ਉਂਟੇਰੀਓ ਚੋਣਾਂ : ਪਰਖ ਦੀਆਂ ਘੜੀਆਂ ਆਰੰਭ

ਉਂਟੇਰੀਓ ਕੈਨੇਡਾ ਦਾ ਸੱਭ ਤੋਂ ਵੱਧ ਜਨਸੰਖਿਆ ਵਾਲਾ ਪ੍ਰੋਵਿੰਸ ਹੈ ਜਿਸਦੀ ਵੱਸੋਂ ਕੁੱਲ ਕੈਨੇਡੀਅਨ ਜਨਸੰਖਿਆ ਦਾ 40 ਪ੍ਰਤੀਸ਼ਤ ਬਣਦੀ ਹੈ। ਤਿੰਨ ਦਿਨ ਪਹਿਲਾਂ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਜਿੱਥੇ ਸਥਾਨਕ ਸਿਆਸਤ ਉੱਤੇ ਗਹਿਰਾ ਪ੍ਰਭਾਵ ਪੈਣਾ ਹੈ, ਨਾਲ ਹੀ ਉਂਟੇਰੀਓ ਚੋਣ ਨਤੀਜਿਆਂ ਨੇ ਫੈਡਰਲ ਸਿਆਸਤ ਨੂੰ ਵੀ ਪ੍ਰਭਾਵਿਤ ਕਰਨਾ ਹੈ।

ਡੱਗ ਫੋਰਡ ਦਾ ਪ੍ਰੀਮੀਅਰ ਬਣਨਾ ਕਈਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸਦੇ ਵੱਡੇ ਕਾਰਣਾਂ ਵਿੱਚ ਡੱਗ ਫੋਰਡ ਦਾ ਅੱਖੜ ਸੁਭਾਅ, ਸਰਕਾਰ ਦੇ ਪ੍ਰਸ਼ਾਸ਼ਨਕ ਨੁਸਖਿਆਂ ਦੀ ਜਾਣਕਾਰੀ ਨਾ ਹੋਣਾ ਅਤੇ ਪਿਛਲੇ 15 ਸਾਲਾਂ ਤੋਂ ਟੋਰ ਿਪਾਰਟੀ ਦਾ ਸਰਕਾਰ ਚਲਾਉਣ ਦੇ ਅਨੁਭਵ ਤੋਂ ਸੱਖਣਾ ਹੋਣਾ ਸ਼ਾਮਲ ਹੈ। ਚੋਣਾਂ ਦੌਰਾਨ ਡੱਗ ਫੋਰਡ ਨੇ ਸਰਕਾਰ ਦਾ ਸਾਈਜ਼ ਛੋਟਾ ਰੱਖਣ ਅਤੇ ਖਰਚਿਆਂ ਨੂੰ ਘੱਟ ਕਰਨ ਲਈ ਧੂੰਆਂ ਧਾਰ ਗੱਲਾਂ ਕੀਤੀਆਂ ਹੋਈਆਂ ਹਨ। ਸੁਆਲ ਹੈ ਕਿ ਫਜ਼ੂਲਖਰਚ ਕਰਨ ਵਾਲੀ ਬਿਊੇਰੋਕਰੇਸੀ ਦਾ ਜੋ ਢਾਂਚਾ ਲਿਬਰਲ ਖੜਾ ਕਰ ਕੇ ਛੱਡ ਗਏ ਹਨ, ਉਂਟੇਰੀਓ ਸਿਰ ਚੜਿਆ 325 ਬਿਲੀਅਨ ਡਾਲਰ ਕਰਜ਼ੇ ਦਾ ਜੋ ਦਹੇਜ ਨਵੀਂ ਸਰਕਾਰ ਨੂੰ ਲਿਬਰਲਾਂ ਵੱਲੋਂ ਮਿਲਿਆ ਹੈ (ਕਰਜ਼ੇ ਦੀ ਇਹ ਦਰ ਲਿਬਰਲ ਸਰਕਾਰ ਦੇ 2003 ਵਿੱਚ ਸੱਤਾ ਵਿੱਚ ਆਉਣ ਨਾਲੋਂ 134% ਵੱਧ ਹੈ), ਉਸ ਨਾਲ ਨਵੀਂ ਸਰਕਾਰ ਨੂੰ ਸਿੱਝਣ ਵਾਸਤੇ ਸਮਾਂ ਚਾਹੀਦਾ ਹੋਵੇਗਾ। ਸੰਭਾਵਨਾ ਹੈ ਕਿ ਮੀਡੀਆ ਅਤੇ ਹੋਰ ਆਲੋਚਕ ਡੱਗ ਫੋਰਡ ਨੂੰ ਸ਼ਾਇਦ ਐਨਾ ਸਮਾਂ ਨਾ ਦੇਣ।

ਗਲਤੀ ਨਾਲ ਜੇ ਡੱਗ ਫੋਰਡ ਨੇ ਸਰਕਾਰ ਨੂੰ ਇੱਕ ਪਰਿਵਾਰਕ ਬਿਜਸਨ ਵਾਗੂੰ ਚਲਾਉਣ ਦੀ ਗਲਤੀ ਦੁਹਰਾ ਲਈ, ਜਿਵੇਂ ਕਿ ਆਪਣੇ ਭਰਾ ਰੌਬ ਫੋਰਡ ਦੀ ਮੇਅਰਸਿ਼ੱਪ ਅਤੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਰੇਸ ਦੌਰਾਨ ਉਸਨੇ ਕੀਤਾ ਸੀ, ਤਾਂ ਹਾਲਾਤ ਕਾਫੀ ਵਿਗੜ ਸਕਦੇ ਹਨ। ਡੱਗ ਫੋਰਡ ਨੂੰ ਇੱਕ ਸੁਘੜ ਸਿਆਣੇ ਅਤੇ ਭਰੋਸੇਮੰਦ ਵਿੱਤ ਮੰਤਰੀ ਅਤੇ ਖਜਾਨਾ ਬੋਰਡ ਦੇ ਪ੍ਰੈਜ਼ੀਡੈਂਟ ਦੀ ਤੁਰੰਤ ਲੋੜ ਹੋਵੇਗੀ ਜਿਹਨਾਂ ਦੀ ਤਲਾਸ਼ ਕਰਨਾ ਇੱਕ ਔਖਾ ਕਾਰਜ ਹੋਵੇਗਾ।

ਇਸ ਵੇਲੇ ਸੱਭ ਤੋਂ ਵੱਧ ਪਰਖ ਦੀ ਘੜੀ ਉਂਟੇਰੀਓ ਲਿਬਰਲ ਪਾਰਟੀ ਉੱਤੇ ਆ ਪਈ ਹੈ। ਗੱਲ ਲਿਬਰਲ ਪਾਰਟੀ ਦੀ ਹੈ ਨਾ ਕਿ ਕੈਥਲਿਨ ਵਿੱਨ ਦੀ ਜੋ ਪਾਰਟੀ ਲੀਡਰ ਵਜੋਂ ਸਮਾਂ ਵਿਹਾ ਚੁੱਕੀ ਹੈ। ਸੋ ਉਸਦੇ ਕੈਰੀਅਰ ਬਾਰੇ ਗੱਲ ਕਰਨੀ ਤਰਕਸੰਗਤ ਨਹੀਂ ਹੋਵੇਗੀ ਬੇਸ਼ੱਕ ਉਹ ਇੱਕ ਐਮ ਪੀ ਪੀ ਵਜੋਂ ਆਪਣਾ ਕੰਮ ਜਾਰੀ ਰੱਖੇਗੀ।

ਸਾਲ ਛੇ ਮਹੀਨੇ ਵਿੱਚ ਜਦੋਂ ਲਿਬਰਲ ਪਾਰਟੀ ਆਪਣਾ ਨਵਾਂ ਆਗੂ ਚੁਣੇਗੀ ਤਾਂ ਉਸਨੂੰ ਪਾਰਟੀ ਦੇ ਭੱਵਿਖ ਨੂੰ ਲੈ ਕੇ ਕਾਫੀ ਕੰਮ ਕਰਨਾ ਹੋਵੇਗਾ। ਉਂਟੇਰੀਓ ਵਿੱਚ ਇੱਕ ਅਧਿਕਾਰਤ ਸਿਆਸੀ ਪਾਰਟੀ ਵਜੋਂ ਲਿਬਰਲ ਆਪਣਾ ਦਰਜ਼ਾ ਗੁਆ ਚੁੱਕੀ ਹੈ। ਇਸ ਦਰਜ਼ੇ ਨੂੰ ਕਾਇਮ ਰੱਖਣ ਲਈ ਲਿਬਰਲ ਪਾਰਟੀ ਨੂੰ ਘੱਟੋ ਘੱਟ 8 ਸੀਟਾਂ ਚਾਹੀਦੀਆਂ ਸਨ ਪਰ ਉਸ ਕੋਲ ਸਿਰਫ਼ 7 ਸੀਟਾਂ ਹੀ ਹਨ। ਇਸ ਸੂਰਤ ਵਿੱਚ ਲਿਬਰਲ ਐਮ ਪੀ ਪੀਆਂ ਨੂੰ ਆਜ਼ਾਦ ਐਮ ਪੀ ਪੀ ਵਜੋਂ ਕੰਮ ਕਰਨਾ ਹੋਵੇਗਾ। ਇਸਦਾ ਅਰਥ ਹੈ ਕਿ ਲਿਬਰਲ ਐਮ ਪੀ ਪੀ ਪਾਰਲੀਮੈਂਟ ਵਿੱਚ ਹੋਣ ਵਾਲੀਆਂ ਉਹਨਾਂ ਬਹਿਸਾਂ ਵਿੱਚ ਹਿੱਸਾ ਨਹੀਂ ਲੈ ਸਕੱਣਗੇ ਜਿਹਨਾਂ ਵਿੱਚ ਹਿਸੱਾ ਲੈਣ ਲਈ ਸਮਾਂ ਸਿਰਫ਼ ਅਧਿਕਾਰਤ ਸਿਆਸੀ ਪਾਰਟੀਆਂ ਲਈ ਰੀਜ਼ਰਵ ਰੱਖਿਆ ਜਾਂਦਾ ਹੈ। ਇਹਨਾਂ ਐਮ ਪੀ ਪੀਆਂ ਨੂੰ ਵਜ਼ਾਰਤੀ ਨੋਟਿਸਾਂ, ਸਰਕਾਰੀ ਮੋਸ਼ਨਾਂ ਅਤੇ ਬਿੱਲਾਂ ਅਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਵੀ ਨਹੀਂ ਮਿਲਿਆ ਕਰਨਗੀਆਂ।

ਲਿਬਰਲਾਂ ਲਈ ਸੱਭ ਤੋਂ ਵੱਡੀ ਚੁਣੌਤੀ ਹੋਵੇਗੀ ਕਿ ੲਸਨੂੰ ਮੁੜ ਸੱਤਾ ਲਈ ਤਿਆਰ ਹੋਣ ਵਾਸਤੇ ਕਿੰਨੇ ਕੁ ਸਾਲ ਲੱਗਣਗੇ ਖਾਸਕਰਕੇ ਜਦੋਂ ਇਸਦੀ ਫੰਡ ਰੇਜਿ਼ੰਗ ਸਮਰੱਥਾ ਟੁੱਟ ਕੇ ਰਹਿ ਜਾਵੇਗੀ। ਪਾਰਟੀ ਨੂੰ ਨਵਾਂ ਲੀਡਰ, ਨਵੀਂ ਦਿਸ਼ਾ ਅਤੇ ਨਵੀਂ ਸਥਿਤੀ ਭਾਲਣ ਵਾਸਤੇ ਘੱਟੋ ਘੱਟ ਇੱਕ ਦਹਾਕੇ ਦਾ ਸਮਾਂ ਵੀ ਲੱਗ ਸਕਦਾ ਹੈ।

ਜਸਟਿਨ ਟਰੂਡੋ ਵਾਸਤੇ ਫੈਡਰਲ ਚੋਣਾਂ ਅਗਲੇ ਸਾਲ ਆ ਰਹੀਆਂ ਹਨ। ਉਸਦੀ ਸੱਭ ਤੋਂ ਵੱਧ ਭਰੋਸੇਮੰਦ ਸਾਥੀ ਕੈਥਲਿਨ ਵਿੱਨ ਆਪਣੀ ਤਰਕਸੰਗਤਾ ਦੇ ਨਾਲ ਹੀ ਕਿਸੇ ਕਿਸਮ ਦੀ ਮਦਦ ਦੇਣ ਦੀ ਸਮਰੱਥਾ ਵੀ ਗੁਆ ਚੁੱਕੀ ਹੈ। ਉਂਟੇਰੀਓ ਦੀ ਨਵੀਂ ਕੰਜ਼ਰਵੇਟਿਵ ਸਰਕਾਰ ਵੱਲੋਂ ਜਸਟਿਨ ਟਰੂਡੋ ਨੂੰ ਟੈਕਸ, ਵਾਤਾਵਰਣ ਅਤੇ ਸੋਸ਼ਲ ਪ੍ਰੋਗਰਾਮ ਪਾਲਸੀਆਂ ਉੱਤੇ ਹਰ ਕਦਮ ਉੱਤੇ ਚੁਣੌਤੀ ਦਿੱਤੀ ਜਾਵੇਗੀ। ਟਰੂਡੋ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੈਨੀਟੋਬਾ ਵਿੱਚ ਟੋਰੀ ਸੱਤਾ ਵਿੱਚ ਆ ਚੁੱਕੇ ਹਨ, ਅਲਬਰਟਾ ਵਿੱਚ ਜੇਸਨ ਕੈਨੀ ਲਿਬਰਲਾਂ ਨੂੰ ਸ਼ਾਇਦ ਸਾਹ ਤੱਕ ਨਾ ਲੈਣ ਦੇਵੇ ਅਤੇ ਕਿਉਬਿੱਕ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਲਿਬਰਲਾਂ ਦੇ ਬਹੁਤਾ ਚੰਗਾ ਕਰਨ ਦੀ ਆਸ ਨਹੀਂ ਹੈ। ਇਹ ਸਾਰਾ ਕੁੱਝ ਜਸਟਿਨ ਟਰੂਡੋ ਲਈ 2019 ਵਿੱਚ ਸ਼ੁਭ ਸੰਕੇਤ ਨਹੀਂ ਹੋਣਗੀਆਂ।

ਇਹਨਾਂ ਸਥਿਤੀਆਂ ਦੇ ਚੱਲਦੇ ਅਗਲੇ ਮਹੀਨਿਆਂ ਵਿੱਚ ਉਂਟੇਰੀਓ ਦੀ ਸਿਆਸਤ ਕਈ ਵੱਖਰੇ ਰੰਗ ਵਿਖਾਏਗੀ ਜਿਹਨਾਂ ਦੇ ਸਿੱਟੇ ਵਜੋਂ ਹਰ ਪੱਧਰ ਉੱਤੇ ਹਰ ਪਾਰਟੀ ਨੂੰ ਆਪੋ ਆਪਣੇ ਨਿਵੇਕਲੀਆਂ ਪਰਖ ਦੀਆਂ ਘੜੀਆਂ ਵਿੱਚੋਂ ਗੁਜ਼ਰਨਾ ਹੋਵੇਗਾ। ਇਸ ਵਿੱਚ ਅਪਵਾਦ ਐਨ ਡੀ ਪੀ ਹੋ ਸਕਦੀ ਹੈ ਜੋ ਪਾਰਲੀਮੈਂਟ ਵਿੱਚ ਸੀਟਾਂ ਦੀ ਗਿਣਤੀ ਦੁੱਗਣਾ ਕਰਕੇ ਸੰਤੁਸ਼ਟ ਹੋਈ ਜਾਪਦੀ ਹੈ। ਵਿਰੋਧੀ ਧਿਰ ਦਾ ਕੰਮ ਸਰਕਾਰ ਦੀ ਵੱਧ ਤੋਂ ਵੱਧ ਆਲੋਚਨਾ ਕਰਨਾ ਹੁੰਦਾ ਹੈ ਅਤੇ ਇਸ ਕੰਮ ਦਾ ਅਨੁਭਵ ਐਨ ਡੀ ਪੀ ਕੋਲ ਪਹਿਲਾਂ ਹੀ ਬਥੇਰਾ ਹੈ।