ਉਡੀਕ

-ਜਗਜੀਤ ਕੌਰ ਢਿੱਲਵਾਂ

ਡਰਦੀ-ਡਰਦੀ ਪੁੱਛਦੀ, ਰੁੱਖਾਂ ਕੋਲੋਂ ਪੌਣ,
ਕਿਸ ਨੇ ਵੱਢੇ ਅੰਗ ਵੇ, ਕਿਸ ਨੇ ਛਿੱਲੀ ਧੌਣ?

ਫਸਲਾਂ ਪਾ ਕੇ ਕੀਰਨੇ, ਸਾਨੂੰ ਕਰਨ ਸਵਾਲ,
ਰੁੱਖ ‘ਤੇ ਰਾਖਾ ਖੇਤ ਦਾ, ਟੰਗ ਗਿਆ ਹੈ ਕੌਣ?

ਖੇੜਾ ਖਿੜ-ਖਿੜ ਹੱਸਦਾ, ਬਾਗਾਂ ਵਿਹੜੇ ਆਣ,
ਕਿੱਕਲੀ ਪਾਈ ਤਿਤਲੀਆਂ, ਭੌਰੇ ਲੱਗੇ ਗਾਉਣ।

ਪਾ ਲੰਬੀ ਤਾਰੀਖ ਵੇ, ਤੁਰ ਗਿਉਂ ਤੂੰ ਪਰਦੇਸ,
ਸਾਡੇ ਨੈਣੋਂ ਵਰਸਦਾ, ਆ ਕੇ ਤੱਕੀਂ ਸਾਉਣ।

ਰੱਸੀ ਪਾ ਕੇ ਮੋਹ ਦੀ, ਫੇਰ ਵਗਾਈ ਲੱਜ,
ਸਾਂਝਾਂ ਦਾ ਜਲ ਕੱਢ ਵੇ, ਚੜ੍ਹ ਖੂਹੇ ਦੀ ਮੌਣ।

ਸੱਗੀ ਗੁੰਦੀ ਪਰਬਤਾਂ, ਚੁੰਨੀ ਲੈ ਹਰਿਔਲ,
ਪਾ ਸਰਵਰ ਦਾ ਘੱਗਰਾ, ਲਹਿਰਾਂ ਲਾਈ ਲੌਣ।

ਰੋਟੀ ਵੇਲਾਂ ਮਿੱਠੜੀ, ਰੀਝਾਂ ਚਾਵਾਂ ਨਾਲ,
ਆਟਾ ਗੁੰਨ੍ਹ ਪਰੇਮ ਦਾ, ਭਰ ਬੈਠੀ ਮੈਂ ਤੌਣ।