ਉਰਵਸ਼ੀ ਅਤੇ ਅਮੀਸ਼ਾ ਦਾ ਮਿਸ਼ਨ ਸੈਲਫੀ

urvashi rautela
ਅਮੀਸ਼ਾ ਪਟੇਲ ਦਾ ਨਾਂਅ ਆਉਂਦੇ ਹੀ ‘ਗਦਰ’ ਜਾਂ ‘ਕਹੋ ਨਾ ਪਿਆਰ ਹੈ’ ਫਿਲਮਾਂ ਜ਼ਿਹਨ ਵਿੱਚ ਆਉਂਦੀਆਂ ਹਨ। ਵਿਕਰਮ ਭੱਟ ਦੀ ਮੁਹੱਬਤ ਵਿੱਚ ਗ੍ਰਿਫਤਾਰ ਹੋਣ ਦੇ ਬਾਅਦ ਅਮੀਸ਼ਾ ਦੇ ਕਰੀਅਰ ਵਿੱਚ ਬ੍ਰੇਕ ਲੱਗ ਗਈ। ਕੁਝ ਕੁ ਫਿਲਮਾਂ ਆਈਆਂ, ਪਰ ਪ੍ਰਭਾਵ ਨਹੀਂ ਛੱਡ ਸਕੀਆਂ। ਖੁਦ ਵੀ ਉਸ ਨੇ ਕੁਝ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਮਯਾਬ ਨਹੀਂ ਰਹੀ। ਇਸ ਸਮੇਂ ਹੱਥ ਵਿੱਚ ਕੁਝ ਖਾਸ ਕੰਮ ਨਹੀਂ ਹੈ। ਇਨ੍ਹੀਂ ਦਿਨੀਂ ਗੁਜਰੇ ਦੌਰ ਦੇ ਸਿਤਾਰੇ ਵਾਪਸੀ ਕਰ ਰਹੇ ਹਨ। ਅਜਿਹੇ ਵਿੱਚ ਅਮੀਸ਼ਾ ਵੀ ਆਪਣੇ ਕਰੀਅਰ ਨੂੰ ਰੀਵਾਈਵ ਕਰਨ ਦੇ ਲਈ ਸੋਚ ਰਹੀ ਹੈ। ਬਾਲੀਵੁੱਡ ਦੀਆਂ ਵੱਡੀਆਂ ਪਾਰਟੀਆਂ ਅਜਿਹੀ ਜਗ੍ਹਾ ਹਨ, ਜਿੱਥੇ ਕਈ ਬਿਜ਼ਨਸ ਦੀਆਂ ਤਿਕੜਮਾਂ ਲਾਈਆਂ ਜਾਂਦੀਆਂ ਹਨ। ਅਮੀਸ਼ਾ ਵੀ ਅੱਜਕੱਲ੍ਹ ਕਈ ਪਾਰਟੀਆਂ ਵਿੱਚ ਜਾ ਰਹੀ ਹੈ। ਉਸ ਦਾ ਮਿਸ਼ਨ ਵੀ ਸਪੈਸ਼ਲ ਹੈ ਸਾਰੇ ਸਥਾਪਿਤ ਕਲਾਕਾਰਾਂ ਦੇ ਨਾਲ ਸੈਲਫੀ ਲੈਣਾ ਅਤੇ ਉਸ ਨੂੰ ਸ਼ੇਅਰ ਕਰਨਾ।
ਉਸੇ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ ਉਰਵਸ਼ੀ ਰੌਤੇਲਾ। ਉਰਵਸ਼ੀ ਨੇ ਸਨੀ ਦਿਓਲ ਦੇ ਨਾਲ ‘ਸਿੰਘ ਸਾਹਿਬ ਦੀ ਗਰੇਟ’ ਕੀਤੀ ਹੈ। ਉਸ ਦੇ ਖਾਤੇ ਵਿੱਚ ਵੱਡੀਆਂ ਫਿਲਮਾਂ ਨਹੀਂ ਆਈਆਂ। ਪਿਛਲੇ ਦਿਨੀਂ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਇੱਕ ਪਾਰਟੀ ਵਿੱਚ ਉਸ ‘ਤੇ ਗੇਟ ਕ੍ਰੇਸ਼ਿੰਗ ਯਾਨੀ ਬਿਨ ਬੁਲਾਏ ਆਉਣ ਦੇ ਦੋਸ਼ ਵੀ ਲੱਗੇ ਸਨ। ਉਸ ਪਾਰਟੀ ਵਿੱਚ ਵੀ ਉਹ ਸਾਰਿਆਂ ਨਾਲ ਸੈਲਫੀ ਖਿੱਚਣ ਵਿੱਚ ਰੁਝੀ ਸੀ। ਅਕਸਰ ਇਹ ਸਟੇਟਮੈਂਟ ਦੇਣ ਵਾਲੀ ਉਰਵਸ਼ੀ ‘ਖੂਬਸੂਰਤ ਹਾਂ ਤਾਂ ਖੂਬਸੂਰਤੀ ਦਿਖਾਉਣ ਵਿੱਚ ਹਰਜ਼ ਹੀ ਕੀ’ ਇਨ੍ਹੀਂ ਦਿਨੀਂ ਵੱਡੀ ਫਿਲਮ ਲੈਣ ਲਈ ਬੇਕਰਾਰ ਹੈ। ਸੈਲਫੀ ਲੈਣ ਨਾਲ ਫਿਲਮਾਂ ਹਾਸਲ ਕਰਨ ਦਾ ਕੋਈ ਕੁਨੈਕਸ਼ਨ ਨਹੀਂ ਦਿਸਦਾ, ਪਰ ਇਸ ਖੂਬਸੂਰਤ ਅਭਿਨੇਤਰੀਆਂ ਦਾ ਕੁਝ ਅਲੱਗ ਗਣਿਤ ਹੋਵੇ ਤਾਂ ਇਸ ਨੂੰ ਸਮਝਣਾ ਦਿਲਚਸਪ ਹੋਵੇਗਾ।