ਉਂਟੇਰੀਓ ਚੋਣ ਨਤੀਜੇ ਪਲਟਿਆ ਪਾਸਾ

ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 2003 ਤੋਂ ਕੁਈਨ ਪਾਰਕ ਦੇ ਗਲਿਆਰਿਆਂ ਉੱਤੇ ਕਾਬਜ਼ ਲਿਬਰਲ ਪਾਰਟੀ ਤੋਂ ਸੱਤਾ ਖੋਹ ਕੇ ਆਪਣਾ ਕਬਜ਼ਾ ਜਮਾ ਲਿਆ ਹੈ। ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀ ਪਾਰਟੀ ਨੇ 76 ਸੀਟਾਂ ਜਿੱਤਣ ਦਾ ਕਮਾਲ ਕਰ ਵਿਖਾਇਆ ਹੈ। ਉਂਟੇਰੀਓ ਲਾਲ ਤੋਂ ਨੀਲਾ ਹੋ ਚੁੱਕਾ ਹੈ ਅਤੇ ਉਂਟੇਰੀਓ ਦੀ ਵਾਗਡੋਰ ਅਗਲੇ ਚਾਰ ਸਾਲਾਂ ਲਈ ਇੱਕ ਅਜਿਹੇ ਵਿਅਕਤੀ ਦੀ ਪਾਰਟੀ ਦੇ ਹੱਥ ਚਲੀ ਗਈ ਹੈ ਜੋ ਅਮੀਰਾਂ ਵਿੱਚ ਵੀ ਉੱਨਾ ਹੀ ਮਕਬੂਲ ਹੈ (ਉਹ ਖੁਦ ਬਹੁਤ ਅਮੀਰ ਹੈ) ਜਿੰਨਾ ਉਹ ਗਰੀਬਾਂ ਵਿੱਚ ਪ੍ਰਵਾਨਤ ਹੈ।

40 ਸੀਟਾਂ ਹਾਸਲ ਕਰਕੇ ਐਨ ਡੀ ਪੀ ਨੇਤਾ ਐਂਡਰੀਆ ਹਾਰਵਥ ਨੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਐਨ ਡੀ ਪੀ ਲਈ ਇਹ ਇੱਕ ਵੱਡਾ ਦਿਨ ਹੈ ਕਿਉਂਕਿ ਪਿਛਲੇ 28 ਸਾਲਾਂ ਵਿੱਚ ਪਾਰਟੀ ਦਾ ਇਹ ਸੱਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸਦੇ ਬਾਵਜੂਦ ਇਹ ਦਿਨ ਐਂਡਰੀਆ ਹਾਰਵਥ ਵਾਸਤੇ ਬਹੁਤਾ ਖੁਸ਼ੀਆਂ ਭਰਿਆ ਨਹੀਂ ਹੋਵੇਗਾ ਕਿਉਂਕਿ ਉਹ ਸੱਤਾ ਦੀ ਕੁਰਸੀ ਦੇ ਐਨੇ ਨੇੜੇ ਜਾ ਕੇ ਐਨੀ ਦੂਰ ਹੋ ਰਹਿ ਗਈ ਹੈ। ਪਿਛਲੇ ਦਿਨਾਂ ਵਿੱਚ ਜਿਸ ਤਰੀਕੇ ਐਨ ਡੀ ਪੀ ਨੂੰ ਪਾਪੂਲਰ ਸਮਰੱਥਨ ਦਾ ਹੁੰਗਾਰਾ ਮਿਲਣ ਲੱਗਿਆ ਸੀ, ਐਨ ਡੀ ਪੀ ਹਲਕਿਆਂ ਵਿੱਚ ਆਸ ਬੱਝਦੀ ਜਾ ਰਹੀ ਸੀ ਕਿ ਸ਼ਾਇਦ ਇਸ ਵਾਰ ਸਾਡਾ ਦਾਅ ਲੱਗ ਜਾਵੇ।

ਲਿਬਰਲਾਂ ਦੇ ਜੱਟ ਜੱਫੇ ਨੂੰ ਲਾਹ ਕੇ ਜਿਸ ਕਦਰ ਬਰੈਂਪਟਨ ਵਾਸੀਆਂ ਨੇ ਟੋਰੀਆਂ ਅਤੇ ਐਨ ਡੀ ਪੀ ਦਰਮਿਆਨ ਸ਼ੀਰਨੀ ਸਾਂਝੀ ਕੀਤੀ ਹੈ, ਉਸਨੇ ਸਿੱਧ ਕਰ ਦਿੱਤਾ ਹੈ ਕਿ ਬਰੈਂਪਟਨ ਹਕੀਕਤ ਵਿੱਚ ਕੈਨੇਡਾ ਦੀ ਸਿਆਸੀ ਪਰਖ ਦੀ ਪ੍ਰਯੋਗਸ਼ਾਲਾ ਹੈ।

ਹੁਣ ਅਸੀਂ ਗੱਲ ਲਿਬਰਲਾਂ ਦੀ ਹਾਰ ਅਤੇ ਕੰਜ਼ਰਵੇਟਿਵ ਸਰਕਾਰ ਸਿਰ ਪਈਆਂ ਜੁੰਮੇਵਾਰੀਆਂ ਦੇ ਕਰਦੇ ਹਾਂ। ਪਿਛਲੇ 15 ਸਾਲਾਂ ਦੇ ਰਾਜਕਾਲ ਦੌਰਾਨ ਉਹਨਾਂ ਦੇ ਸਖ਼ਤ ਰੁਖ ਨੇ ਉਂਟੇਰੀਓ ਵਾਸੀਆਂ ਨੂੰ ਗੁੱਸੇ ਕਰ ਦਿੱਤਾ ਸੀ। ਇਹ ਚੋਣਾਂ ਕਿਸੇ ਚੰਗੇ ਪਲੇਟਫਾਰਮ ਜਾਂ ਪਾਲਸੀਆਂ ਦੁਆਲੇ ਜਿੱਤੀਆਂ ਜਾਂ ਹਾਰੀਆਂ ਨਹੀਂ ਗਈਆਂ ਸਗੋਂ ਲਿਬਰਲ ਪਾਰਟੀ ਨੂੰ ਗੱਦੀਓਂ ਲਾਹੁਣ ਦੇ ਪਬਲਿਕ ਦੇ ਮੂਡ ਦਾ ਨਤੀਜਾ ਹੈ। ਬੇਸ਼ੱਕ ਪ੍ਰੀਮੀਅਰ ਕੈਥਲਿਨ ਵਿੱਨ ਡੇਢ ਕੁ ਸੌ ਵੋਟਾਂ ਦੇ ਵਕਫ਼ੇ ਨਾਲ ਜਿੱਤ ਗਈ ਹੈ (ਇਹ ਜਿੱਤ ਵੀ ਹਾਰ ਵਰਗੀ ਹੀ ਹੈ), ਉਸਦੇ ਲੱਗਭੱਗ ਸਾਰੇ ਵੱਡੇ ਵਜ਼ੀਰਾਂ ਦਾ ਚੋਣ ਹਾਰਨਾ ਸਾਬਤ ਕਰਦਾ ਹੈ ਕਿ ਪਬਲਿਕ ਗੁੱਸੇ ਦੇ ਕਿਸ ਪੱਧਰ ਨਾਲ ਲਿਬਰਲ ਪਾਰਟੀ ਨੂੰ ਸਜ਼ਾ ਦੇਣ ਦੇ ਰਉਂ ਵਿੱਚ ਸੀ।

ਲਿਬਰਲ ਪਾਰਟੀ ਦੀ ਹਾਰ ਨਵੇਂ ਬਣਨ ਜਾ ਰਹੇ ਪ੍ਰੀਮੀਅਰ ਡੱਗ ਫੋਰਡ ਨੂੰ ਸੁਚੇਤ ਕਰਨ ਦਾ ਸਬੱਬ ਵੀ ਬਣਦੀ ਹੈ। ਉਸਨੂੰ ਇਹ ਖਿਆਲ ਰੱਖ ਕੇ ਰਾਜ ਭਾਗ ਚਲਾਉਣ ਦੀ ਲੋੜ ਹੋਵੇਗੀ ਕਿ ਉਹ ਪਬਲਿਕ ਦੀ ਪੰਸਦ ਨਹੀਂ ਹੈ ਸਗੋਂ ਪਬਲਿਕ ਕੋਲ ਕੋਈ ਵਧੀਆਂ ਬਦਲ ਨਾ ਹੋਣ ਕਾਰਣ ‘ਧੱਕੇ ਦੀ ਸਹੇੜ’ ਵਾਲੀ ਗੱਲ ਹੈ। ਐਨ ਡੀ ਪੀ ਨੂੰ ਪਈਆਂ 34% ਵੋਟਾਂ ਸਾਬਤ ਕਰਦੀਆਂ ਹਨ ਕਿ ਜਿ਼ਆਦਾਤਰ ਲਿਬਰਲ ਪਰੇਮੀਆਂ ਨੇ ਕੰਜ਼ਰਵੇਟਿਵਾਂ ਨੂੰ ਨਹੀਂ ਚੁਣਿਆ ਹੈ। ਅਗਲੇ ਦਿਨਾਂ ਵਿੱਚ ਡੱਗ ਫੋਰਡ ਨੂੰ ਇੱਕ ਵਧੀਆ ਟੀਮ ਚੁਣਨ ਦੀ ਚੁਣੌਤੀ ਹੋਵੇਗੀ ਕਿਉਂਕਿ ਉਸ ਕੋਲ ਖੁਦ ਪ੍ਰਸ਼ਾਸ਼ਨ ਦਾ ਚੰਗਾ ਅਨੁਭਵ ਨਹੀਂ ਹੈ। ਟੋਰਾਂਟੋ ਦੇ ਡਿਪਟੀ ਮੇਅਰ ਹੋਣ ਵੇਲੇ ਉਸਦੇ ਕੰਮਕਾਜ ਬਾਰੇ ਉੱਠਦੇ ਸੁਆਲ ਅਤੇ 2018 ਦੇ ਚੋਣ ਪ੍ਰਚਾਰ ਦੌਰਾਨ ਅੱਖੜ ਵਤੀਰੇ ਦੀਆਂ ਮਿਲਦੀਆਂ ਮਿਸਾਲਾਂ ਜੇ ਕਿਸੇ ਚੀਜ਼ ਦਾ ਸੰਕੇਤ ਹਨ, ਤਾਂ ਅਗਲੇ ਦਿਨਾਂ ਵਿੱਚ ਸਾਨੂੰ ਇੱਕ ਵੱਖਰੇ ਕਿਸਮ ਦੇ ਰਾਜਭਾਗ ਦੇ ਦਰਸ਼ਨ ਹੋਣ ਜਾ ਰਹੇ ਹਨ।

ਇਸਦੇ ਨਾਲ ਹੀ ਉਂਟੇਰੀਓ ਵਾਸੀਆਂ ਨੂੰ ਚਾਹੀਦਾ ਹੈ ਕਿ ਡੱਗ ਫੋਰਡ ਪ੍ਰਸ਼ਾਸ਼ਨ ਨੂੰ ਆਪਣਾ ਰੋਲ ਨਿਭਾਉਣ ਲਈ ਬਣਦਾ ਵਕਤ ਦਿੱਤਾ ਜਾਵੇ। ਕੌਣ ਜਾਣਦਾ ਹੈ ਕਿ ਸਿਰ ਪਈਆਂ ਨਵੀਆਂ ਜੁੰਮੇਵਾਰੀਆਂ ਉਸਨੂੰ ਇੱਕ ਵਧੀਆ ਪ੍ਰੀਮੀਅਰ ਬਣਾਉਣ ਵਿੱਚ ਸਹਾਈ ਹੋਣ। ਕੀ ਪਤਾ ਹੈ ਕਿ ਉਸਨੂੰ ਅਜਿਹੇ ਸਲਾਹਕਾਰ ਅਤੇ ਮੰਤਰੀ ਮਿਲ ਜਾਣ ਜੋ ਉਂਟੇਰੀਓ ਦੇ ਹਿੱਤ ਵਿੱਚ ਚੰਗੇ ਕੰਮ ਕਰਨ। ਗੱਲ ਕੰਜ਼ਰਵੇਟਿਵ ਜਿੱਤ ਦੀ ਨਹੀਂ ਹੈ ਅਤੇ ਨਾ ਹੀ ਗੱਲ ਇਸ ਬਾਰੇ ਹੈ ਕਿ ਨਵੀਂ ਸਰਕਾਰ 1 ਡਾਲਰ ਦੀ ਬੀਅਰ ਕਰ ਦੇਵੇਗੀ ਜਾਂ ਨਹੀਂ, ਕੈਪ ਐਂਡ ਟਰੇਡ ਨੂੰ ਖਤਮ ਕਰੇਗੀ, ਹਾਈਡਰੋ ਬੋਰਡ ਨੂੰ ਭੰਂਗ ਕੀਤਾ ਜਾਵੇਗਾ ਜਾਂ ਨਹੀਂ, ਸੈਕਸ ਐਜੁਕੇਸ਼ਨ ਸਿਲੇਬਸ ਨੂੰ ਖਤਮ ਕੀਤਾ ਜਾਵੇਗਾ ਜਾਂ ਨਹੀਂ, ਸਰਕਾਰ ਦਾ ਸਾਈਜ਼ ਛੋਟਾ ਰੱਖਿਆ ਜਾਵੇਗਾ ਜਾਂ ਨਹੀਂ, ਗੱਲ ਸਗੋਂ ਉਂਟੇਰੀਓ ਵਾਸੀਆਂ ਦੇ ਦਿਲ ਵਿੱਚ ਉਗਮੇ ਬਦਲਾਅ ਦੇ ਚਾਅ ਦਾ ਸਨਮਾਨ ਰੱਖਣ ਦੀ ਹੈ।