ਉਂਟੇਰੀਓ ਸਿਵਲ ਲਿਬਰਟੀਜ਼ ਜੌਹਨਸਟਨ ਦੀ ਪਿੱਠ ਉੱਤੇ!

31 OCLAਮਿਸੀਸਾਗਾ ਸਿਟੀ ਲਈ ਮੇਅਰ ਦੀ ਚੋਣ ਲੜ ਚੁੱਕੇ ਅਤੇ ਫਰੀਡਮ ਰਿਪੋਰਟ ਮਿਸੀਸਾਗਾ ਨਾਮਕ ਵੈੱਬਸਾਈਟ ਆਧਾਰਤਿ ਮੀਡੀਆ ਦੇ ਕਰਤਾ ਧਰਤਾ ਕੈਵਿਨ ਜੌਹਨਸਟਨ ਉੱਤੇ ਨਫ਼ਰਤ ਫੈਲਾਉਣ ਅਤੇ ਫਿਰਕਿਆਂ ਦਰਮਿਆਨ ਦੁਫਾੜ ਪਾਉਣ ਵਰਗੇ ਦੋਸ਼ਾਂ ਤਹਿਤ ਪੀਲ ਪੁਲੀਸ ਨੇ 24 ਜੁਲਾਈ ਨੂੰ ਦੋਸ਼ ਆਇਦ ਕੀਤੇ ਸਨ। ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 319 (2) ਤਹਿਤ ਦੋਸ਼ ਆਇਦ ਕਰਨ ਲਈ ਸ਼ਰਤ ਹੁੰਦੀ ਹੈ ਕਿ ਪੁਲੀਸ ਨੂੰ ਅਜਿਹਾ ਕਰਨ ਲਈ ਪ੍ਰੋਵਿੰਸ ਦੇ ਅਟਾਰਨੀ ਜਨਰਲ ਤੋਂ ਲਿਖਤੀ ਮਨਜ਼ੂਰੀ ਹਾਸਲ ਕਰੇ। ਕੈਵਿਨ ਜੌਹਨਸਟਨ ਦੇ ਕੇਸ ਵਿੱਚ ਉਂਟੇਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਵੱਲੋਂ ਪੀਲ ਪੁਲੀਸ ਨੂੰ ਲਿਖ਼ਤੀ ਇਜਾਜ਼ਤ ਦਿੱਤੀ ਗਈ ਸੀ।

ਬੇਸ਼ੱਕ ਪੀਲ ਪੁਲੀਸ ਨੇ ਲਾਏ ਗਏ ਦੋਸ਼ਾਂ ਦੇ ਵੇਰਵੇ ਰੀਲੀਜ਼ ਨਹੀਂ ਕੀਤੇ ਹਨ ਪਰ ਇਹ ਗੱਲ ਸਾਫ਼ ਚਿੱਟੀ ਹੈ ਕਿ ਕੈਵਿਨ ਵਿਰੁੱਧ ਮੁਸਲਮਾਨ ਭਾਈਚਾਰੇ ਖਿਲਾਫ਼ ਨਫ਼ਤਰ ਫੈਲਾਉਣ ਦੇ ਦੋਸ਼ ਸ਼ਾਮਲ ਹੋਣਗੇ। ਪਿਛਲੇ ਲੰਬੇ ਸਮੇਂ ਤੋਂ ਕੈਵਿਨ ਵੱਲੋਂ ਮਿਸੀਸਾਗਾ ਦੇ ਮੁਸਲਮਾਨ ਭਾਈਚਾਰੇ ਨੂੰ ਲੈ ਕੇ ਇੱਕ ਤਿੱਖੀ ਸ਼ਾਬਦਿਕ ਮੁਹਿੰਮ ਵਿੱਢੀ ਹੋਈ ਸੀ। ਇਸ ਵਿੱਚ ਪੀਲ ਡਿਸ੍ਰਟਿਕਟ ਬੋਰਡ ਦੇ ਸਕੂਲਾਂ ਵਿੱਚ ਮੁਸਲਮਾਨ ਵਿੱਦਿਆਰਥੀਆਂ ਨੂੰ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਦਾ ਵਿਰੋਧ, ਮਿਸੀਸਾਗਾ ਦੇ ਮੈਡੋਵੇਲ ਏਰੀਆ ਵਿੱਚ ਮਸਜਿਦ ਦੀ ਉਸਾਰੀ ਦਾ ਵਿਰੋਧ ਅਤੇ ਲਿਬਰਲ ਐਮ ਪੀ ਇਕਰਾ ਖਾਲਦ ਵੱਲੋਂ ਫੈਡਰਲ ਪਾਰਲੀਮੈਂਟ ਵਿੱਚ ਪਾਸ ਕਰਵਾਇਆ ਗਿਆ ਐਂਟੀ ਇਸਲਾਮੋਫੋਬੀਆ ਬਾਰੇ ਮੋਸ਼ਨ ਐਮ 103 ਦਾ ਵਿਰੋਧ ਸ਼ਾਮਲ ਹੈ। ਕੈਵਿਨ ਦੀਆਂ ਵੀਡੀਓ ਵਿੱਚ ਅਜਿਹੀ ਸ਼ਬਦਾਵਲੀ ਵਰਤੀ ਜਾਂਦੀ ਰਹੀ ਹੈ ਜਿਸ ਨਾਲ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣਾ ਬਹੁਤ ਸੰਭਵ ਹੈ।

ਕੈਵਿਨ ਜੌਹਨਸਟਨ ਦੇ ਕੇਸ ਨੇ ਉਸ ਵੇਲੇ ਦਿਲਚਸਪ ਮੋੜ ਕੱਟ ਲਿਆ ਜਦੋਂ ਉਂਟੇਰੀਓ ਸਿਵਲ ਲਿਬਰਟੀਜ਼ ਐਸੋਸੀਏਸ਼ਨ (Ontario Civil Liberties Association [OCLA])  ਨੇ ਊਸਦੇ ਹੱਕ ਵਿੱਚ ਇੱਕ ਪਟੀਸ਼ਨ ਤਿਆਰ ਕੀਤੀ ਹੈ। ਸਿਵਲ ਲਿਬਰਟੀਜ਼ ਦਾ ਆਖਣਾ ਹੈ ਕਿ ਉਹ ਕੈਨੇਡੀਅਨ ਚਾਰਟਰ ਆਫ ਰਾਈਟਸ ਤਹਿਤ ਕੈਵਿਨ ਦੇ ਬੋਲਣ ਦੇ ਅਧਿਕਾਰ ਦੇ ਪੱਖ ਵਿੱਚ ਖਲੋਤੀ ਹੈ ਕਿਉਂਕਿ ਕਿਸੇ ਵਿਅਕਤੀ ਨੂੰ ਉਸਦੀ ਸੋਚ, ਰਵਈਏ ਜਾਂ ਤਕਰੀਰ ਬਦਲੇ ਜੇਲ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਸਰਕਾਰ ਕੋਲ ਸਬੂਤ ਨਾ ਹੋਣ ਕਿ ਕਿਸੇ ਵਿਅਕਤੀ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਹਕੀਕੀ ਰੂਪ ਵਿੱਚ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਜਾ ਸਕਦਾ ਸੀ। ਸਿਵਲ ਲਿਬਰਟੀਜ਼ ਦਾ ਮੰਨਣਾ ਹੈ ਕਿ ਸਿਆਸੀ ਜਮਾਤਾਂ ਅਤੇ ਸਰਕਾਰਾਂ ਵੱਲੋਂ ਕ੍ਰਿਮੀਨਲ ਕੋਡ ਦੀਆਂ 318 ਤੋਂ 320 ਤੱਕ ਧਾਰਾਵਾਂ ਨੂੰ ਅਕਸਰ ਸਿਆਸੀ ਲਾਭਾਂ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਸ ਧਾਰਾ ਤਹਿਤ ਸਰਕਾਰ ਦੀ ਮਨਜ਼ੂਰੀ ਤੋਂ ਬਿਨਾ ਕਿਸੇ ਉੱਤੇ ਕੇਸ ਹੀ ਦਰਜ਼ ਨਹੀਂ ਕੀਤਾ ਜਾ ਸਕਦਾ।

ਸਿਵਲ ਲਿਬਰਟੀਜ਼ ਦੀ ਪਟੀਸ਼ਨ ਸਪੱਸ਼ਟ ਮੁਤਾਬਕ ਕੈਵਿਨ ਵਿਰੁੱਧ ਲਾਏ ਗਏ ਚਾਰਜ ਸਿਆਸੀ ਰੰਗਤ ਵਾਲੇ ਹਨ। ਲਿਬਰਟੀਜ਼ ਦੀ ਪਟੀਸ਼ਨ ਇਹ ਵੀ ਆਖ ਰਹੀ ਹੈ ਕਿ ਕਿਸੇ ਸੋਸ਼ਲ ਮੀਡੀਆ ਬਲੌਗਰ ਉੱਤੇ ਮੁਸਲਿਮ ਵਿਰੋਧੀ ਜਾਂ ਯਹੂਦੀ ਵਿਰੋਧੀ ਆਦਿ ਹੋਣ ਦਾ ਲੇਬਲ ਲਾ ਕੇ ਵੋਟਾਂ ਬਟੋਰਨਾ ਬਹੁਤ ਸੌਖਾ ਕੰਮ ਹੈ ਕਿਉਂਕਿ ਇੱਕ ਵਿਅਕਤੀ ਵਿਰੁੱਧ ਕੇਸ ਕਰਕੇ ਇੱਕ ਪੂਰੇ ਦੇ ਪੂਰੇ ਗੁੱਟ ਦੀਆਂ ਵੋਟਾਂ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

ਕੈਵਿਨ ਵਿਰੁੱਧ ਚਾਰਜ ਲਾਉਣ ਤੋਂ ਬਾਅਦ ਉਸਦੇ ਯੂ ਟਿਊਬ ਚੈਨਲ ਨੂੰ ਬੰਦ ਕੀਤਾ ਗਿਆ ਤਾਂ ਇਸਦੀ ਖਬ਼ਰ ਸੱਭ ਤੋਂ ਪਹਿਲਾਂ ਆਪਣੇ ਟਵਿੱਟਰ ਅਕਾਊਟ ਉੱਤੇ ਮੈਂਬਰ ਆਫ ਪਾਰਲੀਮੈਂਟ ਓਮਰ ਅਲਘਬਰਾ ਨੇ ਦਿੱਤੀ ਗਈ ਸੀ। ਸੁਆਲ ਪੈਦਾ ਹੁੰਦਾ ਹੈ ਕਿ ਕੀ ਇੱਕ ਮੈਂਬਰ ਪਾਰਲੀਮੈਂਟ ਨੂੰ ਅਜਿਹੀ ਖਬ਼ਰ ਦੇ ਪਿੱਛੇ ਦੌੜਨਾ ਚਾਹੀਦਾ ਹੈ ਜੇਕਰ ਉਸਨੂੰ ਅਜਿਹੀ ਖਬ਼ਰ ਪਿੱਛੇ ਸਿਆਸੀ ਲਾਭ ਲੁਕੇ ਵਿਖਾਈ ਨਹੀਂ ਦੇ ਰਹੇ?

ਕਨੂੰਨ ਦੀ ਇੱਕ ਸਮੱਸਿਆ ਇਹ ਹੁੰਦੀ ਹੈ ਕਿ ਇਹ ਹਰ ਚੀਜ਼ ਨੂੰ ‘ਕਾਲੇ ਚਿੱਟੇ’ (ਬਲੈਕ ਐਂਡ ਵ੍ਹਾਈਟ) ਰੂਪ ਵਿੱਚ ਹੀ ਵੇਖਦਾ ਹੈ ਜਦੋਂ ਕਿ ਜੀਵਨ ਮੱਧ-ਮਾਰਗ ਵਿੱਚ ਚੰਗੇਰੀ ਸੁਰ ਫੜਦਾ ਹੈ। ਇਹ ਸਮੱਸਿਆ ਸਿਰਫ਼ ਕਨੂੰਨ ਦੀ ਨਹੀਂ ਸਗੋਂ ਉਹਨਾਂ ਲੋਕਾਂ ਜਾਂ ਗੁੱਟਾਂ ਦੀ ਵੀ ਹੁੰਦੀ ਹੈ ਜੋ ਸਿਰਫ਼ ਖੁਦ ਨੂੰ ਚੰਗਾ ਮੰਨਦੇ ਹਨ ਅਤੇ ਕਿਸੇ ਹੋਰ ਦੇ ਪੱਖ ਜਾਂ ਹੱਕ ਨੂੰ ਮੰਨਣ ਲਈ ਜਾਂ ਬਣਦੀ ਥਾਂ ਦੇਣ ਤਿਆਰ ਨਹੀਂ ਹੁੰਦੇ। ਅਜਿਹੇ ਲੋਕਾਂ ਲਈ ਵੀ ਜੀਵਨ ਦਾ ਲੈਂਡਸਕੇਪ ਬਲੈਕ ਐਂਡ ਵ੍ਹਾਈਟ ਹੀ ਹੁੰਦਾ ਹੈ।

ਸਿਵਲ ਲਿਬਰਟੀਜ਼ ਵੱਲੋਂ ਕੈਵਿਨ ਦੇ ਕੇਸ ਬਾਰੇ ਗੱਲ ਕਰਨੀ ਇੱਕ ਦਿਲਚਸਪ ਗੱਲ ਹੈ ਕਿਉਂਕਿ ਇਸਦੀ ਪਟੀਸ਼ਨ ਵਿੱਚ ਅਟਾਰਨੀ ਜਨਰਲ ਨੂੰ ਸਲਾਹ ਦਿੱਤੀ ਗਈ ਹੈ ਕਿ ਕਨੂੰਨ ਨਾਲ ਇੱਕ ਦੁੱਕਾ ਦੀ ਆਵਾਜ਼ ਬੰਦ ਕਰਕੇ ਸਿਆਸੀ ਲਾਭ ਲੈਣ ਦੀ ਥਾਂ ਗੱਲਬਾਤ ਦਾ ਰਾਹ ਅਪਣਾਇਆ ਜਾਣਾ ਚਾਹੀਦਾ ਹੈ। ਸਮਾਜਕ ਮਸਲਿਆਂ ਦੇ ਹੱਲ ਕਨੂੰਨਾਂ ਦੇ ਸਹਾਇਤਾ ਨਾਲ ਸਥਾਈ ਰੂਪ ਵਿੱਚ ਹੱਲ ਨਹੀਂ ਹੋ ਸਕਦੇ ਲੇਕਿਨ ਸੰਵਾਦ ਦੇ ਮਾਧਿਅਮ ਕਮਿਉਨਿਟੀਆਂ ਨੂੰ ਨਰੋਆ ਅਤੇ ਨਿੱਗਰ ਬਣਾਇਆ ਜਾ ਸਕਦਾ ਹੈ।