ਉਂਟੇਰੀਓ ਵਿੱਚ ਜੌਬਾਂ ਦਾ ਨੁਕਸਾਨ ਇੱਕ ਖਤਰਨਾਕ ਸਥਿਤੀ

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਉਂਟੇਰੀਓ ਵਿੱਚ ਪਿਛਲੇ ਇੱਕ ਮਹੀਨੇ (ਜਨਵਰੀ 2018) ਦੌਰਾਨ 59,300 ਪਾਰਟ ਟਾਈਮ ਜੌਬਾਂ ਖਤਮ ਹੋਈਆਂ ਹਨ। ਕੁੱਲ ਕੈਨੇਡਾ ਵਿੱਚ ਇਹ ਗਿਣਤੀ 1 ਲੱਖ 37 ਹਜ਼ਾਰ ਰਹੀ ਹੈ ਜੋ ਕਿ ਪਿਛਲੇ 10 ਸਾਲਾਂ ਵਿੱਚ ਸੱਭ ਤੋਂ ਵੱਧ ਜੌਬਾਂ ਦਾ ਨੁਕਸਾਨ ਹੋਣ ਦਾ ਰਿਕਾਰਡ ਬਣ ਗਿਆ ਹੈ। ਉਂਟੇਰੀਓ ਲਈ ਇਹ ਅੰਕੜੇ ਇਸ ਲਈ ਵੀ ਖਤਰਨਾਕ ਹਨ ਕਿ ਲਿਬਰਲ ਸਰਕਾਰ ਵੱਲੋਂ 1 ਜਨਵਰੀ ਤੋਂ ਘੱਟੋ ਘੱਟ ਤਨਖਾਹ ਵਿੱਚ 2 ਡਾਲਰ 40 ਸੈਂਟ ਪ੍ਰਤੀ ਘੰਟਾ ਦਾ ਇਜ਼ਾਫਾ ਕਰਕੇ 14 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਸੀ। ਉਸ ਵੇਲੇ ਤੋਂ ਹੀ ਆਰਥਕ ਮਾਹਰਾਂ ਨੇ ਜੌਬਾਂ ਦਾ ਨੁਕਸਾਨ ਹੋਣ ਬਾਰੇ ਖਦਸ਼ੇ ਦਰਸਾਉਣੇ ਆਰੰਭ ਕਰ ਦਿੱਤੇ ਸੀ ਜੋ ਹੁਣ ਸੱਚ ਦਿੱਸਣੇ ਆਰੰਭ ਹੋ ਚੁੱਕੇ ਹਨ। ਹਾਲਾਂਕਿ ਪੂਰੇ ਪ੍ਰੋਵਿੰਸ ਦੇ ਸਥਾਈ ਰੁਝਾਨਾਂ ਨੂੰ ਜਾਨਣ ਲਈ ਇੱਕ ਮਹੀਨੇ ਦੇ ਅੰਕੜੇ ਕਾਫੀ ਨਹੀਂ ਹੁੰਦੇ ਪਰ ਯਕਦਮ ਐਨੀਆਂ ਜੌਬਾਂ ਦਾ ਚਲੇ ਜਾਣਾ ਬਿਨਾ ਕਾਰਣ ਨਹੀਂ ਵਾਪਰ ਸਕਦਾ ਖਾਸਕਰਕੇ ਜੇ ਨੁਕਸਾਨ ਪਾਰਟ ਟਾਈਮ ਜੌਬਾਂ ਦਾ ਹੋਇਆ ਹੋਵੇ।

ਘੱਟੋ ਘੱਟ ਤਨਖਾਹ ਵੱਧਣ ਕਾਰਣ ਬੇਸ਼ੱਕ ਟਿਮ ਹੌਰਟਨ ਸਾਰਿਆਂ ਦੀ ਨਜ਼ਰ ਵਿੱਚ ਆ ਗਿਆ ਸੀ ਪਰ ਲੌਬਲਾਅ, ਐਮਪਾਇਰ ਵਰਗੀਆਂ ਅਨੇਕਾਂ ਵੱਡੀਆਂ ਕੰਪਨੀਆਂ ਵੀ ਜਨਤਕ ਰੂਪ ਵਿੱਚ ਕਬੂਲ ਕਰ ਚੁੱਕੀਆਂ ਹਨ ਕਿ ਘੱਟੋ ਘੱਟ ਤਨਖਾਹ ਵਿੱਚ ਵਾਧੇ ਕਾਰਣ ਉਹਨਾਂ ਨੂੰ ਕਈ ਮਿਲੀਅਨ ਡਾਲਰਾਂ ਦਾ ਨੁਕਸਾਨ ਹੋਵੇਗਾ। ਅਜਿਹੀਆਂ ਕੰਪਨੀਆਂ ਦਾ ਲੰਬੇ ਸਮੇਂ ਦਾ ਦਾਈਆ ਆਪਣੇ ਅਪਰੇਸ਼ਨਾਂ ਨੂੰ ਆਟੋਮੇਟਡ ਕਰਨਾ ਹੈ ਤਾਂ ਜੋ ਘੱਟ ਮੁਲਾਜ਼ਮਾਂ ਨਾਲ ਵੱਧ ਕੰਮ ਕੀਤਾ ਜਾ ਸਕੇ। ਮਿਸਾਲ ਵਜੋਂ ਲੋਬਲਾਅ ਆਪਣੇ ਚੈੱਕਆਊਟ ਕਾਉਂਟਰਾਂ ਨੂੰ ਆਟੋ-ਚੈੱਕ ਕਰ ਸਕਦਾ ਹੈ। ਜਦੋਂ ਤੁਸੀਂ ਹੋਮ ਡੀਪੋ ਜਾਂ ਵਾਲਮਾਰਟ ਜਾਂਦੇ ਹੋ ਤਾਂ ਆਟੋ ਚੈੱਕ ਦੇ ਕਾਉਂਟਰ ਜਿੱਥੇ ਮਨੁੱਖੀ ਸਹੂਲੀਅਤ ਨੂੰ ਦਰਸਾਉਂਦੇ ਹਨ, ਉਸਦੇ ਨਾਲ ਹੀ ਉਹ ਕਿਸੇ ਭਲੇ ਮਾਣਸ ਦੀ ਖੁੱਸ ਚੁੱਕੀ ਨੌਕਰੀ ਦੀ ਭੀ ਗਵਾਹੀ ਭਰਦੇ ਹਨ। ਜੇ ਉਂਟੇਰੀਓ ਵਿੱਚ ਅੱਜ ਸੱਭ ਤੋਂ ਵੱਧ ਕੋਈ ਖਸਤਾ ਹਾਲਤ ਵਿੱਚ ਹੈ ਤਾਂ ਉਹ ਰੈਸਟੋਰੈਂਟਾਂ ਵਰਗੇ ਸਮਾਲ ਬਿਜਸਨ ਹਨ ਜਿਹਨਾਂ ਵਾਸਤੇ ਆਪਣੀ ਮੁਨਾਫੇ ਨੂੰ ਕਾਇਮ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਉਂਟੇਰੀਓ ਦੀ ਵਿਗੜਦੀ ਆਰਥਕਤਾ ਦਾ ਸਾਰੇ ਦਾ ਸਾਰਾ ਇਲਜ਼ਾਮ ਘੱਟੋ ਘੱਟ ਤਨਖਾਹਾਂ ਵਿੱਚ ਵਾਧੇ ਉੱਤੇ ਨਹੀਂ ਸੁੱਟਿਆ ਜਾ ਸਕਦਾ ਕਿਉਂਕਿ ਆਰਥਕਤਾ ਨਾਲ ਜੁੜੇ ਹੋਰ ਕਾਰਣ ਹਨ ਜਿਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮਿਸਾਲ ਵਜੋਂ ਸਾਲ 2008 ਤੋਂ ਉਂਟੇਰੀਓ ਵਿੱਚ ਰੁਜ਼ਗਾਰ ਦਰ ਕੈਨੇਡਾ ਦੀ ਔਸਤ ਤੋਂ ਕਿਤੇ ਘੱਟ ਚੱਲੀ ਆ ਰਹੀ ਹੈ। ਪਿਛਲੇ 12 ਸਾਲ ਦੌਰਾਨ ਉਂਟੇਰੀਓ ਦੇ ਪਰਿਵਾਰਾਂ ਦੀ ਉਸ ਆਮਦਨ ਵਿੱਚ ਮਹਿਜ਼ 13.1% ਵਾਧਾ ਹੋਇਆ ਹੈ ਜਿਸਨੂੰ ਪਰਿਵਾਰ ਬੁਨਿਆਦੀ ਲੋੜਾਂ ਤੋਂ ਅਲੱਗ ਹੋਰ ਪੂਰਤੀਆਂ  (household disposable income) ਉੱਤੇ ਵਰਤ ਸਕਦੇ ਹਨ। ਮੈਨੀਟੋਬਾ ਵਿੱਚ ਇਹ ਵਾਧਾ 24.4%, ਸਾਸਕੇਚਵਨ ਵਿੱਚ 42.7%, ਅਲਬਰਟਾ ਵਿੱਚ 31.9% ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 34.2% ਰਿਕਾਰਡ ਕੀਤਾ ਗਿਆ ਹੈ। ਹੋਰ ਤਾਂ ਹੋਰ ਕਿਉਬੱਕ ਵਿੱਚ ਵੀ ਉਂਟੇਰੀਓ ਦੀ household disposable income ਵਿੱਚ 13.1% ਦੇ ਮੁਕਾਬਲੇ 16.4% ਵਾਧਾ ਹੋਇਆ ਹੈ। ਇਸਦਾ ਭਾਵ ਇਹ ਹੈ ਕਿ ਉਂਟੇਰੀਓ ਵਿੱਚ ਪਰਿਵਾਰਾਂ ਦੀ ਜੀਵਨ ਵਿੱਚ ਮਹਿਜ਼ ਕੁੱਲੀ, ਗੁੱਲੀ ਅਤੇ ਜੁੱਲੀ ਦੇ ਜੁਗਾੜ ਤੋਂ ਅੱਗੇ ਕੁੱਝ ਸਾਰਥਕ ਸੋਚਣ ਅਤੇ ਕਰਨ ਦੇ ਯੋਗਤਾ ਥੱਲੇ ਨੂੰ ਧੱਸਦੀ ਜਾ ਰਹੀ ਹੈ।

ਜਦੋਂ ਬੇਰੁਜ਼ਗਾਰੀ ਦੀ ਗੱਲ ਆਉਂਦੀ ਹੈ ਤਾਂ ਇਸਦਾ ਸੱਭ ਤੋਂ ਵੱਧ ਕੁਪ੍ਰਭਾਵ ਯੂਥ ਉੱਤੇ ਪੈਂਦਾ ਹੈ। ਉਂਟੇਰੀਓ ਵਿੱਚ 2002 ਤੋਂ ਲੈ ਕੇ ਲਗਾਤਾਰ ਯੂਥ ਰੁਜ਼ਗਾਰ ਦਰ ਵਿੱਚ ਗਿਰਾਵਟ ਨੋਟ ਕੀਤੀ ਗਈ ਹੈ। ਮਾਰਚ 2017 ਦੇ ਅੰਕੜਿਆਂ ਮੁਤਾਬਕ ਉਂਟੇਰੀਓ ਵਿੱਚ ਯੂਥ ਦੇ ਰੁਜ਼ਗਾਰ ਉੱਤੇ ਲੱਗੇ ਹੋਣ ਦੀ ਦਰ ਮਹਿਜ਼ 51.6% ਹੈ ਜੋ ਕਿ ਕੈਨੇਡਾ ਦੀ ਕੌਮੀ ਔਸਤ ਨਾਲੋਂ 4 % ਪੁਆਇੰਟ ਘੱਟ ਹੈ। ਇਹ ਵੱਖਰੀ ਗੱਲ ਹੈ ਕਿ ਸਿਆਸੀ ਪਾਰਟੀਆਂ ਨੂੰ ਇਹਨਾਂ ਗੰਭੀਰ ਮਸਲਿਆਂ ਵੱਲ ਧਿਆਨ ਦੇਣ ਦਾ ਸਮਾਂ ਘੱਟ ਹੀ ਮਿਲਦਾ ਹੈ। ਜਿੱਥੇ ਪ੍ਰੋਵਿੰਸ਼ੀਅਲ ਲਿਬਰਲਾਂ ਨੂੰ ਚਾਰੇ ਪਾਸੇ ਆਰਥਕ ਵਿਕਾਸ ਤੋਂ ਬਿਨਾ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਉੱਥੇ ਕੰਜ਼ਰਵੇਟਿਵ ਪਾਰਟੀ ਕੋਲ ਆਪਣੇ ਅੰਦਰੂਨੀ ਮਸਲਿਆਂ ਤੋਂ ਵਿਹਲੇ ਹੋਣ ਦਾ ਸਮਾਂ ਨਹੀਂ ਹੈ। ਜੂਨ 2018 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਮੁਸ਼ਕਲ ਨਾਲ 4 ਮਹੀਨੇ ਬਾਕੀ ਹਨ ਪਰ ਉਂਟੇਰੀਓ ਨੂੰ ਦਰਪੇਸ਼ ਬੇਰੁਜ਼ਗਾਰੀ ਅਤੇ ਆਰਥਕ ਦੀਆਂ ਸੱਮਸਿਆਵਾਂ ਦੇ ਹੱਲ ਵੱਲ ਸੰਜੀਦਾ ਹੋਣ ਦਾ ਕਿਸੇ ਕੋਲ ਵਕਤ ਵਿਖਾਈ ਨਹੀਂ ਦੇ ਰਿਹਾ।