾ, 12 ਜੂਨ (ਪੋਸਟ ਬਿਊਰੋ) : ਹੁਣ ਕੈਨੇਡਾ ਜਦੋਂ ਅਮਰੀਕਾ ਨਾਲ ਟਰੇਡ ਜੰਗ ਛਿੜਨ ਦੇ ਕੰਢੇ ਉੱਤੇ ਹੈ, ਅਜਿਹੇ ਵਿੱਚ ਟਰੂਡੋ ਸਰਕਾਰ ਨੇ ਵੀ ਆਪਣਾ ਮੋਟੋ ਬ੍ਰਿਟਿਸ਼ ਵਾਂਗ ਅਪਨਾ ਲਿਆ ਹੈ ਜਿਹੜਾ ਉਨ੍ਹਾਂ ਦੂਜੀ ਵਿਸ਼ਵ ਜੰਗ ਮੌਕੇ ਅਪਨਾਇਆ ਸੀ ਕਿ ਸ਼ਾਂਤ ਰਹੋ ਤੇ ਲੱਗੇ ਰਹੋ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਮੰਗਲਵਾਰ ਨੂੰ ਜਦੋਂ ਜਸਟਿਨ ਟਰੂਡੋ ਉੱਤੇ ਨਿਸ਼ਾਨੇ ਸਾਧ ਰਹੇ ਸਨ ਤੇ ਕੈਨੇਡੀਅਨ ਡੇਅਰੀ ਸਨਅਤ ਖਿਲਾਫ ਬੋਲ ਰਹੇ ਸਨ ਅਤੇ ਪ੍ਰਧਾਨ ਮੰਤਰੀ ਦੀ ਕਥਿਤ ਗੁਸਤਾਖ਼ੀ ਦਾ ਖਮਿਆਜਾ ਕੈਨੇਡੀਅਨ ਨੂੰ ਵੱਧ ਕੀਮਤ ਚੁਕਾ ਕੇ ਭਰਨ ਦੀ ਧਮਕੀ ਦੇ ਰਹੇ ਸਨ ਤਾਂ ਟਰੂਡੋ ਵੱਲੋਂ ਸ਼ਾਂਤ ਚਿੱਤ ਨਾਲ ਉਕਤ ਬਿਆਨ ਦਿੱਤਾ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰੂਡੋ ਤੇ ਉਨ੍ਹਾਂ ਦੇ ਮੰਤਰੀ ਇਹੋ ਜਿਹੀ ਕੋਈ ਗੱਲ ਨਹੀਂ ਆਖਣੀ ਚਾਹੁੰਦੇ ਜਿਸ ਨਾਲ ਟਰੰਪ ਦਾ ਗੁੱਸਾ ਹੋਰ ਭੜਕੇ। ਉਨ੍ਹਾਂ ਨੂੰ ਆਸ ਹੈ ਕਿ ਉੱਤਰੀ ਕੋਰੀਆਈ ਹਾਕਮ ਕਿੰਮ ਜੌਂਗ ਉਨ ਨਾਲ ਇਤਿਹਾਸਕ ਸਿਖਰ ਵਾਰਤਾ ਮੁੱਕਣ ਤੋਂ ਬਾਅਦ ਇਹ ਵੀ ਖਤਮ ਹੋ ਜਾਵੇਗਾ।
ਇਸ ਦੇ ਨਾਲ ਹੀ ਉਹ ਚੁੱਪ ਚਪੀਤਿਆਂ ਅਮਰੀਕਾ ਨਾਲ ਸਬੰਧ ਆਮ ਵਾਂਗ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕੀ ਅਧਿਕਾਰੀਆਂ ਨਾਲ ਸੰਚਾਰ ਸਬੰਧੀ ਲਾਈਨਾਂ ਖੁੱਲ੍ਹੀਆਂ ਰੱਖੀਆਂ ਜਾ ਰਹੀਆਂ ਹਨ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ, ਜੋ ਕਿ ਬੁੱਧਵਾਰ ਤੇ ਵੀਰਵਾਰ ਨੂੰ ਵਾਸਿੰ਼ਗਟਨ ਵਿੱਚ ਹੋਵੇਗੀ, ਨਾਫਟਾ ਦੇ ਆਧੁਨੀਕੀਕਰਨ ਸਬੰਧੀ ਅਮਰੀਕਾ ਦੇ ਟਰੇਡ ਜ਼ਾਰ ਰੌਬਰਟ ਲਾਈਥਜ਼ਰ ਨਾਲ ਮੁਲਾਕਾਤ ਦੀ ਆਸ ਕਰ ਰਹੀ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਵੀ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਸਟੀਵ ਨੁਚਿਨ ਨਾਲ ਇਸ ਹਫਤੇ ਵਾਸਿ਼ੰਗਟਨ ਵਿੱਚ ਮੁਲਾਕਾਤ ਕਰਨ ਬਾਰੇ ਸੋਚ ਰਹੇ ਹਨ।
ਇੱਥੇ ਹੀ ਬੱਸ ਨਹੀਂ ਟਰੂਡੋ ਨੇ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਟਰੰਪ ਦੀ ਕੋਸਿ਼ਸ਼ ਦਾ ਸਵਾਗਤ ਕੀਤਾ ਪਰ ਰਾਸ਼ਟਰਪਤੀ ਵੱਲੋਂ ਕੈਨੇਡਾ ਤੇ ਉਨ੍ਹਾਂ ਖਿਲਾਫ ਉਗਲੇ ਜਾ ਰਹੇ ਜ਼ਹਿਰ ਬਾਰੇ ਉਹ ਚੁੱਪ ਰਹੇ। ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜਿੰਮ ਕਾਰਲ ਨੇ ਆਖਿਆ ਕਿ ਅਮਰੀਕਾ ਨਾਲ ਚੰਗੇ ਸਬੰਧ ਕਾਇਮ ਕਰਨ ਲਈ ਕੈਨੇਡਾ ਨੇ ਕਈ ਦਹਾਕਿਆਂ ਤੱਕ ਕਾਫੀ ਸਖ਼ਤ ਮਿਹਨਤ ਕੀਤੀ ਹੈ ਤੇ ਸਾਨੂੰ ਹੁਣ ਬਲਦੀ ਵਿੱਚ ਤੇਲ ਪਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕੌਮਾਂਤਰੀ ਟਰੇਡ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਨੇ ਵੀ ਆਖਿਆ ਕਿ ਅਸੀਂ ਕੈਨੇਡੀਅਨ ਢੰਗ ਨਾਲ ਡਿਪਲੋਮੇਸੀ ਜਾਰੀ ਰੱਖਾਂਗੇ।