ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਕਾਰਨ ਅਮਰੀਕਾ ਪਿਆ ਦੁਚਿੱਤੀ ’ਚ

2
ਸਿਓਲ, 4 ਸਤੰਬਰ (ਪੋਸਟ ਬਿਊਰੋ) : ਐਤਵਾਰ ਨੂੰ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਛੇਵੇਂ ਪ੍ਰਮਾਣੂ ਬੰਬ ਪ੍ਰੀਖਣ ਦੇ ਸਬੰਧ ਵਿੱਚ ਟਰੰਪ ਪ੍ਰਸ਼ਾਸਨ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਜਾਂ ਉਸ ਦੇ ਭਾਈਵਾਲਾਂ ਖਿਲਾਫ ਇਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਨ ਬਾਰੇ ਜੇ ਗਲਤੀ ਨਾਲ ਵੀ ਉੱਤਰੀ ਕੋਰੀਆ ਸੋਚਦਾ ਹੈ ਤਾਂ ਉਸ ਦਾ ਜਵਾਬ ਫੌਜੀ ਕਾਰਵਾਈ ਨਾਲ ਦਿੱਤਾ ਜਾਵੇਗਾ।
ਇਸ ਤਰ੍ਹਾਂ ਦੇ ਪ੍ਰੀਖਣ ਤੇ ਵਾੲ੍ਹੀਟ ਹਾਊਸ ਦੀ ਇਸ ਫਟਕਾਰ ਨਾਲ ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਆਖਿਰਕਾਰ ਰਾਸ਼ਟਰਪਤੀ ਦੀ ਉੱਤਰੀ ਕੋਰੀਆ ਬਾਰੇ ਰਣਨੀਤੀ ਕੀ ਹੈ। ਇਸ ਨਾਲ ਅਮਰੀਕਾ ਦੇ ਅਹਿਮ ਭਾਈਵਾਲ ਦੱਖਣੀ ਕੋਰੀਆ ਨਾਲ ਨਵਾਂ ਪਾੜਾ ਸਾਹਮਣੇ ਆਇਆ ਹੈ। ਉੱਤਰੀ ਕੋਰੀਆ ਵੱਲੋਂ ਤਾਜ਼ਾ ਪ੍ਰੀਖਣ ਨੂੰ ਸਫਲ ਦੱਸਿਆ ਗਿਆ ਸੀ ਤੇ ਇਹ ਵੀ ਆਖਿਆ ਗਿਆ ਸੀ ਕਿ ਇਹ ਦੇਸ਼ ਵੱਲੋਂ ਹੁਣ ਤੱਕ ਕੀਤਾ ਗਿਆ ਸੱਭ ਤੋਂ ਤਾਕਤਵਰ ਪ੍ਰੀਖਣ ਸੀ। ਅਜੇ ਤੱਕ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਆਪਣੇ ਦਾਅਵਿਆਂ ਅਨੁਸਾਰ ਉੱਤਰੀ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਹੀ ਪ੍ਰੀਖਣ ਕੀਤਾ ਸੀ ਪਰ ਇਸ ਨਾਲ ਦੱਖਣੀ ਕੋਰੀਆ ਤੇ ਚੀਨ ਵਿੱਚ ਭੂਚਾਲ ਦੇ ਝਟਕੇ ਜ਼ਰੂਰ ਮਹਿਸੂਸ ਕੀਤੇ ਗਏ।
ਮਾਹਿਰਾਂ ਦਾ ਵੀ ਇਹ ਕਹਿਣਾ ਹੈ ਕਿ ਉੱਤਰੀ ਕੋਰੀਆ ਵੱਲੋਂ ਪਹਿਲਾਂ ਕੀਤੇ ਗਏ ਪ੍ਰੀਖਣਾਂ ਨਾਲੋਂ ਇਹ ਧਮਾਕਾ 16 ਗੁਣਾਂ ਵੱਧ ਸ਼ਕਤੀਸਾਲੀ ਸੀ। ਇਸ ਦੀ ਤਾਕਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਦੂਜੀ ਵਿਸ਼ਵ ਜੰਗ ਸਮੇਂ ਜਾਪਾਨ ਦੇ ਸ਼ਹਿਰਾਂ ਹਿਰੋਸਿ਼ਮਾ ਤੇ ਨਾਗਾਸਾਕੀ ਉੱਤੇ ਸੁੱਟੇ ਗਏ ਬੰਬ ਦੀ ਤਾਕਤ ਤੋਂ ਵੀ ਹਜ਼ਾਰ ਗੁਣਾਂ ਵੱਧ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਟਰੰਪ ਤੇ ਉਸ ਦੇ ਸਲਾਹਕਾਰਾਂ ਵੱਲੋਂ ਦਿਨ ਭਰ ਕੀਤੀਆਂ ਗਈਆਂ ਮੁਲਾਕਾਤਾਂ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ੰਜ਼ੋ ਆਬੇ ਨਾਲ ਫੋਨ ਉੱਤੇ ਦੋ ਵਾਰੀ ਕੀਤੀ ਗੱਲਬਾਤ ਮਗਰੋਂ ਉੱਤਰੀ ਕੋਰੀਆ ਖਿਲਾਫ ਪਾਬੰਦੀਆਂ ਹੋਰ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਹੋਰਨਾਂ ਮੁਲਕਾਂ ਤੇ ਕੁੱਝ ਲਿਬਰਲ ਡੈਮੋਕ੍ਰੈਟਸ ਵੱਲੋਂ ਉੱਤਰੀ ਕੋਰੀਆ ਦੀਆਂ ਊਰਜਾ ਸਬੰਧੀ ਸਪਲਾਈਜ਼ ਵਿੱਚ ਕਟੌਤੀ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ।