ਉੱਤਰੀ ਕੋਰੀਆ ਦੇ ਪ੍ਰਮਾਣੂ ਮੰਤਵਾਂ ਉੱਤੇ ਅਮਰੀਕਾ ਨੇ ਅਪਣਾਇਆ ਸਖ਼ਤ ਰੁਖ਼

mike-pence3.jpg.size.custom.crop.850x550ਪੈਨਮੁਨਜੌਮ, ਦੱਖਣੀ ਕੋਰੀਆ, 17 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਵਾੲ੍ਹੀਟ ਹਾਊਸ ਨੇ ਉੱਤਰੀ ਕੋਰੀਆ ਤੇ ਉਸ ਦੇ ਪ੍ਰਮਾਣੂ ਮੰਤਵਾਂ ਉੱਤੇ ਸਖ਼ਤ ਰੁਖ ਅਪਣਾਇਆ। ਰਾਸ਼ਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਕਿੰਮ ਜੌਂਗ ਉਨ ਨੂੰ ਬਚਕਾਨੀਆਂ ਹਰਕਤਾਂ ਛੱਡ ਕੇ ਦੁਨੀਆਂ ਵਿੱਚ ਵਿਚਰਨਾ ਸਿੱਖਣਾ ਹੋਵੇਗਾ। ਇਸੇ ਦੌਰਾਨ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿੰਮ ਨੂੰ ਸਲਾਹ ਦਿੱਤੀ ਕਿ ਉਹ ਅਮਰੀਕਾ ਦੇ ਸਬਰ ਦਾ ਇਮਤਿਹਾਨ ਨਾ ਲਵੇ ਤੇ ਉਨ੍ਹਾਂ ਦੀ ਫੌਜੀ ਤਾਕਤ ਨੂੰ ਪਰਖਣ ਦੀ ਕੋਤਾਹੀ ਤਾਂ ਕਦੇ ਵੀ ਨਾ ਕਰੇ।
ਵਾਸਿੰ਼ਗਟਨ ਤੋਂ ਟਰੰਪ ਤੇ ਪੈਂਸ ਨੇ ਉੱਤਰੀ ਤੇ ਦੱਖਣੀ ਕੋਰੀਆ ਦਰਮਿਆਨ ਤਣਾਅ ਭਰਪੂਰ ਗੈਰਫੌਜੀਕਰਨ ਵਾਲੀ ਜੋ਼ਨ (ਡੀਐਮਜੈੱਡ) ਤੋਂ ਉੱਤਰੀ ਕੋਰੀਆ ਦੀਆਂ ਤਾਜ਼ਾ ਗਤੀਵਿਧੀਆਂ ਤੇ ਧਮਕੀਆਂ ਪ੍ਰਤੀ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ। ਪਰ ਅੱਗੇ ਕੀ ਹੋਣ ਵਾਲਾ ਹੈ ਇਸ ਬਾਰੇ ਕੋਈ ਕਿਆਸਅਰਾਈਆਂ ਨਹੀਂ ਲਾਈਆਂ ਜਾ ਰਹੀਆਂ। ਇੱਥੇ ਟਰੰਪ ਦੀ ਰਣਨੀਤੀ ਵੀ ਕਾਫੀ ਹੱਦ ਤੱਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਰਗੀ ਹੀ ਹੈ।
ਡੀਐਮਜ਼ੈੱਡ ਦਾ ਮੁਆਇਨਾ ਕਰਨ ਗਏ ਪੈਂਸ ਨੇ ਪਯੌਂਗਯੈਂਗ ਨੂੰ ਚੇਤਾਵਨੀ ਦਿੱਤੀ ਕਿ ਕਈ ਸਾਲਾਂ ਤੋਂ ਉੱਤਰੀ ਕੋਰੀਆ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਬਰ ਦਾ ਇਮਤਿਹਾਨ ਲੈਂਦਾ ਆ ਰਿਹਾ ਹੈ ਤੇ ਪ੍ਰਮਾਣੂ ਹਮਲੇ ਕਰਨ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ। ਪਰ ਹੁਣ ਸਾਡਾ ਸਬਰ ਮੁੱਕ ਚੁੱਕਿਆ ਹੈ। ਦੱਖਣੀ ਕੋਰੀਆ ਦੇ ਕਾਰਜਕਾਰੀ ਪ੍ਰੈਜ਼ੀਡੈਂਟ ਹਵਾਂਗ ਕਿਓ-ਆਹਨ ਨਾਲ ਮੌਕੇ ਦਾ ਮੁਆਇਨਾ ਕਰਦੇ ਸਮੇਂ ਪੈਂਸ ਨੇ ਉੱਤਰੀ ਕੋਰੀਆ ਨੂੰ ਇੱਕ ਤਰ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਸੀਰੀਆ ਤੇ ਅਫਗਾਨਿਸਤਾਨ ਵਿੱਚ ਅਮਰੀਕਾ ਵੱਲੋਂ ਕੀਤੀ ਗਈ ਤਾਜ਼ਾ ਕਾਰਵਾਈ ਤੋਂ ਬਾਅਦ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਨਵਾਂ ਅਮਰੀਕੀ ਪ੍ਰਸ਼ਾਸਨ ਉੱਤਰੀ ਕੋਰੀਆ ਖਿਲਾਫ ਕਾਰਵਾਈ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਪੈਂਸ ਨੇ ਏਸ਼ੀਆ ਦੇ ਆਪਣੇ ਦਸ ਰੋਜ਼ਾ ਦੌਰੇ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਇਸ ਖਿੱਤੇ ਵਿੱਚ ਹਥਿਆਰਬੰਦ ਅਮਰੀਕੀ ਫੌਜਾਂ ਦੀ ਤਾਕਤ ਅਜ਼ਮਾਉਣ ਦੀ ਉੱਤਰੀ ਕੋਰੀਆ ਨੂੰ ਕਦੇ ਭੁੱਲ ਕੇ ਵੀ ਗਲਤੀ ਨਹੀਂ ਕਰਨੀ ਚਾਹੀਦੀ। ਦੂਜੇ ਪਾਸੇ ਉਨ੍ਹਾਂ ਆਖਿਆ ਕਿ ਅਮਰੀਕਾ ਸ਼ਾਂਤਮਈ ਢੰਗ ਤਰੀਕਿਆਂ ਤੇ ਗੱਲਬਾਤ ਰਾਹੀਂ ਇਹ ਮਸਲਾ ਹੱਲ ਕਰਨਾ ਚਾਹੁੰਦਾ ਹੈ ਤੇ ਇਸ ਖਿੱਤੇ ਵਿੱਚ ਸ਼ਾਂਤੀ ਬਹਾਲ ਰੱਖਣੀ ਚਾਹੁੰਦਾ ਹੈ।
ਇਸੇ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਉੱਤਰੀ ਕੋਰੀਆ ਦੇ ਸਫੀਰ ਨੇ ਅਮਰੀਕਾ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਕੋਰੀਆਈ ਪ੍ਰਾਇਦੀਪ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਲਿਆ ਖੜ੍ਹਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਅਮਰੀਕਾ ਨੇ ਇੱਥੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਕਿਸੇ ਵੀ ਸਮੇਂ ਇੱਥੇ ਜੰਗ ਲੱਗ ਸਕਦੀ ਹੈ। ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਮ ਇਨ ਰਯੌਂਗ ਨੇ ਆਖਿਆ ਕਿ ਅਮਰੀਕਾ ਤੇ ਦੱਖਣੀ ਕੋਰੀਆ ਵੱਲੋਂ ਕੀਤੀਆਂ ਜਾ ਰਹੀਆਂ ਫੌਜੀ ਮਸ਼ਕਾਂ ਜੰਗੀ ਅਭਿਆਸ ਹੀ ਲੱਗਦੀਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉੱਤਰੀ ਕੋਰੀਆ ਦੀ ਪ੍ਰਮਾਣੂ ਤਾਕਤ ਖੁਦ ਦਾ ਬਚਾਅ ਕਰਨ ਲਈ ਹੈ ਤੇ ਇਹ ਅਮਰੀਕਾ ਵੱਲੋਂ ਪ੍ਰਮਾਣੂ ਹਮਲਾ ਕਰਨ ਜਾਂ ਬਲੈਕਮੇਲ ਕੀਤੇ ਜਾਣ ਦੀ ਸੂਰਤ ਵਿੱਚ ਆਪਣੀ ਰੱਖਿਆ ਵਾਸਤੇ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਹਰ ਤਰ੍ਹਾਂ ਦੇ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।