ਉਭਰਦੀ ਵਿਸ਼ਵ ਵਿਵਸਥਾ ਅਤੇ ਜਾਤਵਾਦੀ ਸਿਆਸਤ

-ਮਿਹਿਰ ਭੋਲੇ
ਇਹ ਕਿੱਦਾਂ ਦੀ ਤ੍ਰਾਸਦੀ ਹੈ ਕਿ ਇੱਕ ਪਾਸੇ 21ਵੀਂ ਸਦੀ ਦਾ ‘ਸਾਇੰਟਿਫਿਕ ਟੈਂਪਰ’ ਇੱਕ ਬੇਮਿਸਾਲ ਦੁਨੀਆ ਦੇ ਨਿਰਮਾਣ ਵੱਲ ਵਧ ਰਿਹਾ ਹੈ, ਦੂਸਰੇ ਪਾਸੇ ਅਸੀਂ ਭਾਰਤ ਦੇ ਲੋਕ ਗੁੰਮਰਾਹਕੁੰਨ ਜਾਤੀ ਅਣਖ ਦੀ ਲੜਾਈ ‘ਚ ਉਲਝੇ ਹੋਏ ਹਾਂ। ਸਾਡੇ ਪ੍ਰਤਿਭਾਸ਼ਾਲੀ ਨੌਜਵਾਨ ‘ਟੀਮਇੰਡਸ’ ਨਾਂਅ ਦੀ ਪਹਿਲੀ ਭਾਰਤੀ ਪੁਲਾੜ ਸਟਾਰਟਅੱਪ ਕੰਪਨੀ ਦੀ ਸਥਾਪਨਾ ਕਰ ਕੇ ਗੂਗਲ ਵੱਲੋਂ ਸਪਾਂਸਰਡ ਕੌਮਾਂਤਰੀ ਪੁਲਾੜ ਪ੍ਰਤੀਯੋਗਤਾ ‘ਚ ਇੱਕ ਮਿਲੀਅਨ ਡਾਲਰ ਦਾ ਇਨਾਮ ਜਿੱਤ ਚੁੱਕੇ ਹਨ। ਕਈ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਖੋਜੀ ਏਲੋਨ ਮਸਕ ਹਾਈਸਪੀਡ ਗੱਡੀਆਂ ਲਈ ‘ਹਾਈਪਰਲੂਪ’ ਬਣਾਉਣ ਦੀ ਤਿਆਰੀ ਵਿੱਚ ਹਨ ਅਤੇ ਦੂਜੇ ਗ੍ਰਹਿਆਂ ‘ਤੇ ਮਨੁੱਖੀ ਬਸਤੀ ਬਣਾਉਣ ਲਈ ‘ਸਪੇਸਐਕਸ’ ਬਣਾ ਕੇ ਦੁਨੀਆ ਨੂੰ ਭਵਿੱਖ ਵਿੱਚ ਆ ਰਹੀਆਂ ਚੁਣੌਤੀਆਂ ਵਾਸਤੇ ਤਿਆਰ ਕਰ ਰਹੇ ਹਨ।
ਗੂਗਲ ਤੇ ਉਸ ਨਾਲ ਕਈ ਕੰਪਨੀਆਂ, ਜਿਨ੍ਹਾਂ ਵਿੱਚ ਭਾਰਤ ਦੀ ਮਹਿੰਦਰਾ ਕੰਪਨੀ ਸ਼ਾਮਲ ਹੈ, ਬਿਨਾਂ ਡਰਾਈਵਰ ਦੇ ਚੱਲਣ ਵਾਲੀਆਂ ਗੱਡੀਆਂ ਦੀ ਤਕਨੀਕ ਤੇ ਡਿਜ਼ਾਈਨ ਵਿਕਸਿਤ ਕਰਨ ‘ਚ ਰੁੱਝੀਆਂ ਹੋਈਆਂ ਹਨ। ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਅਤੇ ‘ਇੰਟਰਨੈੱਟ ਆਫ ਥਿੰਗਜ਼’ ਵਰਗੀਆਂ ਉਭਰਦੀਆਂ ਤਕਨੀਕਾਂ ਦੁਨੀਆ ਦੀ ਸੂਰਤ ਬਦਲਣ ਵਾਲੀਆਂ ਹਨ। ਕੀ ਇਸ ਉਭਰਦੀ ਵਿਸ਼ਵ ਵਿਵਸਥਾ ਵਿੱਚ ਸੌੜੀ ਜਾਤਵਾਦ ਸੋਚ ਨਾਲ ਅਸੀਂ ਦੋ ਕਦਮ ਮਿਲਾ ਕੇ ਚੱਲ ਸਕਾਂਗੇ?
ਇਨ੍ਹਾਂ ਨਵੀਆਂ ਚੁਣੌਤੀਆਂ ਤੇ ਮੌਕਿਆਂ ਨੂੰ ਸਮਝਣ, ਉਨ੍ਹਾਂ ਮੁਤਾਬਕ ਆਪਣੀਆਂ ਸਮਰੱਥਾ ਦਾ ਵਿਕਾਸ ਕਰਨ ਦੀ ਬਜਾਏ ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ ਜਾਤ-ਪਾਤ ਦੀ ਘਿਨਾਉਣੀ ਸਿਆਸਤ ਨਾਲ ਬਰਬਾਦ ਕਰਨ ਰੁੱਝੇ ਹੋਏ ਹਾਂ। ਚਿੰਤਾ ਦੀ ਗੱਲ ਇਹ ਹੈ ਕਿ ਇਹ ‘ਰੋਗ’ ਪੂਰੇ ਭਾਰਤੀ ਸਮਾਜ, ਖਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਭਾਰਤੀ ਸਮਾਜ, ਖਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਚੁੱਕਾ ਹੈ, ਤਦੇ ਸਾਡੇ ਨੌਜਵਾਨ ਇੱਕ ਸੱਦੇ ‘ਤੇ ਝੱਟ ਸੜਕਾਂ ‘ਤੇ ਤਲਵਾਰਾਂ, ਲਾਠੀਆਂ ਲੈ ਕੇ ਉਤਰ ਆਉਂਦੇ ਹਨ। ਇਹ ਸੱਦਾ ਚਾਹੇ ਜਾਟ, ਗੁੱਜਰ, ਪਾਟੀਦਾਰਾਂ ਦੇ ਰਾਖਵੇਂਕਰਨ ਦੇ ਨਾਂਅ ‘ਤੇ ਹੋਵੇ ਜਾਂ ਕਰਣੀ ਸੈਨਾ ਦੇ ਨਾਂਅ ‘ਤੇ ਜਾਂ ਫਿਰ ਦਲਿਤਾਂ, ਪੱਛੜੇ ਵਰਗਾਂ ਦੀ ਅਣਖ ਦੇ ਨਾਂਅ ‘ਤੇ-ਇਨ੍ਹਾਂ ਸਾਰਿਆਂ ਨੇ ਸਾਨੂੰ ਕਮਜ਼ੋਰ ਹੀ ਕੀਤਾ ਹੈ। ਆਪਸੀ ਬੇਯਕੀਨੀ, ਨਫਰਤ ਤੇ ਪਾੜਾ ਇਨ੍ਹਾਂ ਚੀਜ਼ਾਂ ਕਰ ਕੇ ਹੀ ਵਧਿਆ ਹੈ। ਜਾਤੀ ਜਨੂੰਨ, ਹਿੰਸਾ ਅੱਗੇ ਹਰੇਕ ਸਰਕਾਰ ਨੇ ਗੋਡੇ ਟੇਕ ਕੇ ਆਪਣੇ ਫਰਜ਼ਾਂ ਪ੍ਰਤੀ ਬੇਮੁਖਤਾ ਨੂੰ ਦਰਸਾਇਆ ਹੈ। ਇਹ ਸਭ ਇਸ ਲਈ ਹੋਇਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੰਜ ਸਾਲ ਸੱਤਾ ਤੋਂ ਬਾਹਰ ਰਹਿਣਾ ਬਰਦਾਸ਼ਤ ਨਹੀਂ ਕਰ ਸਕਦੀ, ਪਾਰਲੀਮੈਂਟ ਵਿੱਚ ਚਰਚਾ ਨਹੀਂ ਕਰ ਸਕਦੀ, ਦੇਸ਼ ਹਿੱਤ ਵਿੱਚ ਆਮ ਸਹਿਮਤੀ ਕਾਇਮ ਨਹੀਂ ਕਰ ਸਕਦੀ।
ਜੇ ਅੱਜ ਡਾਕਟਰ ਰਾਮ ਮਨੋਹਰ ਲੋਹੀਆ ਜ਼ਿੰਦਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਆਪਣੇ ਇਸ ਕਥਨ ‘ਤੇ ਮੁੜ ਵਿਚਾਰ ਕਰਨਾ ਪੈਂਦਾ ਕਿ ‘ਜ਼ਿੰਦਾ ਕੌਮਾਂ ਪੰਜ ਸਾਲ ਉਡੀਕ ਨਹੀਂ ਕਰਦੀਆਂ’ ਕਿਉਂਕਿ ਕੌਮਾਂ ਦੀ ਇਸ ਬੇਤਾਬੀ ਕਾਰਨ ਹੀ ਸਿਆਸੀ ਅਸਥਿਰਤਾ ਦਾ ਰਾਹ ਖੁੱਲ੍ਹਿਆ ਹੈ, ਜਦ ਕਿ ਲੋਕਤੰਤਰ ਨੂੰ ਜ਼ਿੰਦਾ ਰੱਖਣ ਲਈ ਸਮੇਂ, ਸਹਿਣਸ਼ੀਲਤਾ ਅਤੇ ਸਹਿਣ ਸ਼ਕਤੀ ਤਿੰਨਾਂ ਦੀ ਲੋੜ ਹੁੰਦੀ ਹੈ। ਬਦਕਿਸਮਤੀ ਨਾਲ ਦੇਸ਼ ‘ਚ ਸਹਿਣਸ਼ੀਲਤਾ ਦਾ ਹਾਲ ਇਹ ਹੈ ਕਿ ਸਿਰਫ ਸੁਪਰੀਮ ਕੋਰਟ ਦੇ ਇੱਕ ਕਥਨ ਕਿ ‘ਕਿਸੇ ਵੀ ਕਾਨੂੰਨ ਦੀ ਦੁਰਵਰਤੋਂ ਨਾ ਹੋਵੇ, ਬੇਸ਼ੱਕ ਉਹ ਦਲਿਤਾਂ ਨਾਲ ਹੀ ਸੰਬੰਧਤ ਕਿਉਂ ਨਾ ਹੋਵੇ’ ਨਾਲ ਸੜਕ ਤੋਂ ਪਾਰਲੀਮੈਂਟ ਤੱਕ ਹੰਗਾਮਾ ਹੋ ਜਾਂਦਾ ਹੈ, ਭਾਵਨਾਵਾਂ ਭੜਕ ਉਠਦੀਆਂ ਹਨ, ਹਿੰਸਾ ਤੇ ਅਰਾਜਕਤਾ ਫੈਲ ਜਾਂਦੀ ਹੈ। ਫਿਰ ਕੀ ਗੱਲਬਾਤ ਦੇ ਸਾਰੇ ਰਾਹ ਬੰਦ ਮੰਨੇ ਜਾਣ? ਜਾਂ ਅਸੀਂ ਭਾਰਤ ਨੂੰ ਇੱਕ ‘ਨਾਕਾਮ ਰਾਸ਼ਟਰ’ ਮੰਨ ਲਈਏ?
ਭਾਰਤ ‘ਚ ਜਾਤ-ਪਾਤ ਇੱਕ ਸਮਾਜਕ ਸਮੱਸਿਆ ਹੈ, ਪਰ ਆਜ਼ਾਦ ਭਾਰਤ ‘ਚ ਅਸੀਂ ਆਪਣਾ ਸਾਰਾ ਜ਼ੋਰ ਇਸ ਦਾ ਸਿਆਸੀ ਹੱਲ ਲੱਭਣ ‘ਤੇ ਲਾ ਦਿੱਤਾ। ਅਸੀਂ ਲੜਨਾ ਸੀ ਜਾਤਵਾਦੀ ਸੋਚ ਤੇ ਬੁਰੇ ਕੰਮਾਂ ਵਿਰੁੱਧ, ਪਰ ਅਸੀਂ ਮੌਜੂਦਾ ਜਾਤੀ ਢਾਂਚੇ ਦੇ ਵਿਰੁੱਧ ਲੜਨ ਲੱਗ ਪਏ। ਇਸ ਨਾਲ ਜਾਤਵਾਦ ਅਤੇ ਉਸ ਦਾ ਜਾਗੀਰਦਾਰੀ ਮਿਜਾਜ਼ ਤਾਂ ਕਾਇਮ ਰਿਹਾ, ਸਿਰਫ ਜਾਤਾਂ ਬਦਲ ਗਈਆਂ। ਹੰਗਾਮਾ ਤਾਂ ਖੜ੍ਹਾ ਹੋ ਗਿਆ, ਪਰ ਸੂਰਤ ਨਹੀਂ ਬਦਲੀ। ਮਕਸਦ ਇਹ ਨਹੀਂ ਸੀ। ਪਿਛਲੇ ਸੱਤਰ ਸਾਲਾਂ ਵਿੱਚ ਕਿਸੇ ਵੀ ਸਿਆਸੀ ਪ੍ਰਕਿਰਿਆ ਦੇ ਤਹਿਤ ਜਾਤਾਂ ਵਿਚਾਲੇ ਆਪਸੀ ਸੂਝ, ਭਾਈਚਾਰਾ, ਸਦਭਾਵਨਾ ਤੇ ਸਨਮਾਨ ਪੈਦਾ ਕਰਨ ਵਾਲੇ ਕਿਸੇ ਵੀ ਯਤਨ ਦੇ ਭਰੋਸੇਯੋਗ ਸਬੂਤ ਦੇਖਣ ਨੂੰ ਨਹੀਂ ਮਿਲੇ। ਮਿਲਿਆ ਕੀ, ਜਾਤੀ ਧਰੁਵੀਕਰਨ, ਵੋਟ ਬੈਂਕ ਦਾ ਨਿਰਮਾਣ, ਪਰਵਾਰਵਾਦ ਅਤੇ ਵਿਆਕਤੀ ਪੂਜਾ। ਇਸ ਦਾ ਸਭ ਤੋਂ ਵੱਡਾ ਸ਼ਿਕਾਰ ਸਮਾਜ ਦਾ ਗਰੀਬ ਵਰਗ ਹੀ ਹੋਇਆ ਹੈ। ਉਸ ਨੂੰ ਜਿੰਨਾ ਦੂਜਿਆਂ ਨੇ ਠੱਗਿਆ, ਓਨਾ ਹੀ ਆਪਣਿਆਂ ਨੇ ਵੀ।
ਦੋਸ਼ੀ ਅਸੀਂ ਸਾਰੇ ਹਾਂ। ਕੀ ਇੱਕ ਸਭਿਅਕ ਸਮਾਜ ਤੇ ਸੰਵਿਧਾਨਕ ਵਿਵਸਥਾ ਤਹਿਤ ਕਿਸੇ ਕਮਜ਼ੋਰ ਵਿਅਕਤੀ ਜਾਂ ਵਰਗ ‘ਤੇ ਕੋਈ ਅਤਿਆਚਾਰ ਸਹਿਣ ਕਰ ਸਕਦਾ ਹੈ? ਇਹ ਜਾਤੀਗਤ ਨਹੀਂ, ਮਨੁੱਖੀ ਸੰਵੇਦਨਾ ਦਾ ਵਿਸ਼ਾ ਹੈ। ਅਪਰਾਧ ਨੂੰ ਜਾਤੀਗਤ ਜਾਂ ਫਿਰਕੂ ਢਾਂਚੇ ਵਿੱਚ ਢਾਲਣਾ ਵਿਆਪਕ ਮਨੁੱਖੀ ਸੰਵੇਦਨਾਂ ਨੂੰ ਇੱਕ ਘੇਰੇ ਵਿੱਚ ਬੰਨ੍ਹਣ ਵਾਂਗ ਹੈ। ਇਹ ਪਾਪ ਸਾਡੇ ਨਾਸਮਝ ਸਿਆਸਤਦਾਨਾਂ ਨੇ ਕੀਤਾ ਹੈ, ਤਦੇ ਅਸੀਂ ਇੱਕ ਦੂਜੇ ਪ੍ਰਤੀ ਗੈਰ-ਸੰਵੇਦਨਸ਼ੀਲ ਜਾਂ ਸੰਵੇਦਨਹੀਣ ਬਣਦੇ ਜਾ ਰਹੇ ਹਾਂ। ਅਸੀਂ ਆਪਸ ‘ਚ ਗੱਲ ਕਿਉਂ ਨਹੀਂ ਕਰਦੇ? ਬਿਨਾਂ ਕਿਸੇ ਅਗਾਊਂ ਧਾਰਨਾ ਦੇ ਰਾਖਵੇਂਕਰਨ, ਸਮਾਜਕ ਨਿਆਂ, ਸ਼ੋਸ਼ਣ ਅਤੇ ਅਪਰਾਧਾਂ ਬਾਰੇ ਇੱਕ ਦੂਜੇ ਦਾ ਨਜ਼ਰੀਆ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਗਰੀਬ, ਪੱਛੜੇ ਜਾਂ ਦਲਿਤ ਸਮਾਜ ਦੇ ਕਿਸੇ ਵਿਅਕਤੀ ‘ਤੇ ਹੋਣ ਵਾਲਾ ਅਤਿਆਚਾਰ ਸਾਰੇ ਦੇਸ਼ ਵਾਸੀਆਂ ਲਈ ਸ਼ਰਮ ਵਾਲੀ ਗੱਲ ਹੈ। ਜੇ ਇਸ ਵਿਰੁੱਧ ਡਟਣਾ ਸਾਡਾ ਨੈਤਿਕ ਫਰਜ਼ ਹੈ ਤਾਂ ਇਹ ਯਕੀਨੀ ਬਣਾਉਣਾ ਸਾਡਾ ਫਰਜ਼ ਹੈ ਕਿ ਹਰ ਅਪਰਾਧ ਨੂੰ ਜਾਤ-ਪਾਤ ਦੀ ਐਨਕ ਨਾਲ ਨਾ ਦੇਖਿਆ ਜਾਵੇ ਤੇ ਨਾ ਉਸ ਦਾ ਸਿਆਸੀਕਰਨ ਕੀਤਾ ਜਾਵੇ।
ਅਫਸੋਸ ਕਿ ਜਾਤਾਂ ਨੂੰ ਸਿਆਸੀ ਵਿਵਸਥਾ ਨੇ ਆਪਣੀ ਗੁਲਾਮ ਬਣਾਇਆ ਹੋਇਆ ਹੈ। ਸਿਆਸਤ ਦੀ ਸ਼ਤਰੰਜ ਵਿੱਚ ਸਾਰੀਆਂ ਜਾਤਾਂ ਆਪਣੇ ਆਕਿਆਂ ਦਾ ਮੋਹਰਾ ਬਣ ਕੇ ਰਹਿ ਗਈਆਂ ਹਨ। ਅੱਜ ਦਲਿਤ ਚਿੰਤਕ ਤਾਂ ਬਹੁਤ ਹਨ, ਪਰ ਦਲਿਤਾਂ ਦੀ ਸੱਚਮੁੱਚ ਚਿੰਤਾ ਕਰਨ ਵਾਲੇ ਘੱਟ ਹਨ। ਜਾਤੀ ਸਦਭਾਵਨਾ ਵਧਾਉਣ ਦੇ ਨਾਂਅ ‘ਤੇ ਰੱਜਵਾਂ ਨਾਸ਼ਤਾ ਕਰਨ ਤੋਂ ਬਾਅਦ ਦੋ ਘੰਟਿਆਂ ਲਈ ‘ਵਰਤ’ ਰੱਖਣਾ ਵਿਸ਼ਿਆਂ ਦੀ ਗੰਭੀਰਤਾ ਨੂੰ ਹਲਕਾ ਬਣਾਉਂਦਾ ਹੈ। ਜਾਤਾਂ ਸੰਵਿਧਾਨ ਵੱਲੋਂ ਪ੍ਰਸਤਾਵਿਤ ਬਰਾਬਰ ਅਧਿਕਾਰ ਬਨਾਮ ਵਿਸ਼ੇਸ਼ ਅਧਿਕਾਰ ਦੇ ਝਗੜੇ ਵਿੱਚ ਫਸਦੀਆਂ ਜਾਂਦੀਆਂ ਹਨ। ਸਦਭਾਵਨਾ ਭਰੇ ਮਾਹੌਲ ਵਿੱਚ ਇਸ ਦੀ ਚਰਚਾ ਹੋਣੀ ਚਾਹੀਦੀ ਹੈ, ਪਾਰਲੀਮੈਂਟ ਵਿੱਚ ਵੀ ਅਤੇ ਸਮਾਜ ‘ਚ ਵੀ, ਵਰਨਾ ਆਏ ਦਿਨ ਸੜਕਾਂ ‘ਤੇ ਹੋਣ ਵਾਲਾ ਜਾਤਵਾਦੀ ਤਾਂਡਵ ਦੇਸ਼ ਨੂੰ ਲੈ ਡੁੱਬੇਗਾ। ਜ਼ਿੰਦਾ ਕੌਮਾਂ ਹੁਣ ਹੋਰ ਫਸਾਦ ਨਹੀਂ ਝੱਲ ਸਕਦੀਆਂ।