ਉਦੋਂ ਮੂਡ ਬਦਲ ਗਿਆ ਸੀ : ਬਰੂਨਾ ਅਬਦੁੱਲਾ


‘ਕੈਸ਼’, ‘ਗ੍ਰੈਂਡ ਮਸਤੀ’, ‘ਜੈ ਹੋ’, ‘ਮਸਤੀਜ਼ਾਦੇ’ ਅਤੇ ‘ਆਈ ਹੇਟ ਲਵ ਸਟੋਰੀਜ਼’ ਜਿਹੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਮਾਡਲ ਤੋਂ ਅਭਿਨੇਤਰੀ ਬਣੀ ਬਰੂਨਾ ਅਬਦੁੱਲਾ ਦਾ ਕਰੀਅਰ ਬਾਲੀਵੁੱਡਿ ਵਿੱਚ ਇੰਨੀਆਂ ਫਿਲਮਾਂ ਕਰਨ ਦੇ ਬਾਵਜੂਦ ਚਮਕ ਨਹੀਂ ਸਕਿਆ। ਇਸ ਦਾ ਕਾਰਨ ਇੱਕ ਤਾਂ ਉਸ ਦੀ ਕਮਜ਼ੋਰ ਹਿੰਦੀ ਮੰਨੀ ਜਾਂਦੀ ਹੈ, ਨਾਲ ਕਰੀਅਰ ਦੇ ਪ੍ਰਤੀ ਗੰਭੀਰ ਨਾ ਹੋਣਾ ਵੀ ਦੂਜਾ ਕਾਰਨ ਕਿਹਾ ਜਾ ਸਕਦਾ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਦੱਸੋ?
– ਮੈਂ ਮੂਲ ਤੌਰ ‘ਤੇ ਬ੍ਰਾਜ਼ੀਲ ਦੀ ਰਹਿਣ ਵਾਲੀ ਹਾਂ। ਮੇਰਾ ਜਨਮ 24 ਅਕਤੂਬਰ 1986 ਨੂੰ ਹੋਇਆ ਸੀ। ਹੁਣ ਮੁੰਬਈ ਵਿੱਚ ਰਹਿ ਰਹੀ ਹਾਂ ਤੇ ਐਕਟਿੰਗ ਦੇ ਨਾਲ ਮਾਡਲਿੰਗ ਕਰ ਰਹੀ ਹਾਂ। ਕਈ ਸਾਊਥ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਸਾਲ 20123 ਵਿੱਚ ਮੇਰੀ ਤਮਿਲ ਫਿਲਮ ‘ਬਿੱਲਾ-2’ ਆਈ ਸੀ। ਪਹਿਲਾਂ ਮੈਂ ਬ੍ਰਾਜ਼ੀਲ ਦੇ ਇੱਕ ਬੈਂਕ ‘ਚ ਨੌਕਰੀ ਕਰਦੀ ਸੀ। ਉਦੋਂ ਮੇਰੀ ਉਮਰ ਸਿਰਫ 16 ਸਾਲ ਸੀ। ਮੇਰੇ ਬੌਸ ਨੇ ਕਿਹਾ ਕਿ ਬਿਊਟੀ ਕਾਂਟੈਸਟ ਹੋਣ ਵਾਲਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਉਸ ਵਿੱਚ ਹਿੱਸਾ ਲਵੇ। ਜਿੱਤਣ ‘ਤੇ ਕੰਪਿਊਟਰ ਅਤੇ ਕੈਸ਼ ਮਿਲੇਗਾ। ਮੈਂ ਮਾਡਲ ਟਾਈਪ ਨਹੀਂ ਸੀ, ਮੇਰੇ ਦੋਸਤ ਅਤੇ ਸਾਥੀਆਂ ਨੇ ਮੈਨੂੰ ਉਤਸ਼ਾਹਤ ਕੀਤਾ ਅਤੇ ਮੈਂ ਮੁਕਾਬਲੇ ਵਿੱਚ ਹਿੱਸਾ ਲੈ ਲਿਆ। ਉਥੇ ਮੈਂ ਪਹਿਲੀ ਵਾਰ ਬਿਕਨੀ ਅਤੇ ਹੀਲਸ ਵਾਲੇ ਸੈਂਡਲ ਪਹਿਨੇ ਸਨ। ਇਹ ਮੁਕਾਬਲਾ ਜਿੱਤਣ ਤੋਂ ਬਾਅਦ ਮੈਨੂੰ ਕਈ ਸੀਨੀਅਰ ਮਾਡਲਸ ਨੇ ਆਪਣੀ ਏਜੰਸੀ ਲਈ ਕੰਮ ਦਾ ਆਫਰ ਦਿੱਤਾ, ਪਰ ਮੈਂ ਆਪਣੀ ਪੜ੍ਹਾਈ ਜਾਰੀ ਰੱਖਣੀ ਚਾਹੁੰਦੀ ਸੀ, ਇਸ ਲਈ ਮਨ੍ਹਾ ਕਰ ਦਿੱਤਾ।
* ਫਿਰ ਵਿਗਿਆਪਨ ਦੀ ਦੁਨੀਆ ਵਿੱਚ ਕਿਵੇਂ ਆਏ?
– ਮੁਕਾਬਲਾ ਜਿੱਤਣ ਤੋਂ ਲਗਭਗ ਛੇ ਮਹੀਨੇ ਬਾਅਦ ਮੈਂ ਇੱਕ ਕਮਰਸ਼ੀਅਲ ਐਡ ਕੀਤੀ ਜਿਸ ਲਈ ਮੈਨੂੰ ਇੱਕ ਹਜ਼ਾਰ ਡਾਲਰ ਮਿਲੇ। ਇਹ ਮੇਰੇ ਲਈ ਬਹੁਤ ਵੱਡੀ ਰਕਮ ਸੀ। ਇੱਕ ਮਹੀਨੇ ਬਾਅਦ ਇੱਕ ਜਾਪਾਨੀ ਵਿਅਕਤੀ ਮੈਨੂੰ ਮਿਲਿਆ ਤੇ ਉਸ ਨੇ ਮੈਨੂੰ ਟੋਕੀਓ ‘ਚ ਕਮਰਸ਼ੀਅਲ ਐਡ ਦਾ ਆਫਰ ਦਿੱਤਾ। ਮੈਂ ਬਹੁਤ ਦੁਚਿੱਤੀ ਵਿੱਚ ਸੀ, ਪਰ ਆਖਿਰ ਤਿਆਰ ਹੋ ਗਈ। ਜਦੋਂ ਮੈਂ ਘਰ ਦਿਆਂ ਨੂੰ ਕਿਹਾ ਕਿ ਮੈਂ ਟੋਕੀਓ ਜਾਣਾ ਹੈ ਤਾਂ ਮੰਮੀ-ਪਾਪਾ ਦੋਵੇਂ ਰੋਣ ਲੱਗੇ। ਬੜੇ ਹੌਸਲੇ ਨਾਲ ਉਨ੍ਹਾਂ ਨੇ ਮੈਨੂੰ ਆਪਣੀ ਪਛਾਣ ਬਣਾਉਣ ਲੀ ਉਤਸ਼ਾਹਤ ਕੀਤਾ ਅਤੇ ਮੈਂ ਘਰੋਂ ਨਿਕਲ ਪਈ।
* ਇੰਡੀਆ ਆ ਕੇ ਇਥੇ ਕਰੀਅਰ ਬਣਾਉਣ ਦਾ ਇਰਾਦਾ ਕਿਵੇਂ ਕੀਤਾ?
– ਦਰਅਸਲ ਮੈਂ ਇੱਥੇ ਕਰੀਅਰ ਬਣਾਉਣ ਦੇ ਲਿਹਾਜ਼ ਨਾਲ ਨਹੀਂ ਆਈ, ਸਗੋਂ ਟੂਰਿਸਟ ਵਜੋਂ ਘੰੁਮਣ ਆਈ ਸੀ। ਇਥੇ ਆ ਕੇ ਮੇਰਾ ਮੂਡ ਬਦਲ ਗਿਆ ਤੇ ਮੈਂ ਮਾਡਲਿੰਗ ਕਰਨ ਲੱਗੀ। ਫਿਰ ਫਿਲਮਾਂ ਕਰਨ ਦਾ ਮੌਕਾ ਮਿਲਿਆ ਤੇ ਮੈਂ ਐਕਟਿੰਗ ਨਾਲ ਜੁੜ ਗਈ। ਉਂਝ ਫਿਲਮਾਂ ਤੋਂ ਪਹਿਲਾਂ ਮੈਂ ਐਡ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕੀਤਾ। ਮੈਂ ਸਭ ਤੋਂ ਪਹਿਲਾਂ ਸ਼ੇਖਰ ਸੁਮਨ ਦੀ ਮਿਊਜ਼ਿਕ ਐਲਬਮ ‘ਮੇਰੇ ਗ਼ਮ ਕੇ ਦਾਇਰੇ ਮੇਂ’ ਵਿੱਚ ਕੰਮ ਕੀਤਾ ਅਤੇ ‘ਕੈਸ਼’ ਤੇ ‘ਦੇਸੀ ਬੁਆਏਜ਼’ ਵਰਗੀਆਂ ਫਿਲਮਾਂ ਵਿੱਚ ਆਈਟਮ ਗੀਤ ‘ਤੇ ਡਾਂਸ ਵੀ ਕੀਤਾ।
* ਪਹਿਲੀ ਹਿੰਦੀ ਫਿਲਮ ਵਿੱਚ ਰੋਲ ਕਿਵੇਂ ਮਿਲਿਆ?
– ਮੁੰਬਈ ਆਉਣ ਤੋਂ ਇੱਕ-ਦੋ ਮਹੀਨੇ ਪਹਿਲਾਂ ਮੈਂ ਫਿਲੀਪੀਨਸ ਵਿੱਚ ਸੀ, ਜਿੱਥੇ ਮੈਂ ਬਹੁਤ ਸਾਰੇ ਇੰਡੀਅਨ ਦੋਸਤਾਂ ਦੇ ਸੰਪਰਕ ਵਿੱਚ ਸੀ। ਉਹ ਮੈਨੂੰ ਕਹਿੰਦੇ ਸਨ ਕਿ ਮੈਂ ਇੰਡੀਅਨ ਲੱਗਦੀ ਹਾਂ ਤੇ ਮੈਨੂੰ ਬਾਲੀਵੁੱਡ ਟਰਾਈ ਕਰਨੀ ਚਾਹੀਦੀ ਹੈ। ਫਿਰ ਕੀ ਸੀ, ਮੈਂ ਇੰਡੀਆ ਆ ਪਹੁੰਚੀ। ਇਥੇ ਮੈਨੂੰ ਸਾੜ੍ਹੀ ਦੀ ਐਡ ਮਿਲੀ। ਇੰਡੀਅਨ ਡਰੈਸ ਤੇ ਮੇਕਅਪ ਵਿੱਚ ਮੈਂ ਖੁਦ ਨੂੰ ਰਾਜ ਕੁਮਾਰੀ ਦੀ ਤਰ੍ਹਾਂ ਮਹਿਸੂਸ ਕਰਨ ਲੱਗੀ। ਉਹ ਫੋਟੋ ਮੈਂ ਮਾਂ ਨੂੰ ਵੀ ਭੇਜੀ। ਫਿਰ ਮੈਂ ‘ਕੈਸ਼’ ਮੂਵੀ ਲਈ ਆਈਟਮ ਗੀਤ ਕੀਤਾ। ਉਸੇ ਦੌਰਾਨ ਇੱਕ ਦਿਨ ਡਾਇਰੈਕਟਰ ਪੁਨੀਤ ਦਾ ਫੋਨ ਆਇਆ। ਉਨ੍ਹਾਂ ਮੈਨੂੰ ‘ਆਈ ਹੇਟ ਲਵ ਸਟੋਰੀਜ਼’ ਲਈ ਰੋਲ ਆਫਰ ਕੀਤਾ। ਰੋਲ ਭਾਵੇਂ ਛੋਟਾ ਸੀ, ਪਰ ਦਮਦਾਰ ਸੀ। ਇਸ ਲਈ ਮੈਂ ਹਾਂ ਕਰ ਦਿੱਤੀ।
* ਕੀ ਫਿਲਮਾਂ ਵਿੱਚ ਰੋਲ ਕਰਨ ਲਈ ਭਾਸ਼ਾ ਦੀ ਸਮੱਸਿਆ ਵੀ ਆਈ?
– ਹਾਂ, ਦਰਅਸਲ ਪੁਨੀਤ ਨੇ ਮੈਨੂੰ ਇਸ ਫਿਲਮ ਲਈ ਹਿੰਦੀ ਵਿੱਚ ਲਿਖੀ ਸਕ੍ਰਿਪਟ ਦਿੱਤੀ ਅਤੇ ਕਿਹਾ ਕਿ ਇਸ ਨੂੰ ਪੜ੍ਹੋ, ਉਸ ਸਮੇਂ ਮੈਨੂੰ ਹਿੰਦੀ ਥੋੜ੍ਹੀ ਬਹੁਤ ਹੀ ਸਮਝ ਆਉਂਦੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਇੱਕ ਦਿਨ ਦਾ ਸਮਾਂ ਦਿਓ। ਫਿਰ ਮੈਂ ਹਿੰਦੀ ਫਿਲਮਾਂ ਦੇਖ-ਦੇਖ ਕੇ ਹਿੰਦੀ ਬੋਲਣੀ ਸਿੱਖ ਲਈ।
* ਇੰਡੀਆ ‘ਚ ਕੋਈ ਅਜਿਹੀ ਗੱਲ ਵੀ ਹੋਈ, ਜਿਸ ਨੂੰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ?
– ਹਾਂ ਇਥੇ ਮੇਰੇ ਨਾਲ ਇੱਕ ਕਿੱਸਾ ਵੀ ਹੋਇਆ। ਇੰਡੀਆ ਦਾ ਮੌਸਮ ਤੇ ਖਾਣਾ ਦੋਵੇਂ ਮੇਰੇ ਲਈ ਨਵੇਂ ਸਨ। ਮੈਂ ਸਾੜ੍ਹੀ ਦੇ ਸ਼ੂਟ ਲਈ ਜਾ ਰਹੀ ਸੀ ਅਤੇ ਸਪਾਇਸੀ ਖਾਣਾ ਖਾ ਲਿਆ। ਉਸ ਤੋਂ ਬਾਅਦ ਮੇਰੀ ਤਬੀਅਤ ਵਿਗੜ ਗਈ, ਹਾਲਾਂਕਿ ਹੌਲੀ ਹੌਲੀ ਮੈਨੂੰ ਇਥੇ ਦੇ ਖਾਣੇ ਅਤੇ ਮੌਸਮ ਦੀ ਆਦਤ ਪੈ ਗਈ।