ਉਮਰ

-ਕੰਵਲਜੀਤ ਕੌਰ ਜੁਨੇਜਾ
ਬਲਵਿੰਦਰ ਅਜੇ ਗੇਟ ਖੋਲ੍ਹ ਕੇ ਅੰਦਰ ਵੜਿਆ ਸੀ ਕਿ ਬਾਹਰ ਲੱਗੀ ਘੰਟੀ ਨੇ ਵਾਪਸ ਭੇਜ ਦਿੱਤਾ ਗੇਟ ਖੋਲ੍ਹਣ ਲਈ। ਇਹ ਤਾਂ ਘਰ ਦਾ ਕੰਮ ਕਰਨ ਵਾਲੀਆਂ ਕੁੜੀਆਂ ਸਨ। ਪੁੱਛਣ ਉੱਤੇ ਉਨ੍ਹਾਂ ਕਿਹਾ ਕਿ “ਅੰਕਲ! ਅਸੀਂ ਕੰਮ ਤਾਂ ਕਰ ਗਈਆਂ, ਕੱਪੜਿਆਂ ਵਾਲਾ ਲਿਫਾਫਾ ਚੁੱਕਣ ਆਈਆਂ ਨੇ।”
ਉਹ ਅੰਦਰ ਗਈਆਂ ਤੇ ਲਿਫਾਫਾ ਚੁੱਕ ਕੇ ਜਦੋਂ ਬਾਹਰ ਜਾਣ ਲੱਗੀਆਂ ਤਾਂ ਬਲਵਿੰਦਰ ਬੋਲਿਆ, ‘‘ਕਮਲੀਓ! ਇਹ ਤਾਂ ਤੁਹਾਡੀ ਆਂਟੀ ਦੇ ਸੂਟ ਹਨ, ਜੋ ਮੈਂ ਪਰਸੋਂ ਲੈ ਕੇ ਆਇਆਂ।”
ਉਹ ਅੱਗੋਂ ਕੁਝ ਬੋਲਦਾ ਕਿ ਇੱਕ ਕੁੜੀ ਦੇ ਜਵਾਬ ਨੇ ਉਸੇ ਨੂੰ ਚੁੱਪ ਕਰਾ ਦਿੱਤਾ। ਕਹਿੰਦੀ, ‘‘ਆਂਟੀ ਜੀ ਨੇ ਹੀ ਸੂਟ ਦਿੱਤੇ ਹਨ, ਨਾਲ ਹੀ ਕਹਿ ਰਹੇ ਸਨ ਕਿ ਉਨ੍ਹਾਂ ਦੀ ਕਿਹੜੀ ਖਾਣ-ਪੀਣ ਦੀ ਉਮਰ ਰਹਿ ਗਈ ਏ ਤੇ ਉਨ੍ਹਾਂ ਨੇ ਸਾਨੂੰ ਕਿਹਾ; ਜਾਓ ਸਵਾਓ, ਖਾਓ, ਹੰਢਾਓ, ਤੁਹਾਡੀ ਉਮਰ ਹੈ…।”
ਬਲਵਿੰਦਰ ਅੱਗੋਂ ਕੁਝ ਨਾ ਬੋਲ ਸਕਿਆ, ਬੱਸ ਉਸ ਦੇ ਸੰਘ ਵਿੱਚ ਕੌੜਾ ਥੁੱਕ ਅੜ ਗਿਆ। ਏਧਰ-ਓਧਰ ਦੇ ਖਰਚੇ ਸੁਣਾ ਕੇ ਉਹ ਸੁੱਤੀ ਪਈ ਸੀ ਤੇ ਸੁੱਤੀ ਦੇ ਕੰਬਲ ਉਤਰਿਆ ਪਿਆ ਸੀ, ਹੌਲੀ ਜਿਹੀ ਚੁੱਕ ਕੇ ਪਾ ਦਿੱਤਾ। ਉਹ ਸੋਚਣ ਲੱਗਾ, ਕਿੰਨਾ ਸੱਚ ਹੈ, ਹਰ ਚੀਜ਼ ਦੀ ਇੱਕ ‘ਉਮਰ’ ਹੁੰਦੀ ਹੈ ਤੇ ਕਿਸੇ ਦੇ ਅਰਮਾਨਾਂ ਉੱਤੇ ਕਬਜ਼ਾ ਕਰਨਾ ਬਿਨਾ ਕਿਸੇ ਮਜਬੂਰੀ ਦੇ ਅਪਰਾਧ ਹੁੰਦਾ ਹੈ ਤੇ ਉਹ ਮੰਜੇ ਦੇ ਸਿਰਹਾਣੇ ਵਿੱਚ ਮੂੰਹ ਛੁਪਾ ਕੇ ਰੋਣ ਲੱਗਾ।