ਉੱਤਰੀ ਕੋਰੀਆ ਦੇ ਪੱਖ ਵਿੱਚ ਟਰੰਪ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਏਸ਼ੀਆਈ ਭਾਈਵਾਲ ਬੇਚੈਨ

ਸਿਓਲ, 14 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਊ ਵੱਲੋਂ ਇੱਕ ਪਾਸੇ ਉੱਘੇ ਦੱਖਣੀ ਕੋਰੀਆਈ ਤੇ ਜਪਾਨੀ ਡਿਪਲੋਮੈਟਸ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਨਾਲ ਸਿਖਰ ਵਾਰਤਾ ਮਗਰੋਂ ਟਰੰਪ ਵੱਲੋਂ ਹੁਣ ਉੱਤਰੀ ਕੋਰੀਆ ਦੇ ਪੱਖ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਨਾਲ ਟੋਕੀਓ ਤੋਂ ਲੈ ਕੇ ਸਿਓਲ ਤੱਕ ਬੈਚੈਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ।
ਪੌਂਪੀਊ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਵੱਲੋਂ ਉੱਤਰੀ ਕੋਰੀਆ ਦਾ ਪ੍ਰਮਾਣੂ ਖਤਰਾ ਟਲਣ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਹੈ ਉਹ ਪੂਰੀ ਤਰ੍ਹਾਂ ਸੋਚ ਸਮਝ ਕੇ ਦਿੱਤਾ ਗਿਆ ਹੈ। ਉੱਤਰੀ ਕੋਰੀਆ ਦੇ ਮੀਡੀਆ ਵਿੱਚ ਚੱਲ ਰਹੀ ਇਸ ਚਰਚਾ ਨੂੰ ਵੀ ਪੌਂਪੀਊ ਨੇ ਅਣਗੌਲਿਆਂ ਕਰ ਦਿੱਤਾ ਕਿ ਪ੍ਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਖਹਿੜਾ ਛੁਡਾਏ ਬਿਨਾਂ ਹੀ ਉਨ੍ਹਾਂ ਤੋਂ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਦੱਖਣੀ ਕੋਰੀਆ ਦੀ ਰਾਜਧਾਨੀ ਵਿੱਚ ਪੌਂਪੀਊ ਨੇ ਆਖਿਆ ਕਿ ਅਸੀਂ ਉੱਤਰੀ ਕੋਰੀਆ ਵਿੱਚ ਪੂਰਨ ਨਿਸ਼ਸਤਰੀਕਰਨ ਵੱਲ ਵੱਧ ਰਹੇ ਹਾਂ। ਇਸ ਤੋਂ ਬਾਅਦ ਹੀ ਪਾਬੰਦੀਆਂ ਹਟਾਈਆਂ ਜਾਣਗੀਆਂ।
ਪੌਂਪੀਊ ਨੇ ਆਪਣੇ ਏਸ਼ੀਆਈ ਭਾਈਵਾਲਾਂ ਵਿੱਚ ਪਾਈ ਜਾ ਰਹੀ ਬੇਚੈਨੀ ਨੂੰ ਸ਼ਾਂਤ ਕਰਨ ਲਈ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ਜੇ ਉੱਤਰੀ ਕੋਰੀਆਈ ਆਗੂ ਆਪਣੇ ਵਾਅਦਿਆਂ ਉੱਤੇ ਖਰੇ ਨਹੀਂ ਉਤਰਨਗੇ ਤਾਂ ਮੁੜ ਜੰਗ ਵਾਲਾ ਮਾਹੌਲ ਬਣਨ ਵਿੱਚ ਦੇਰ ਨਹੀਂ ਲੱਗੇਗੀ।