ਉਂਟੇਰੀਓ ਵਿੱਚ ‘ਫੈਮਲੀ ਲਾਅ’ ਤੱਕ ਪਹੁੰਚ ਦਾ ਆਸਾਨ ਹੋਣਾ

 

ਬੀਤੇ ਦਿਨੀਂ ਲਾਅ ਸੁਸਾਇਟੀ ਆਫ ਅੱਪਰ ਕੈਨੇਡਾ ਨੇ ਇੱਕ ਮਤਾ ਪਾਸ ਕਰਕੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੈਰਾਲੀਗਲਾਂ ਨੂੰ ਉਂਟੇਰੀਓ ਵਿੱਚ ਫੈਮਲੀ ਲਾਅ ਨੂੰ ਇੱਕ ਖਾਸ ਪੱਧਰ ਤੱਕ ਪ੍ਰੈਕਟਿਸ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਇਸ ਸਬੰਧੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਪਰ ਉਂਟੇਰੀਓ ਵਿੱਚ ਫੈਮਲੀ ਲਾਅ ਨੂੰ ਲੈ ਕੇ ਜੂਝ ਰਹੇ ਪਰਿਵਾਰਾਂ ਲਈ ਇਹ ਸੇਵਾ ਕਾਫੀ ਸਹਾਇਕ ਹੋਣ ਦੇ ਆਸਾਰ ਹਨ। ਲਾਅ ਸੁਸਾਇਟੀ ਨੇ ਇਹ ਮਤਾ ਉਂਟੇਰੀਓ ਦੇ ਅਟਾਰਨੀ ਜਨਰਲ ਮਹਿਕਮੇ ਦੀ ਜੁਆਇੰਟ ਐਕਸ਼ਨ ਪਲਾਨ ਦੇ ਜਨਤਕ ਹਿੱਤ ਅਤੇ ਜਨਤਕ ਭਲਾਈ ਦੀ ਯੋਜਨਾ ਦੇ ਹਿੱਸੇ ਵਜੋਂ ਪਾਸ ਕੀਤਾ ਗਿਆ ਹੈ। ਟਰੈਫਿਕ ਲਾਅ, ਸਮਾਲ ਕਲੇਮ ਕੋਰਟ, ਰਿਫਿਊਜੀ ਬੋਰਡ ਸਮੇਤ ਹੋਰ ਕਮਿਸ਼ਨਾਂ ਵਿੱਚ ਕੇਸ ਲੜਨ ਦੇ ਨਾਲ ਫੈਮਲੀ ਲਾਅ ਦੀ ਪ੍ਰੈਕਟਿਸ ਲਈ ਪੈਰਾਲੀਗਲਾਂ ਨੂੰ ਅਧਿਕਾਰਤ ਕਰਨ ਨਾਲ ਸਰਕਾਰ ਦੀ ‘ਨਿਆਂ ਤੱਕ’ ਪਹੁੰਚ ਦੇ ਟੀਚੇ ਦੀ ਪੂਰਤੀ ਵੀ ਹੋਵੇਗੀ।

ਵਰਨਣਯੋਗ ਹੈ ਕਿ ਅਟਾਰਨੀ ਜਨਰਲ ਮਹਿਕਮੇ ਅਤੇ ਲਾਅ ਸੁਸਾਇਟੀ ਵੱਲੋਂ ਸਾਬਕਾ ਜਸਟਿਨ ਐਨ ਮੇਰੀ ਬੋਂਕਾਲੋ  (Ann Marie Bonkalo) ਦੀ ਅਗਵਾਈ ਵਿੱਚ ਇੱਕ 17 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸਨੇ ਪੈਰਾਲੀਗਲਾਂ ਨੂੰ ਫੈਮਲੀ ਲਾਅ ਪ੍ਰੈਕਟਿਸ ਕਰਨ ਦੀ ਆਗਿਆ ਦੇਣ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ ਵਕੀਲਾਂ ਖਾਸ ਕਰਕੇ ਫੈਮਲੀ ਲਾਅ ਦੀ ਵਕਾਲਤ ਕਰ ਰਹੇ ਵਕੀਲਾਂ ਅਤੇ ਕੁੱਝ ਜੱਜਾਂ ਵੱਲੋਂ ਪੈਰਾਲੀਗਲਾਂ ਲਈ ਕਨੂੰਨ ਦਾ ਇਹ ਖੇਤਰ ਖੋਲਣ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਪਰ ਸਾਡੇ ਸਮਾਜ ਦੀ ਕੌੜੀ ਹਕੀਕਤ ਗਵਾਹੀ ਭਰਦੀ ਹੈ ਕਿ ਉਂਟੇਰੀਓ ਵਾਸੀ ਸਹੀ ਅਤੇ ਸਸਤੀ ਕਨੂੰਨੀ ਸੇਵਾ ਦੇ ਹੱਕਦਾਰ ਹਨ। ਕੁੱਝ ਤੱਥ ਹਨ ਜੋ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ।

ਉਂਟੇਰੀਓ ਲਾਅ ਕਮਿਸ਼ਨ ਮੁਤਾਬਕ ਪਰਿਵਾਰ ਦਾ ਟੁੱਟਣਾ ਆਪਣੇ ਆਪ ਵਿੱਚ ਬਹੁਤ ਦੁਖਦਾਈ ਅਤੇ ਜੀਵਨ ਦੇ ਰਾਸ ਲੀਲਾ ਨੂੰ ਲੀਹੋਂ ਲਾਹੁਣ ਵਾਲਾ ਅਨੁਭਵ ਹੁੰਦਾ ਹੈ। ਪਰਿਵਾਰ ਟੁੱਟਣ ਦੀ ਸੂਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਨਸਿਕ ਤਣਾਅ ਅਤੇ ਆਰਥਕ ਦਿਵਾਲੀਏਪਣ ਦੀ ਸਥਿਤੀ ਵਿੱਚ ਚਲੇ ਜਾਂਦੇ ਹਨ। ਲਾਅ ਕਮਿਸ਼ਨ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਕੈਨੇਡਾ ਵਿੱਚ 40% ਵਿਆਹ ਤਲਾਕ ਹੋ ਕੇ ਟੁੱਟਦੇ ਹਨ ਅਤੇ ਇਹਨਾਂ ਵਿੱਚੋਂ 80% ਲੋਕਾਂ ਲਈ ਸਹੀ ਕਨੂੰਨੀ ਮਦਦ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਇਸ ਵਿੱਚ ਸੱਭ ਤੋਂ ਵੱਧ ਸੰਤਾਪ ਔਰਤਾਂ ਨੂੰ ਹੰਢਾਉਣਾ ਪੈਂਦਾ ਹੈ ਕਿਉਂਕਿ ਕੈਨੇਡਾ ਵਿੱਚ ਘਰੇਲੂ ਹਿੰਸਾ ਬਾਰੇ ਸਿ਼ਕਾਇਤ ਕਰਨ ਵਾਲਿਆਂ ਦਾ 83% ਹਿੱਸਾ ਔਰਤਾਂ ਹੁੰਦੀਆਂ ਹਨ। 2010 ਵਿੱਚ ਉਂਟੇਰੀਓ ਦੇ 19% ਵਾਸੀ ਨੇ ਕੋਈ ਕਨੂੰਨੀ ਸਹਾਇਤਾ ਹਾਸਲ ਨਹੀਂ ਸੀ ਕੀਤੀ।

ਫੈਮਲੀ ਲਾਅ ਇੱਕ ਮਹਿੰਗਾ ਖਰਚਾ ਹੈ। ਲਾਅ ਕਮਿਸ਼ਨ ਮੁਤਾਬਕ ਫੈਮਲੀ ਲਾਅ ਦੇ ਪੂਰੇ ਟਰਾਇਲ ਵਾਲੇ ਕੇਸ ਵਿੱਚ ਵਕੀਲ ਦਾ ਔਸਤਨ ਖਰਚਾ 45 ਹਜ਼ਾਰ ਡਾਲਰ ਆਉਂਦਾ ਹੈ ਜਦੋਂ ਕਿ ਜਿਹੜੇ ਕੇਸ ਟਰਾਇਲ ਉੱਤੇ ਨਹੀਂ ਵੀ ਜਾਂਦੇ, ਉਹਨਾਂ ਉੱਤੇ ਔਸਤਨ 12 ਹਜ਼ਾਰ ਡਾਲਰ ਖਰਚ ਆ ਜਾਂਦਾ ਹੈ। ਚੰਗੇ ਫੈਮਲੀ ਲਾਅ ਦੇ ਵਕੀਲਾਂ ਦੀ ਬਹੁਤ ਘਾਟ ਪਾਈ ਜਾਂਦੀ ਹੈ। ਮਿਸਾਲ ਵਜੋਂ ਉਂਟੇਰੀਓ ਵਿੱਚ 8% ਉਹ ਲੋਕ ਹਨ ਜਿਹੜੇ ਲੀਗਲ ਏਡ ਸਰਟੀਫੀਕੇਟ ਹਾਸਲ ਕਰਨ ਦੇ ਯੋਗ ਹੁੰਦੇ ਹਨ, ਉਹਨਾਂ ਨੂੰ ਕੋਈ ਲੀਗਲ ਏਡ ਵਕੀਲ ਉਪਲਬਧ ਹੀ ਨਹੀਂ ਮਿਲਦਾ। 70% ਤੱਕ ਫੈਮਲੀ ਲਾਅ ਕੇਸਾਂ ਵਿੱਚ ਲੋਕ ਕੋਈ ਵਕੀਲ ਕੀਤੇ ਬਗੈਰ ਖੁਦ ਹੀ ਕੇਸ ਲੜਦੇ ਹਨ ਜਿਸ ਕਾਰਣ ਉਹ ਆਪਣੇ ਜੀਵਨ ਨਾਲ ਹੋਰ ਖਿਲਵਾੜ ਕਰ ਬੈਠਦੇ ਹਨ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਕੇਸ ਅਦਾਲਤ ਵਿੱਚ ਚਲਾ ਗਿਆ ਤਾਂ ਜੱਜ ਕੋਲ ਇਹ ਖੁੱਲ ਨਹੀਂ ਹੁੰਦੀ ਕਿ ਖੁਦ ਕੇਸ ਦੀ ਪੈਰਵਾਈ ਕਰਨ ਵਾਲੇ ਨੂੰ ਉਹ ਵਕੀਲ ਨਾਲ ਬਹਿਸ ਕਰਨ ਵੇਲੇ ਕੋਈ ਰਿਆਇਤ ਦੇ ਸਕੇ।

ਫੈਮਲੀ ਲਾਅ ਬਾਰੇ ਚਰਚਾ ਕਰਨ ਵੇਲੇ ਦੱਖਣ ਏਸ਼ੀਆਈ ਖਾਸ ਕਰਕੇ ਭਾਰਤੀ ਮੂਲ ਦੇ ਕੈਨੇਡੀਅਨਾਂ ਵਿੱਚ ਤਲਾਕ ਬਾਰੇ ਪਾਈ ਜਾਂਦੀਆਂ ਧਾਰਨਾਵਾਂ ਦਾ ਜਿ਼ਕਰ ਕਰਨਾ ਸਥਾਨਯੋਗ ਹੋਵੇਗਾ। ਕਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿੱਚ ਤਲਾਕ ਨੂੰ ਇੱਕ ਨਮੋਸ਼ੀਵਾਲਾ ਕੰਮ ਮੰਨਿਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਤਲਾਕ ਦੇਣ ਦੀ ਥਾਂ ਇੱਕ ਦੂਜੇ ਨਾਲ ਨਰੜ ਹੋਏ ਰਹਿਣ ਨੂੰ ਚੰਗਾ ਜੀਵਨ ਮੰਨਦੇ ਹਨ। ਇਸਦੇ ਉਲਟ ਕਮਿਉਨਿਟੀ ਸੰਸਥਾਵਾਂ ਦੇ ਕਾਰਜਕਰਤਾ ‘ਕਿੱਲੇ ਨਾਲ ਬੰਨੇ’ ਰਹਿਣ ਨਾਲੋਂ ਤਲਾਕ ਰਾਹੀਂ ਵੱਖ ਹੋਣ ਨੂੰ ਬਿਹਤਰ ਫੈਸਲਾ ਮੰਨਦੇ ਹਨ। ਤਲਾਕ ਦੇ ਚੰਗਾ ਜਾਂ ਮਾੜਾ ਹੋਣ ਦੀ ਚਰਚਾ ਵਿੱਚ ਕਿਸੇ ਇੱਕ ਮੱਤ ਨੂੰ 100% ਸਹੀ ਜਾਂ ਗਲਤ ਆਖਣਾ ਅਤਿਕਥਨੀ ਗੱਲ ਹੋਵੇਗੀ। ਪਰ ਫੈਮਲੀ ਲਾਅ ਤੱਕ ਪਹੁੰਚ ਦੇ ਹੋਰ ਮੋਕਲਾ ਹੋਣ ਨਾਲ ਪਰਵਾਸੀ ਭਾਈਚਾਰਿਆਂ ਵਿੱਚ ਇਸ ਗੱਲ ਦੀ ਚਰਚਾ ਹੋਣੀ ਸੁਭਾਵਿਕ ਹੈ।