ਉਹੀ ਕਰਦੀ ਹਾਂ ਜੋ ਦਿਲ ਮੰਨੇ : ਕ੍ਰਿਤੀ ਸਨਨ


ਕ੍ਰਿਤੀ ਸਨਨ ਉਨ੍ਹਾਂ ਗਿਣੀਆਂ-ਚੁਣੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦਾ ਕਿਸੇ ਫਿਲਮੀ ਪਰਵਾਰ ਸੰਬੰਧ ਨਾ ਹੋਣ ਦੇ ਬਾਵਜੂਦ ਵੱਡੀਆਂ ਫਿਲਮਾਂ ਮਿਲੀਆਂ। ਇੱਕ ਪਾਸੇ ਜਿੱਥੇ ਟਾਈਗਰ ਸ਼ਰਾਫ ਨਾਲ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਤਾਂ ਦੂਜੇ ਪਾਸੇ ਸ਼ਾਹਰੁਖ-ਕਾਜੋਲ ਨਾਲ ਕੰਮ ਕਰਨ ਦਾ ਮੌਕਾ ਉਸ ਨੂੰ ਮਿਲਿਆ। ਫਿਰ ਉਸ ਦੀ ਫਿਲਮ ‘ਰਾਬਤਾ’ ਆਈ, ਜੋ ਕੁਝ ਠੀਕ ਨਹੀਂ ਰਹੀ, ਪਰ ਉਸ ਤੋਂ ਬਾਅਦ ਰਿਲੀਜ਼ ‘ਬਰੇਲੀ ਕੀ ਬਰਫੀ’ ਨੇ ਸਾਰੀ ਕਸਰ ਪੂਰੀ ਕਰ ਦਿੱਤੀ। ‘ਬਰੇਲੀ ਕੀ ਬਰਫੀ’ ਦੀ ਕਾਮਯਾਬੀ ਤੋਂ ਕ੍ਰਿਤੀ ਬੇਹੱਦ ਖੁਸ਼ ਹੈ ਕਿਉਂਕਿ ਇਸ ਫਿਲਮ ਵਿੱਚ ਉਸ ਦੇ ਕੰਮ ਦੀ ਵੀ ਕਾਫੀ ਤਾਰੀਫ ਹੋਈ ਹੈ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ ਦੇ ਮੁੱਖ ਅੰਸ਼ :
* ‘ਬਰੇਲੀ ਕੀ ਬਰਫੀ’ ਹਿੱਟ ਫਿਲਮ ਸਿੱਧ ਹੋਈ। ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
-ਬੇਹੱਦ ਖੁਸ਼ ਹਾਂ, ਕਿਉਂਕਿ ‘ਬਰੇਲੀ ਕੀ ਬਰਫੀ’ ਨੂੰ ਦਰਸ਼ਕਾਂ ਤੋਂ ਹੀ ਨਹੀਂ, ਸਮੀਖਿਅਕਾਂ ਤੋਂ ਵੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਇਸ ਫਿਲਮ ਵਿੱਚ ਮੇਰਾ ਅਭਿਨੈ ਲੋਕਾਂ ਨੂੰ ਬੇਹੱਦ ਪਸੰਦ ਆਇਆ। ਮੈਨੂੰ ਡਰ ਸੀ ਕਿ ਲੋਕ ਮੈਨੂੰ ਗਲੈਮਰਸ ਰੋਲ ਵਿੱਚ ਦੇਖਣ ਤੋਂ ਬਾਅਦ ਪਤਾ ਨਹੀਂ ਇੱਕ ਛੋਟੇ ਸ਼ਹਿਰ ਦੀ ਲੜਕੀ ਦੇ ਕਿਰਦਾਰ ਵਿੱਚ ਸਵੀਕਾਰ ਕਰਨਗੇ ਜਾਂ ਨਹੀਂ, ਪਰ ਮੈਨੂੰ ਖੁਸ਼ੀ ਹੈ ਕਿ ਮਿਹਨਤ ਰੰਗ ਲਿਆਈ। ਅੱਜਕੱਲ੍ਹ ਮੈਂ ਆਪਣੀ ਇਸੇ ਦੀ ਸਫਲਤਾ ਦਾ ਜਸ਼ਨ ਮਨਾ ਰਹੀ ਹਾਂ।
* ਸਮਾਜ ਦੇ ਨਜ਼ਰੀਏ ਵਿੱਚ ਕੀ ਅਤੇ ਕਿਹੋ ਜਿਹੀ ਤਬਦੀਲੀ ਤੁਸੀਂ ਚਾਹੁੰਦੇ ਹੋ?
– ਅਸਲ ਵਿੱਚ ਸਾਡੀ ਸੁਸਾਇਟੀ ਵਿੱਚ ਚੰਗੀਆਂ ਲੜਕੀਆਂ’ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ, ਉਸ ਨੂੰ ਲੈ ਕੇ ਬੇਹੱਦ ਛੋਟਾ ਦਾਇਰਾ ਹੈ। ਇਸ ਦਾਇਰੇ ਨੂੰ ਵੱਡਾ ਕਰਨ ਅਤੇ ਬਦਲਣ ਦੀ ਲੋੜ ਹੈ। ਜੇ ਕੋਈ ਲੜਕਾ ਮੂੰਹਫਟ ਹੈ ਜਾਂ ਸਿਗਰਟ ਪੀਂਦਾ ਹੈ ਤਾਂ ਉਸ ਉੱਤੇ ਕੋਈ ਉਂਗਲੀ ਨਹੀਂ ਚੁੱਕੀ ਜਾਂਦੀ ਅਤੇ ਨਾ ਹੀ ਉਸ ਨੂੰ ਕਰੈਕਟਰਲੈੱਸ ਸਮਝਿਆ ਜਾਂਦਾ ਹੈ, ਪਰ ਲੜਕੀਆਂ ਦੇ ਕੇਸ ਵਿੱਚ ਬਹੁਤ ਛੇਤੀ ਲੋਕ ਆਪਣੀ ਜੱਜਮੈਂਟ ਦੇਣੀ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਛੋਟੇ ਸ਼ਹਿਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਇਥੋਂ ਤੱਕ ਕਿ ਅਰੇਂਜ ਮੈਰਿਜ ਵਿੱਚ ਵੀ ਅਜਿਹਾ ਹੈ ਕਿਉਂਕਿ ਸਭ ਤਰ੍ਹਾਂ ਦੇ ਸਵਾਲ ਲੜਕੀ ਤੋਂ ਹੀ ਪੁੱਛੇ ਜਾਂਦੇ ਹਨ। ਮੈਂ ਇਸ ਤਰ੍ਹਾਂ ਦੀ ਸੋਚ ਨੂੰ ਬਦਲਣਾ ਚਾਹੁੰਦੀ ਹਾਂ।
* ‘ਰਾਬਤਾ’ ਵਿੱਚ ਤੁਸੀਂ ਕਈ ਸਾਲ ਪੁਰਾਣੀ ਇੱਕ ਕਹਾਣੀ ਦੀ ਰਾਜਕੁਮਾਰੀ ਦਾ ਰੋਲ ਕੀਤਾ ਹੈ, ਜਦ ਕਿ ‘ਬਰੇਲੀ ਕੀ ਬਰਫੀ’ ਵਿੱਚ ਛੋਟੇ ਸ਼ਹਿਰ ਦੀ ਬਿੰਦਾਸ ਲੜਕੀ ਦਾ ਜ਼ਿਆਦਾ ਨੇੜੇ ਦਾ ਹੈ, ਦੋਵਾਂ ਵਿੱਚੋਂ ਕਿਹੜਾ ਰੋਲ ਚੰਗਾ ਲੱਗਾ?
– ਮੈਂ ‘ਰਾਬਤਾ’ ਦੀ ਅੱਜ ਵਾਲੀ ਲੜਕੀ ਨਾਲ ਜ਼ਿਆਦਾ ਰਿਲੇਟ ਕਰਦੀ ਹਾਂ। ਅਜਿਹੀ ਲੜਕੀ ਮੈਂ ਆਸਪਾਸ ਦੇਖ ਸਕਦੀ ਹਾਂ। ਸ਼ਾਇਦ ਉਹ ਮੇਰੇ ਵਰਗੀ ਹੋਵੇ। ਸ਼ਾਇਦ ਲੋਕ ਅਜਿਹੀਆਂ ਗੱਲਾਂ ਕਰਦੇ ਹਨ। ਇਹ ਲੜਕੀ ਥੋੜ੍ਹੀ ਅਨੋਖੀ ਹੈ। ਉਹ ਕਿਸੇ ਵੀ ਚੀਜ਼ ਦਾ ਫੈਸਲਾ ਨਹੀਂ ਲੈ ਸਕਦੀ ਤੇ ਇੰਨੀ ਅਨਿਸ਼ਚਿਤ ਰਹਿੰਦੀ ਹੈ ਕਿ ਬੋਲਦੀ ਕੁਝ ਤੇ ਕਰਦੀ ਕੁਝ ਹੋਰ ਹੈ। ਉਸ ਨੂੰ ਬਹੁਤ ਬੁਰੇ ਸੁਫਨੇ ਆਉਂਦੇ ਹਨ। ਇਹ ਸੁਫਨੇ ਉਸ ਨੂੰ ਕਿਉਂ ਆਉਂਦੇ ਹਨ, ਇਹ ਉਸ ਨੂੰ ਨਹੀਂ ਪਤਾ। ਉਹ ਕਿਤੇ ਨਾ ਕਿਤੇ ਉਨ੍ਹਾਂ ਨਾਲ ਜੀਅ ਰਹੀ ਹੈ, ਪਰ ਨਾਲ ਬਹੁਤ ਲਿਵਿੰਗ ਵੀ ਹੈ। ਬੁਡਾਪੇਸਟ ਵਿੱਚ ਰਹਿੰਦੀ ਹੈ ਅਤੇ ਚਾਕਲੇਟ ਸ਼ਾਪ ਚਲਾਉਦੀ ਹੈ। ਫਲੈਸ਼ਬੈਕ ਵਾਲਾ ਰੋਲ ਤਾਂ ਮੇਰਾ 20 ਤੋਂ ਤੀਹ ਮਿੰਟ ਦਾ ਹੀ ਹੈ।
* ਪਰ ‘ਰਾਬਤਾ’ ਵਿੱਚ ਕੰਮ ਕਰਨ ਦੇ ਨਾਲ ਹੀ ਤੁਹਾਡਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੋੜਿਆ ਗਿਆ। ਕੀ ਕਹੋਗੇ?
– ਬੱਸ ਇਹੀ ਕਿ ਸਾਡੇ ਵਿਚਾਲੇ ਅਜਿਹਾ ਕੁਝ ਵੀ ਨਹੀਂ ਸੀ। ਇਸ ਸਮੇਂ ਮੈਂ ਸਿੰਗਲ ਹਾਂ। ਸਾਡੇ ਵਿਚਾਲੇ ਕੁਝ ਵੀ ਨਹੀਂ ਹੈ। ਮੈਨੂੰ ਤੇ ਸੁਸ਼ਾਂਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਪਰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਪਤਾ ਲੱਗੇਗਾ ਕਿ ਇਹ ਗੱਲਾਂ ਇੱਕੋ ਪਲੇਟਫਾਰਮ ਤੋਂ ਆਈਆਂ। ਅਜਿਹਾ ਲੱਗਾ ਜਿਵੇਂ ਉਸ ਪਲੇਟਫਾਰਮ ਦਾ ਕੋਈ ਪ੍ਰਤੀਨਿਧੀ ਸਾਡੇ ਨਾਲ ਰਹਿੰਦਾ ਹੈ ਅਤੇ ਸਾਡੇ ਬਾਰੇ ਖਬਰਾਂ ਲਿਖ ਰਿਹਾ ਹੈ।
* ਤੁਸੀਂ ਸ਼ੁਰੂਆਤੀ ਦੌਰ ਵਿੱਚ ‘ਦਿਲਵਾਲੇ’ ਵਿੱਚ ਸ਼ਾਹਰੁਖ ਅਤੇ ਕਾਜੋਲ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਕਿਹੋ ਜਿਹਾ ਅਨੁਭਵ ਰਿਹਾ?
– ‘ਦਿਲਵਾਲੇ’ ਮੇਰੇ ਕਰੀਅਰ ਦੀ ਦੂਜੀ ਫਿਲਮ ਸੀ। ਇਸ ਫਿਲਮ ਵਿੱਚ ਮੈਨੂੰ ਬਿਲਕੁਲ ਨਹੀਂ ਲੱਗਾ ਕਿ ਅਸੀਂ ਕੰਮ ਕਰ ਰਹੇ ਹਾਂ। ਬਹੁਤ ਮਜ਼ਾ ਆਇਆ। ਬਹੁਤ ਕੁਝ ਸਿਖਿਆ। ਸ਼ਾਹਰੁਖ ਸਰ ਤੋਂ ਸਿਖਿਆ ਕਿ ਆਪਣੇ ਸੀਨ ਨਾਲ ਕਿਵੇਂ ਦੋਸਤੀ ਕਰਨੈ ਹੈ। ਮੇਰੀ ਇਹ ਸੋਚ ਹੁੰਦੀ ਹੈ ਕਿ ਕਿਵੇਂ ਹਰ ਫਿਲਮ ਤੋਂ ਕੁਝ ਸਿੱਖਾਂ ਤੇ ਖੁਦ ਨੂੰ ਬਿਹਤਰ ਬਣਾਵਾਂ।