ਉੱਤਰੀ ਕੈਲੇਫੋਰਨੀਆ ਵਿੱਚ ਇੱਕ ਬੰਦੂਕਧਾਰੀ ਨੇ ਲਈਆਂ 4 ਜਾਨਾਂ, ਕਈ ਜ਼ਖ਼ਮੀ


ਰੈੱਡ ਬਲੱਫ, ਕੈਲੇਫੋਰਨੀਆ, 14 ਨਵੰਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਬੰਦੂਕਧਾਰੀ ਨੇ ਉੱਤਰੀ ਕੈਲੇਫੋਰਨੀਆ ਦੇ ਪੇਂਡੂ ਇਲਾਕੇ ਵਿੱਚ ਕਈ ਥਾਂਵਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਚਾਰ ਵਿਅਕਤੀ ਮਾਰੇ ਗਏ। ਇੱਕ ਐਲੀਮੈਂਟਰੀ ਸਕੂਲ ਉੱਤੇ ਇਸ ਵਿਅਕਤੀ ਵੱਲੋਂ ਗੋਲੀਆਂ ਚਲਾਏ ਜਾਣ ਕਾਰਨ ਕਈ ਹੋਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਇਹ ਵਿਅਕਤੀ ਮਾਰਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਸੈਕਰਾਮੈਂਟੋ ਤੋਂ 130 ਮੀਲ ਉੱਤਰ ਵੱਲ ਰੈਂਚੋ ਤੇਹਾਮਾ ਰਿਜ਼ਰਵ ਕਮਿਊਨਿਟੀ ਵਿੱਚ ਇਸ ਵਿਅਕਤੀ ਵੱਲੋਂ ਗੋਲੀਆਂ ਚਲਾਏ ਜਾਣ ਦਾ ਸਿਲਸਿਲਾ ਸਵੇਰੇ 8:00 ਵਜੇ ਸੁ਼ਰੂ ਹੋਇਆ। ਹਮਲਾਵਰ ਦਾ ਮਕਸਦ ਕੀ ਸੀ ਇਸ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਸੈ਼ਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂ਼ਟਰ ਦੇ ਗੁਆਂਢੀਆਂ ਵੱਲੋਂ ਘਰੇਲੂ ਹਿੰਸਾ ਦੇ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਤੇਹਾਮਾ ਕਾਊਂਟੀ ਅਸਿਸਟੈਂਟ ਸ਼ੈਰਿਫ ਫਿਲ ਜੌਹਨਸਟਨ ਨੇ ਆਖਿਆ ਕਿ ਜਦੋਂ ਹੀ ਸਾਨੂੰ ਪਤਾ ਲੱਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਕੋਈ ਵਿਅਕਤੀ ਖਾਹਮਖਾਹ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।
ਚਸ਼ਮਦੀਦਾਂ ਨੇ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚੱਲਣ ਤੇ ਬੱਚਿਆਂ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ। ਕੌਰਨਿੰਗ ਯੂਨੀਅਨ ਐਲੀਮੈਂਟਰੀ ਸਕੂਲ ਡਿਸਟ੍ਰਿਕਟ ਦੀ ਐਡਮਨਿਸਟ੍ਰੇਟਿਵ ਅਸਿਸਟੈਂਟ ਜੈਨੀਨ ਕੁਇਸਟ ਨੇ ਦੱਸਿਆ ਕਿ ਸਕੂਲ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਸੈਲਵਾਡੋਰ ਟੈਲੋ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਤਿੰਨ ਬੱਚਿਆਂ ਨੂੰ ਸਕੂਲ ਛੱਡਣ ਗਿਆ ਤਾਂ ਬੰਦੂਕਧਾਰੀ ਆਪਣੇ ਸਾਹਮਣੇ ਖੜ੍ਹੇ ਇੱਕ ਟਰੱਕ ਉੱਤੇ ਗੋਲੀਆਂ ਚਲਾ ਰਿਹਾ ਸੀ। ਟੈਲੋ ਨੇ ਦੱਸਿਆ ਕਿ ਉਹ ਵਿਅਕਤੀ ਸਕੂਲ ਤੋਂ ਤਿੰਨ ਬਲਾਕਾਂ ਦੀ ਦੂਰੀ ਉੱਤੇ ਸੀ ਜਦੋਂ ਉਸ ਨੇ ਗੋਲੀਆਂ ਨਾਲ ਟਰੱਕ ਵਿੱਚ ਵੱਡੇ ਵੱਡੇ ਮੋਰੇ ਕਰ ਦਿੱਤੇ। ਉਸ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਵਾਪਿਸ ਆ ਗਿਆ।
ਸਥਾਨਕ ਦੋ ਹਸਪਤਾਲਾਂ ਅਨੁਸਾਰ ਉਹ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਸੱਤ ਵਿਅਕਤੀਆਂ ਦਾ ਇਲਾਜ ਕਰ ਰਹੇ ਹਨ, ਇਨ੍ਹਾਂ ਵਿੱਚ ਤਿੰਨ ਬੱਚੇ ਵੀ ਹਨ। ਇੱਕ ਵਿਦਿਆਰਥੀ ਤਾਂ ਸਕੂਲ ਵਿੱਚ ਹੀ ਜ਼ਖ਼ਮੀ ਹੋਇਆ ਜਦਕਿ ਦੂਜੇ ਬੱਚੇ ਨੂੰ ਉਦੋਂ ਗੋਲੀ ਲੱਗੀ ਜਦੋਂ ਉਹ ਇੱਕ ਮਹਿਲਾ ਨਾਲ ਕਾਰ ਵਿੱਚ ਜਾ ਰਿਹਾ ਸੀ। ਕਾਰ ਸਵਾਰ ਮਹਿਲਾ ਵੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਈ।