ਉੱਤਰੀ ਕੋਰੀਆ ਉੱਤੇ ਸਿ਼ਕੰਜਾ ਕੱਸਣ ਲਈ ਕੈਨੇਡਾ ਆਪਣੇ ਸਹਿਯੋਗੀਆਂ ਨਾਲ ਕਰੇਗਾ ਗੱਲਬਾਤ


ਓਟਵਾ, 11 ਜਨਵਰੀ (ਪੋਸਟ ਬਿਊਰੋ) : ਕੈਨੇਡਾ ਤੇ ਇਸ ਦੇ ਕੋਰੀਆਈ ਜੰਗੀ ਸਹਿਯੋਗੀ ਅਗਲੇ ਹਫਤੇ ਵੈਨਕੂਵਰ ਵਿੱਚ ਮਿਲ ਬੈਠ ਕੇ ਉੱਤਰੀ ਕੋਰੀਆ ਖਿਲਾਫ ਸਿ਼ਕੰਜਾ ਕੱਸਣ ਲਈ ਕੋਈ ਰਾਹ ਲੱਭਣਗੇ। ਇਸ ਦੌਰਾਨ ਇਹ ਵਿਚਾਰ ਵੀ ਕੀਤਾ ਜਾਵੇਗਾ ਕਿ ਕੀ ਉੱਤਰੀ ਕੋਰੀਆਈ ਬੇੜਿਆਂ ਦੀ ਆਵਾਜਾਈ ਰੋਕੀ ਜਾਵੇ ਜਾਂ ਨਹੀਂ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਚੀਨ ਤੇ ਰੂਸ ਨੂੰ ਮੰਗਲਵਾਰ ਨੂੰ ਹੋਣ ਜਾ ਰਹੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਕੈਨੇਡਾ, ਅਮਰੀਕਾ ਨਾਲ ਰਲ ਕੇ ਉੱਤਰੀ ਕੋਰੀਆ ਵੱਲੋਂ ਪਿੱਛੇ ਜਿਹੇ ਕੀਤੇ ਗਏ ਪ੍ਰਮਾਣੂ ਤੇ ਬਾਲਿਸਟਿਕ ਮਿਜ਼ਾਈਲ ਪਰੀਖਣਾਂ ਦੇ ਸਬੰਧ ਵਿੱਚ ਆਯੋਜਿਤ ਕਰ ਰਿਹਾ ਹੈ। ਇਸ ਦੀ ਥਾਂ ਉੱਤੇ 1950 ਤੇ 1953 ਦਰਮਿਆਨ ਚੱਲੀ ਕੋਰੀਆਈ ਜੰਗ ਦੌਰਾਨ ਸੰਯੁਕਤ ਰਾਸ਼ਟਰ ਦੀਆਂ ਫੌਜੀ ਟੁਕੜੀਆਂ ਵਜੋਂ ਸੈਨਾਂਵਾਂ ਤਾਇਨਾਤ ਕਰਨ ਵਾਲੇ ਮੁਲਕਾਂ ਨੂੰ ਹੀ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਉਸ ਜੰਗ ਵਿੱਚ ਸੰਯੁਕਤ ਰਾਸ਼ਟਰ ਦੀ ਕਮਾਂਡ ਤਹਿਤ 25,000 ਤੋਂ ਵੱਧ ਕੈਨੇਡੀਅਨਾਂ ਨੇ ਸੇਵਾ ਨਿਭਾਈ ਸੀ, ਜਿਸ ਵਿੱਚੋਂ 516 ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਦੀਆਂ ਸੈਨਾਵਾਂ ਵਿੱਚ ਸ਼ਾਮਲ ਹੋਣ ਵਾਲੇ 17 ਮੁਲਕਾਂ ਵਿੱਚੋਂ ਕੈਨੇਡਾ ਵੀ ਇੱਕ ਸੀ। ਵੈਨਕੂਵਰ ਮੀਟਿੰਗ ਵਿੱਚ ਉੱਤਰੀ ਕੋਰੀਆ ਵੱਲੋਂ ਪਾਬੰਦੀਆਂ ਤੋਂ ਬਚਣ ਤੇ ਆਪਣੇ ਪ੍ਰਮਾਣੂ ਪ੍ਰੋਗਰਾਮ ਲਈ ਅਦਾਇਗੀ ਕਰਨ ਦੇ ਹਰ ਢੰਗ ਤਰੀਕਿਆਂ ਉੱਤੇ ਵਿਚਾਰ ਕੀਤਾ ਜਾਵੇਗਾ ਤੇ ਇਨ੍ਹਾਂ ਰਸਤਿਆਂ ਨੂੰ ਰੋਕਣ ਲਈ ਰਾਹ ਲੱਭਿਆ ਜਾਵੇਗਾ।