ਉੱਤਰੀ ਕੋਰੀਆ ਦੇ ਏਜੰਡੇ ਸਮੇਤ ਡੋਨਾਲਡ ਟਰੰਪ ਜਾਪਾਨ ਪਹੁੰਚੇ


* ਏਸ਼ੀਆ ਦਾ ਕਈ ਦਿਨ ਲੰਮਾ ਦੌਰਾ ਸ਼ੁਰੂ
ਟੋਕੀਓ, 5 ਨਵੰਬਰ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ 12 ਦਿਨਾਂ ਦੇ ਏਸ਼ੀਆ ਦੌਰੇ ਦੇ ਦੌਰਾਨ ਪਹਿਲੇ ਪੜਾਅ ਵਿੱਚ ਜਾਪਾਨ ਪਹੁੰਚ ਗਏ ਹਨ। ਉਨ੍ਹਾਂ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਇੱਥੇ ਇੱਕ ਦਿਨ ਪਹਿਲਾਂ ਹੀ ਪਹੁੰਚ ਗਈ ਸੀ ਅਤੇ ਉਹ ਟਰੰਪ ਦੇ ਨਾਲ ਰਹੇਗੀ।
ਸਾਲ 1992 ਦੇ ਬਾਅਦ ਕੋਈ ਅਮਰੀਕੀ ਰਾਸ਼ਟਰਪਤੀ ਏਸ਼ੀਆਈ ਦੌਰੇ ਉੱਤੇ ਏਨੇ ਦਿਨਾਂ ਲਈ ਨਹੀਂ ਆਇਆ। ਡੋਨਾਲਡ ਟਰੰਪ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਏਸ਼ੀਆ ਦਾ 12 ਦਿਨ ਦੌਰਾ ਕੀਤਾ ਸੀ। ਟਰੰਪ ਦੇ ਦੌਰੇ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਦੌਰੇ ਵਿੱਚ ਉੱਤਰ ਕੋਰੀਆ ਤੇ ਵਪਾਰ ਦੋਵੇਂ ਏਜੰਡੇ ਮੁੱਖ ਹਨ। ਜਾਪਾਨ ਤੋਂ ਬਾਅਦ ਡੋਨਾਲਡ ਟਰੰਪ 7 ਨਵੰਬਰ ਨੂੰ ਦੱਖਣੀ ਕੋਰੀਆ, 8 ਨਵੰਬਰ ਨੂੰ ਚੀਨ, 10 ਨਵੰਬਰ ਨੂੰ ਵੀਅਤਨਾਮ ਅਤੇ 12 ਨਵੰਬਰ ਨੂੰ ਫਿਲੀਪੀਨਸ ਜਾਣਗੇ। ਉਨ੍ਹਾਂ ਨਾਲ ਇਸ ਦੌਰੇ ਵਿੱਚ ਕੁੱਝ ਵੱਡੀ ਕੰਪਨੀਆਂ ਦੇ ਸੀ ਈ ਓ ਚੱਲ ਰਹੇ ਹਨ।
ਟਰੰਪ ਦੇ ਇਸ ਰੂਟ ਵਾਲੇ ਦੇਸ਼ਾਂ ਵਿੱਚੋਂ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਬੇਹੱਦ ਖਾਸ ਹਨ। ਚੀਨ ਅਤੇ ਦੱਖਣ ਕੋਰੀਆ ਦੀ ਸਰਹੱਦ ਉੱਤਰੀ ਕੋਰੀਆ ਨਾਲ ਲੱਗਦੀ ਹੈ ਅਤੇ ਜਾਪਾਨ ਨਾਲ ਉਸਦੀ ਸਮੁੰਦਰੀ ਸੀਮਾ ਲੱਗਦੀ ਹੈ। ਪਿਛਲੇ ਸਮੇਂ ਤੋਂ ਬਣੇ ਹੋਏ ਤਨਾਅ ਦੇ ਬਾਅਦ ਉੱਤਰੀ ਕੋਰੀਆ ਵੱਲੋਂ ਸਭ ਤੋਂ ਵੱਡਾ ਖ਼ਤਰਾ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਹੈ। ਇਨ੍ਹਾਂ ਤਿੰਨ ਦੇਸ਼ਾਂ ਦੀ ਯਾਤਰਾ ਦੌਰਾਨ ਟਰੰਪ ਜਦੋਂ ਉੱਤਰ ਕੋਰੀਆ ਨੂੰ ਚਿਤਾਵਨੀ ਦੇਵੇਗਾ, ਓਦੋਂ ਇਨ੍ਹਾਂ ਦੇਸ਼ਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਭਰੋਸਾ ਪੇਸ਼ ਕਰ ਸਕਦਾ ਹੈ।
ਜਾਪਾਨ ਲਈ ਦੌਰਾ ਸ਼ੁਰੂ ਕਰਨ ਹੋਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਪਰਲ ਹਾਰਬਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਯੂ ਐਸ ਏਸ਼ੀਆ ਪੈਸੇਫਿਕ ਕਮਾਂਡ ਵਿੱਚ ਪਹੁੰਚ ਕੇ ਦੂਸਰੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਫੌਜੀ ਅੱਡਾ 7 ਦਸੰਬਰ 1941 ਨੂੰ ਜਾਪਾਨੀ ਹਵਾਈ ਸੈਨਾ ਦੇ ਹਮਲੇ ਵਿੱਚ ਤਬਾਹ ਹੋ ਗਿਆ ਸੀ ਅਤੇ ਇਸ ਹਮਲੇ ਵਿੱਚ ਅਮਰੀਕਾ ਦੇ 1177 ਫੌਜੀ ਮਾਰੇ ਗਏ ਸਨ। ਜਾਪਾਨ ਜਾਣ ਤੋਂ ਪਹਿਲਾਂ ਟਰੰਪ ਦਾ ਇੱਥੇ ਆਉਣਾ ਕਾਫੀ ਅਰਥ ਰੱਖਦਾ ਹੈ। ਦੂਜੇ ਵਿਸ਼ਵ ਦੌਰਾਨ ਪਰਲ ਹਾਰਬਰ ਉੱਤੇ ਹੋਏ ਜਾਪਾਨ ਦੇ ਹਵਾਈ ਹਮਲੇ ਦੀ ਵੀ ਵੱਡੀ ਭੂਮਿਕਾ ਸੀ।