ਉੱਤਰੀ ਕੋਰੀਆ ਖਿਲਾਫ ਸੰਯੁਕਤ ਰਾਸ਼ਟਰ ਨੇ ਨਵੀਆਂ ਪਾਬੰਦੀਆਂ ਨੂੰ ਦਿੱਤੀ ਮਨਜ਼ੂਰੀ

3
ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵੱਲੋਂ ਸੋਮਵਾਰ ਨੂੰ ਸਰਬਸੰਮਤੀ ਨਾਲ ਉੱਤਰੀ ਕੋਰੀਆ ਉੱਤੇ ਨਵੀਂਆਂ ਪਾਬੰਦੀਆਂ ਨੂੰ ਮਨਜੂ਼ਰੀ ਦੇ ਦਿੱਤੀ ਗਈ। ਪਰ ਟਰੰਪ ਪ੍ਰਸ਼ਾਸਨ ਵੱਲੋਂ ਤੇਲ ਦੇ ਆਯਾਤ ਤੇ ਉੱਤਰੀ ਕੋਰੀਆ ਸਰਕਾਰ ਤੇ ਉਥੋਂ ਦੇ ਆਗੂ ਕਿਮ ਜੌਂਗ ਉਨ ਦੀ ਕੌਮਾਂਤਰੀ ਸੰਪਤੀ ਨੂੰ ਫਰੀਜ਼ ਕਰਨ ਸਬੰਧੀ ਕੀਤੀ ਗਈ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।
ਪਯੌਂਗਯੈਂਗ ਵੱਲੋਂ ਛੇਵੇਂ ਤੇ ਸੱਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਪ੍ਰੀਖਣ ਦੇ ਸਬੰਧ ਵਿੱਚ ਇਸ ਮਤੇ ਤਹਿਤ ਉੱਤਰੀ ਕੋਰੀਆ ਉੱਤੇ ਕੁਦਰਤੀ ਗੈਸ ਸਬੰਧੀ ਸਾਰੇ ਤਰਲ ਪਦਾਰਥ ਆਯਾਤ ਕਰਨ ਤੇ ਉਨ੍ਹਾਂ ਨੂੰ ਜਮ੍ਹਾਂ ਕਰਨ ਉੱਤੇ ਰੋਕ ਲਾਈ ਗਈ ਹੈ। ਟੈਕਸਟਾਈਲ ਦੀ ਨਿਰਿਆਤ ਉੱਤੇ ਵੀ ਪਾਬੰਦੀ ਲਾਈ ਗਈ ਹੈ ਤੇ ਹੋਰਨਾ ਮੁਲਕਾਂ ਨੂੰ ਉੱਤਰੀ ਕੋਰੀਆ ਦੇ ਕਾਮਿਆਂ ਨੂੰ ਨਵੇਂ ਵਰਕ ਪਰਮਿਟ ਦੇਣ ਤੋਂ ਵੀ ਵਰਜ ਦਿੱਤਾ ਗਿਆ ਹੈ। ਇਹ ਦੋਵੇਂ ਉੱਤਰ ਪੂਰਬੀ ਏਸ਼ੀਆਈ ਮੁਲਕ ਲਈ ਆਮਦਨ ਦਾ ਅਹਿਮ ਸਰੋਤ ਸਨ।
ਊਰਜਾ ਲਈ ਪਯੌਂਗਯੈਂਗ ਦੇ ਕੱਚੇ ਤੇਲ ਦੇ ਆਯਾਤ ਦੀ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਤੇ ਇਸ ਦੇ ਰਿਫਾਈਂਡ ਪੈਟਰੋਲੀਅਮ ਪ੍ਰੋਡਕਟਸ ਦੇ ਆਯਾਤ ਦੀ ਹੱਦ ਵੀ ਸਾਲ ਵਿੱਚ 2 ਮਿਲੀਅਨ ਬੈਰਲ ਤੱਕ ਕਰ ਦਿੱਤੀ ਗਈ ਹੈ। ਫਿਰ ਵੀ ਅਮਰੀਕਾ ਦੀ ਸਫੀਰ ਨਿੱਕੀ ਹਾਲੇ ਨੇ ਕਾਉਂਸਲ ਨੂੰ ਵੋਟ ਤੋਂ ਬਾਅਦ ਆਖਿਆ ਕਿ ਇਹ ਅਜੇ ਤੱਕ ਉੱਤਰੀ ਕੋਰੀਆ ਉੱਤੇ ਲਾਈਆਂ ਗਈਆਂ ਸੱਭ ਤੋਂ ਸਖ਼ਤ ਪਾਬੰਦੀਆਂ ਹਨ। ਪਰ ਉਨ੍ਹਾਂ ਆਖਿਆ ਕਿ ਇਹ ਉਦੋਂ ਹੀ ਲਾਗੂ ਹੋ ਸਕਣਗੇ ਜੇ ਸਾਰੇ ਦੇਸ਼ ਮੁਕੰਮਲ ਤੌਰ ਉੱਤੇ ਇਨ੍ਹਾਂ ਪਾਬੰਦੀਆਂ ਨੂੰ ਲਾਗੂ ਕਰਨਗੇ।
ਹਾਲੇ ਨੇ ਆਖਿਆ ਕਿ ਅੱਜ 9-11 ਦੀ 16ਵੀਂ ਐਨੀਵਰਸਰੀ ਉੱਤੇ ਕਾਉਂਸਲ ਦੀ ਮੀਟਿੰਗ ਹੋ ਰਹੀ ਹੈ। ਉੱਤਰੀ ਕੋਰੀਆ ਵੱਲੋਂ ਅਮਰੀਕਾ ਉੱਤੇ ਹਮਲਾ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਹਾਲੇ ਨੇ ਆਖਿਆ ਕਿ ਅਸੀਂ ਆਪਣਾ ਸਬਕ ਕਦੇ ਨਹੀਂ ਭੁੱਲਦੇ ਕਿ ਮਾੜੇ ਇਰਾਦੇ ਰੱਖਣ ਵਾਲਿਆਂ ਨੂੰ ਸਬਕ ਕਿਵੇਂ ਸਿਖਾਉਣਾ ਹੈ। ਉਨ੍ਹਾਂ ਆਖਿਆ ਕਿ ਅੱਜ ਅਸੀਂ ਇਹ ਆਖ ਰਹੇ ਹਾਂ ਕਿ ਪ੍ਰਮਾਣੂ ਹਥਿਆਰਾਂ ਨਾਲ ਲੈਸ ਉੱਤਰੀ ਕੋਰੀਆ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਅਸੀਂ ਉਸ ਨੂੰ ਗਲਤ ਕਰਨ ਤੋਂ ਰੋਕਣਾ ਚਾਹੁੰਦੇ ਹਾਂ।
ਇਸ ਬਾਰੇ ਫਾਈਨਲ ਸਮਝੌਤਾ ਅਮਰੀਕਾ ਤੇ ਚੀਨ ਦਰਮਿਆਨ ਗੱਲਬਾਤ ਤੋਂ ਬਾਅਦ ਹੀ ਹੋਵੇਗਾ। ਚੀਨ ਉੱਤਰੀ ਕੋਰੀਆ ਦਾ ਵੱਡਾ ਸਹਿਯੋਗੀ ਤੇ ਕਾਰੋਬਾਰੀ ਭਾਈਵਾਲ ਹੈ।