ਉਤਰੀ ਕੋਰੀਆ ਤੇ ਅਮਰੀਕਾ ਹਾਲ ਦੀ ਘੜੀ ਗੱਲਬਾਤ ਨਹੀਂ ਕਰਨਗੇ


ਸਿਓਲ, 9 ਫਰਵਰੀ (ਪੋਸਟ ਬਿਊਰੋ)- ਦੱਖਣੀ ਕੋਰੀਆ ‘ਚ ਵਿੰਟਰ ਓਲੰਪਿਕਸ ਦੇ ਉਦਘਾਟਨ ਸਮਾਰੋਹ ਵਿੱਚ ਉਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਆਹਮੋ ਸਾਹਮਣੇ ਹੋਣਗੇ, ਪਰ ਉਨ੍ਹਾਂ ਵਿਚਾਲੇ ਗੱਲਬਾਤ ਨਹੀਂ ਹੋਵੇਗੀ।
ਉਤਰੀ ਕੋਰੀਆ ਨੇ ਸਾਫ ਕਰ ਦਿੱਤਾ ਕਿ ਅਮਰੀਕਾ ਨਾਲ ਗੱਲਬਾਤ ਦੀ ਹਾਲ ਦੀ ਘੜੀ ਉਸ ਦੀ ਕੋਈ ਯੋਜਨਾ ਨਹੀਂ ਹੈ। ਵਿੰਟਰ ਉਲੰਪਿਕਸ ਦੇ ਉਦਘਾਟਨ ਸਮਾਰੋਹ ਲਈ ਦੱਖਣੀ ਕੋਰੀਆ ਜਾਂਦੇ ਹੋਏ ਜਾਪਾਨ ‘ਚ ਰੁਕੇ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਕਿ ਉਤਰੀ ਕੋਰੀਆ ਬਾਰੇ ਉਨ੍ਹਾਂ ਦੇ ਦੇਸ਼ ਨੇ ਸਾਰੇ ਬਦਲ ਖੁੱਲ੍ਹੇ ਰੱਖੇ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਮੁਲਾਕਾਤ ਤੋਂ ਬਾਅਦ ਪੈਂਸ ਨੇ ਕਿਹਾ, ਉਤਰੀ ਕੋਰੀਆ ਘਾਤਕ ਹਥਿਆਰਾਂ ਦੇ ਵਿਕਾਸ ਤੋਂ ਪਿੱਛੇ ਨਾ ਹਟਿਆ ਤਾਂ ਉਸ ਉਤੇ ਹਮਲਾਵਰ ਤਰੀਕੇ ਨਾਲ ਹੋਰ ਸਖਤ ਪਾਬੰਦੀਆਂ ਲਾਈਆਂ ਜਾਣਗੀਆਂ। ਉਸ ਨੇ ਕਿਹਾ ਕਿ ਅਮਰੀਕਾ ਅਸਲ ਵਿੱਚ ਕੋਰੀਆ ਖਿੱਤੇ ਦੀ ਸਮੱਸਿਆ ਦਾ ਪੂਰਾ ਹੱਲ ਚਾਹੁੰਦਾ ਹੈ, ਪਰ ਇਸ ਨੂੰ ਅਮਰੀਕਾ ਦੀ ਕਮਜ਼ੋਰੀ ਨਾ ਮੰਨਿਆ ਜਾਵੇ। ਇਸ ਦੌਰਾਨ ਬੀਜਿੰਗ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨੇ ਕਿਹਾ ਕਿ ਸਮੱਸਿਆ ਦੇ ਹੱਲ ਦੀ ਦਿਸ਼ਾ ਵਿੱਚ ਵਿੰਟਰ ਓਲੰਪਿਕ ਸ਼ੁਰੂਆਤ ਸਾਬਤ ਹੋ ਸਕਦਾ ਹੈ। ਉਤਰੀ ਕੋਰੀਆ ਵੱਲੋਂ ਸਮਾਰੋਹ ‘ਚ ਉਥੋਂ ਦੀ ਪਾਰਲੀਮੈਂਟ ਦੇ ਸਪੀਕਰ ਕਿਮ ਯੋਂਗ ਨਾਮ ਵੀ ਹਿੱਸਾ ਲੈਣਗੇ। ਇਸ ਵਫਦ ‘ਚ ਦੇਸ਼ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਵੀ ਹੋਵੇਗੀ। ਕਿਮ ਯੋਗ ਜੋਂਗ ਨਿੱਜੀ ਜਹਾਜ਼ ਰਾਹੀਂ ਕੱਲ੍ਹ ਇੰਚੇਨ ਹਵਾਈ ਅੱਡੇ ਪਹੁੰਚੇਗੀ। ਉਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਕਿਮ ਯੋ ਜੋਂਗ ਨੂੰ ਖਾਸ ਛੋਟ ਦਿੱਤੀ ਗਈ ਹੈ।