ਉਂਟੇਰੀਓ ਪਾਰਲੀਮੈਂਟ ਵਿੱਚ ਸਿੱਖ ਜੈਨੋਸਾਈਡ ਬਾਬਤ ਮੋਸ਼ਨ ਪਾਸ- ਪ੍ਰਤੀਕਰਮਾਂ ਦੀ ਝੜੀ

Harinder Malhiਟੋਰਾਂਟੋ ਪੋਸਟ ਬਿਉਰੋ: ਉਂਟੇਰੀਓ ਪਾਰਲੀਮੈਂਟ ਵਿੱਚ ਬਰੈਂਪਟਨ ਸਪਰਿੰਗਡੇਲ ਤੋਂ ਐਮ ਪੀ ਪੀ ਹਰਿੰਦਰ ਮੱਲ੍ਹੀ ਦੇ ਉਸ ਮੋਸ਼ਨ ਦੇ ਪਾਸ ਹੋਣ ਤੋਂ ਬਾਅਦ ਕਮਿਉਨਿਟੀ ਵਿੱਚ ਹਰ ਪਾਸੇ ਤੋਂ ਪ੍ਰਤੀਕਰਮ ਮਿਲੇ ਹਨ ਜਿਸ ਵਿੱਚ ਜੂਨ 1984 ਵਿੱਚ ਭਾਰਤ ਵਿੱਚ ਸਿੱਖਾਂ ਵਿਰੁੱਧ ਵੱਡੇ ਪੱਧਰ ਉੱਤੇ ਹੋਈ ਹਿੰਸਾ ਨੂੰ ਜੈਨੋਸਾਈਡ ਆਖ ਕੇ ਨਿੰਦਾ ਕੀਤੀ ਗਈ ਹੈ।

ਇਸ ਮੋਸ਼ਨ ਵਿੱਚ ਉਂਟੇਰੀਓ ਪਾਰਲੀਮੈਂਟ ਨੂੰ 1984 ਵਿੱਚ ਹੋਏ ਸਿੱਖ ਜੈਨੋਸਾਈਡ ਸਮੇਤ ਭਾਰਤ ਅਤੇ ਵਿਸ਼ਵ ਦੇ ਹਰ ਖਿੱਤੇ ਵਿੱਚ ਹਰ ਕਿਸਮ ਦੀ ਸੰਪਰਦਾਇਕ ਹਿੰਸਾ, ਨਫ਼ਰਤ, ਵੈਰ ਭਾਵ, ਪੱਖਪਾਤ, ਨਸਲਵਾਦ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਮੋਸ਼ਨ ਦੇ ਮੁੱਢ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਂਟੇਰੀਓ ਦੀ ਸੰਵਿਧਾਨਕ ਅਸੈਂਬਲੀ ਨੂੰ ਉਹਨਾਂ ਕਦਰਾਂ ਕੀਮਤਾਂ ਜਿਵੇਂ ਇਨਸਾਫ਼, ਮਨੁੱਖੀ ਅਧਿਕਾਰ ਅਤੇ ਇਨਸਾਫ, ਜਿਹਨਾਂ ਉੱਤੇ ਸਾਨੂੰ ਮਾਣ ਹੈ, ਪ੍ਰਤੀ ਆਪਣੀ ਵੱਚਨਬੱਧਤਾ ਦੀ ਮੁੜ ਪੁਸ਼ਟੀ ਕਰਨੀ ਚਾਹੀਦੀ ਹੈ।

ਮੋਸ਼ਨ ਪਾਸ ਹੋਣ ਉੱਤੇ ਪ੍ਰਕਿਰਿਆ ਕਰਦੇ ਹੋਏ ਉਂਟੇਰੀਓ ਗਰੁਦੁਆਰਾਜ਼ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਸ ਮੋਸ਼ਨ ਨੂੰ ਪਾਸ ਕਰਵਾਉਣ ਲਈ ਉਂਟੇਰੀਓ ਸਿੱਖ ਗੁਰਦੁਆਰਾ ਕਮੇਟੀ, ਉਂਟੇਰੀਓ ਗੁਰਦੁਆਰਜ਼ ਐਂਡ ਸਿੱਖਜ਼ ਕਾਉਂਸਲ ਵੱਲੋਂ ਸਾਂਝੇ ਰੂਪ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜੋਰ ਪਾਇਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਦੋਵਾਂ ਕਮੇਟੀਆਂ ਵੱਲੋਂ ਇੱਕ ਯੂਥ ਗਰੁੱਪ ਬਣਾਇਆ ਗਿਆ ਸੀ ਜਿਸਦਾ ਇੱਕੋ ਇੱਕ ਉਦੇਸ਼ ਜੈਨੋਸਾਈਡ ਦੇ ਮੁੱਦੇ ਉੱਤੇ ਕੰਮ ਕਰਨ ਵਿੱਚ ਲੀਡ ਬਣਾਈ ਰੱਖਣਾ ਸੀ। ਸ੍ਰੀ ਮਾਨ ਨੇ ਤਿੰਨੇ ਸਿਆਸੀ ਪਾਰਟੀਆਂ, ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪਿਛਲੇ ਚੰਦ ਕੁ ਮਹੀਨਿਆਂ ਵਿੱਚ ਅਸੀਂ ਉਂਟੇਰੀਓ ਲਿਬਰਲ ਸਰਕਾਰ ਦੇ ਨੁਮਾਦਿੰਦਿਆਂ ਨਾਲ 4 ਤੋਂ 5 ਮੀਟਿੰਗਾਂ ਕੀਤੀਆਂ ਜਿਸ ਦੌਰਾਨ ਸਾਡੇ ਤੋਂ ਸਿੱਖ ਮੰਗਾਂ ਬਾਰੇ ਪੁੱਛਿਆ ਜਾਂਦਾ ਸੀ। ਸ੍ਰੀ ਮਾਨ ਨੇ ਕਿਹਾ ਕਿ ਅਸੀਂ ਸਪੱਸ਼ਟ ਸ਼ਬਦਾਂ ਵਿੱਚ ਲਿਬਰਲ ਸਰਕਾਰ ਨੂੰ ਦੱਸਿਆ ਕਿ ਬੇਸ਼ੱਕ ਸਿੱਖ ਕਮਿਉਨਿਟੀ ਨੂੰ ਕਈ ਮਸਲੇ ਦਰਪੇਸ਼ ਹਨ ਲੇਕਿਨ ਇਸ ਵੇਲੇ ਸਾਡੀ ਮੁੱਖ ਮੰਗ 1984 ਕਤਲੇਆਮ ਨੂੰ ਜੈਨੋਸਾਈਡ ਕਰਾਰ ਕਰਵਾਉਣਾ ਹੈ। ਸ੍ਰੀ ਮਾਨ ਨੇ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਦਾ ਇਸ ਮੋਸ਼ਨ ਨੂੰ ਸਮਰੱਥਨ ਦੇਣ ਲਈ ਧੰਨਵਾਦ ਕੀਤਾ।

ਉਂਟੇਰੀਓ ਗੁਰਦੁਆਰਾਜ਼ ਐਂਡ ਸਿੱਖਜ਼ ਕਾਉਂਸਲ ਦੇ ਭੁਪਿੰਦਰ ਸਿੰਘ ਊਭੀ ਨੇ ਆਪਣੇ ਪ੍ਰਤੀਕਰਮ ਦੌਰਾਨ ਕਿਹਾ ਹੈ ਕਿ ਜੈਨੋਸਾਈਡ ਮੋਸ਼ਨ ਦਾ ਪਾਸ ਹੋਣਾ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਸਫ਼ਲਤਾ ਹੈ। ਸ੍ਰੀ ਊਭੀ ਨੇ ਕਿਹਾ ਕਿ ਸਿੱਖ ਭਾਈਚਾਰਾ ਇਸ ਮੰਗ ਦੀ ਪੂਰਤੀ ਲਈ ਲੰਬੇ ਸਮੇਂ ਤੋਂ ਕੰਮ ਕਰਦੀ ਆਈ ਹੈ। ਉਹਨਾਂ ਕਿਹਾ ਕਿ ਕੈਨੇਡੀਅਨ ਮਨੁੱਖੀ ਅਧਿਕਾਰਾਂ ਦੇ ਪਰੀਪੇਖ ਵਿੱਚ ਇਹ ਇੱਕ ਵੱਡੀ ਸਫ਼ਲਤਾ ਹੈ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਭਾਵ ਡਬਲਿਊ ਐਸ ਓ ਨੇ ਇਸ ਮਤੇ ਦੇ ਪਾਸ ਹੋਣ ਦਾ ਸੁਆਗਤ ਕੀਤਾ ਹੈ। ਡਬਲਿਊ ਐਸ ਓ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਹੈ ਕਿ ਉਹ ਉਂਟੇਰੀਓ ਪਾਰਲੀਮੈਂਟ ਵੱਲੋਂ ਐਮ ਪੀ ਪੀ ਹਰਿੰਦਰ ਮੱਲ੍ਹੀ ਦੇ ਮੋਸ਼ਨ ਨੂੰ ਪਾਸ ਕਰਨ ਲਈ ਦਿੱਤੇ ਗਏ ਸਰਮੱਥਨ ਦਾ ਧੰਨਵਾਦ ਕਰਦੇ ਹਨ।

ਵਰਨਣਯੋਗ ਹੈ ਕਿ 2 ਜੂਨ 2016 ਨੂੰ ਜਗਮੀਤ ਸਿੰਘ ਦਾ 1984 ਦੇ ਸਿੱਖ ਵਿਰੋਧੀ ਹਿੰਸਾ ਨੂੰ ਜੈਨੋਸਾਈਡ ਕਰਾਰ ਦੇਣ ਵਾਲਾ ਮੋਸ਼ਨ ਲਿਬਰਲ ਪਾਰਟੀ ਵੱਲੋਂ ਵਿਰੋਧ ਕੀਤੇ ਜਾਣ ਕਾਰਣ ਫੇਲ੍ਹ ਹੋ ਗਿਆ ਸੀ। ਜਗਮੀਤ ਸਿੰਘ ਦੇ ਮੋਸ਼ਨ ਉੱਤੇ ਸੂਬਾਈ ਪਾਰਲੀਮੈਂਟ ਵਿੱਚ ਚਰਚਾ ਕਰਦੇ ਹੋਏ ਐਮ ਪੀ ਪੀ ਅਮ੍ਰਤਿ ਮਾਂਗਟ ਨੇ ਕਿਹਾ ਸੀ ਕਿ ਕਿਸੇ ਦੇਸ਼ ਦੇ ਹਿੰਸਾ ਵਿੱਚ ਸ਼ਾਮਲ ਹੋਣ ਅਤੇ ਜੈਨੋਸਾਈਡ ਕਨੂੰਨੀ ਮਸਲੇ ਹਨ ਜੋ ਕਿ ਸਬੂਤਾਂ ਦਾ ਆਧਾਰ ਮੌਜੂਦ ਹੋਣ ਦੀ ਮੰਗ ਕਰਦੇ ਹਨ। ਬੀਬੀ ਮਾਂਗਟ ਨੇ ਅੱਗੇ ਕਿਹਾ ਸੀ ਕਿ ਅਜਿਹੇ ਮਸਲਿਆਂ ਨੂੰ ਵਿਚਾਰਨ ਦਾ ਸਹੀ ਪਲੇਟਫਾਰਮ ਅਦਾਲਤ ਹੁੰਦੀ ਹੈ ਨਾ ਕਿ ਉਂਟੇਰੀਓ ਦੀ ਸੰਵਿਧਾਨਕ ਅਸੈਂਬਲੀ। ਐਮ ਪੀ ਪੀ ਵਿੱਕ ਢਿਲੋਂ ਨੇ ਪਾਰਲੀਮੈਂਟ ਵਿੱਚ ਹੋਈ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਜਗਮੀਤ ਸਿੰਘ ਵੱਲੋਂ ਉਂਟੇਰੀਓ ਪਾਰਲੀਮੈਂਟ ਦੇ ਹੋਰ ਸਿੱਖ ਐਮ ਪੀ ਪੀਆਂ ਨਾਲ ਮਸ਼ਵਰਾ ਨਾ ਕਰਨ ਦੀ ਗੱਲ ਕੀਤੀ ਸੀ।

ਵਰਨਣਯੋਗ ਹੈ ਕਿ ਦਿੱਲੀ ਸਟੇਟ ਅਸੈਂਬਲੀ ਵੱਲੋਂ 1984 ਦੇ ਕਤਲੇਆਮ ਦੀ ਨਿੰਦਾ ਕਰਨ ਵਾਲਾ ਮਤਾ 1 ਜੁਲਾਈ 2015 ਨੂੰ ਪਾਸ ਕੀਤਾ ਗਿਆ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਵੀ ਸਿੱਖ ਕਤਲੇਆਮ ਲਈ ਮੁਆਫੀ ਮੰਗੀ ਸੀ।