ਈਸ਼ਵਰ ਦੇ ਅਰਥ ਅਤੇ ਆਚਾਰੀਆ

-ਕੁਲਦੀਪ ਸਿੰਘ ਧਨੌਲਾ
ਆਏ ਦਿਨ ਮੁਲਕ ਦੇ ਨੇਤਾਵਾਂ ਤੇ ਅਫਸਰਾਂ ਦੇ ਘਪਲਿਆਂ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ ਜਿਸ ਕਰਕੇ ਉਤਰ ਪ੍ਰਦੇਸ਼ ਦੇ ਇਕ ਸੰਤ ਸ਼ਰਧਾਨੰਦ ਯੋਗ ਅਚਾਰੀਆ ਦਾ ਭਗਤੀ ਕਰਦੇ ਹੋਏ ਦਾ ਮਨ ਪੂਰੀ ਤਰ੍ਹਾਂ ਉਚਾਟ ਹੋ ਗਿਆ। ਬੇਚੈਨੀ ਹੱਦ ਤੋਂ ਜ਼ਿਆਦਾ ਵਧਣ ਤੋਂ ਬਾਅਦ ਉਹ ਈਸ਼ਵਰ ਅਤੇ ਸੱਚ ਦੀ ਖੋਜ ਵਿੱਚ ਜੁਟ ਗਿਆ, ਲੇਕਿਨ ਰਾਸ਼ਟਰਪਤੀ ਭਵਨ ਅਤੇ ਗ੍ਰਹਿ, ਕਾਨੂੰਨ ਤੇ ਸੂਚਨਾ ਮੰਤਰਾਲਿਆਂ ਤੋਂ ਉਸ ਨੂੰ ਜੋ ਜਵਾਬ ਇਸ ਸਿਲਸਿਲੇ ਵਿੱਚ ਮਿਲੇ ਹਨ, ਉਹ ਉਹਦੀ ਤਸੱਲੀ ਨਹੀਂ ਕਰਵਾ ਸਕੇ। ਪਹਿਲੀ ਅਰਜ਼ੀ ਉਹਨੇ ਰਾਸ਼ਟਰਪਤੀ ਭਵਨ ਨੂੰ ਲਿਖੀ ਸੀ, ਜਿਸ ਵਿੱਚ ਲਿਖਿਆ ਸੀ, ‘ਜਿਸ ਈਸ਼ਵਰ ਦੇ ਨਾਂ ਉਤੇ ਅਹੁਦੇ ਦੀ ਸਹੁੰ ਚੁਕਾਈ ਜਾਂਦੀ ਹੈ, ਉਹ ਕੌਣ ਹੈ, ਕਿੱਥੇ ਰਹਿੰਦਾ ਹੈ, ਕਿਹੜੇ ਵੇਲੇ ਮਿਲਦਾ ਹੈ?’ ਉਸ ਨੂੰ ਬੱਸ ਕੋਰਾ ਜਵਾਬ ਮਿਲਿਆ ਕਿ ‘ਇਹ ਜਾਣਕਾਰੀ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।’
ਈਸ਼ਵਰ ਦੀ ਖੋਜ ਵਿੱਚ ਤਰਲੋਮੱਛੀ ਹੋਏ ਅਚਾਰੀਆ ਦੀ ਦੂਜੀ ਅਰਜ਼ੀ ਗ੍ਰਹਿ ਮੰਤਰਾਲੇ ਕੋਲ ਪਹੁੰਚਦੀ ਹੈ, ਜਿਥੋਂ ਕਾਨੂੰਨ ਮੰਤਰਾਲੇ ਦੇ ਪਾਲੇ ਵਿੱਚ ਸੁੱਟ ਦਿੱਤੀ ਜਾਂਦੀ ਹੈ। ਕਾਨੂੰਨ ਮੰਤਰਾਲੇ ਨੇ ‘ਸੋ ਹੱਥ ਰੱਸਾ, ਸਿਰੇ ਗੰਢ’ ਵਾਲੀ ਕਹਾਵਤ ਵਾਂਗ ਗੱਲ ਸਿਰੇ ਲਾਉਂਦਿਆਂ ਕਿਹਾ, ‘ਫਾਈਲਾਂ ਵਿੱਚ ਇਸ ਦੀ ਕੋਈ ਪਰਿਭਾਸ਼ਾ ਨਹੀਂ ਹੈ, ਇਸ ਲਈ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਜਾ ਸਕਦੀ’। ਅਚਾਰੀਆ ਦੀ ਭਾਲ ਅਜੇ ਪੂਰੀ ਨਹੀਂ ਹੋਈ। ਉਹ ਕੇਂਦਰੀ ਸੂਚਨਾ ਕਮਿਸ਼ਨ ਦੀ ਪਨਾਹ ਲੈਂਦਾ ਹੈ। ਇਹ ਵੱਖਰੀ ਗੱਲ ਹੈ ਕਿ ਗੱਲ ਫਿਰ ਵੀ ਨਾ ਬਣੀ ਤੇ ਉਸ ਦੀ ਤਸੱਲੀ ਨਹੀਂ ਹੋ ਸਕੀ।
ਯੋਗ ਅਚਾਰੀਆ ਇਸ ਗੱਲੋਂ ਰਤਾ ਔਖਾ ਹੈ ਕਿ ਸਰਕਾਰੀ ਅਫਸਰ ਉਹਨੂੰ ਈਸ਼ਵਰ ਬਾਰੇ ਕੁਝ ਦੱਸ ਕਿਉਂ ਨਹੀਂ ਰਹੇ। ਇਸੇ ਆਧਾਰ ਉਤੇ ਉਹ ਕਮਿਸ਼ਨ ਨੂੰ ਅਜਿਹੇ ਅਫਸਰਾਂ ਉਤੇ 25000 ਰੁਪਏ ਜੁਰਮਾਨਾ ਲਾਉਣ ਦੀ ਮੰਗ ਕਰਦਾ ਹੈ ਤਾਂ ਅਫਸਰ ਉਸ ਦੇ ਸਾਹਮਣੇ ਵੀਡੀਓ ਕਾਨਫਰੰਸ ਰਾਹੀਂ ‘ਪ੍ਰਗਟ’ ਹੋ ਜਾਂਦੇ ਹਨ। ਇਹ ਅਫਸਰ ਅਚਾਰੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਸ ਦੀ ਸੂਚਨਾ ਫਾਈਲਾਂ ਵਿੱਚ ਹੋਵੇ, ਉਥੋਂ ਹੀ ਮਿਲ ਸਕੇਗੀ? ਸਾਹਮਣੇ ਸੂਚਨਾ ਕਮਿਸ਼ਨਰ ਬੈਠੇ ਹਨ। ਅਚਾਰੀਆ ਲੱਗਦੇ ਹੱਥ ਉਨ੍ਹਾਂ ਨੂੰ ਮੁਖਾਤਿਬ ਹੋ ਗਏ, ਪਰ ਉਹ ਵੀ ਉਨ੍ਹਾਂ ਦਾ ਹਨੇਰਾ ਦੂਰ ਨਹੀਂ ਕਰ ਸਕੇ, ਸਿਰਫ ਇੰਨਾ ਹੀ ਬੋਲੇ, ‘ਬਹੁਤ ਸਮਾਂ ਬਰਬਾਦ ਹੋ ਗਿਆ ਹੈ ਭਾਈ, ਤੁਸੀਂ ਗਿਆਨ ਅਤੇ ਸੂਚਨਾ ਵਿੱਚ ਫਰਕ ਵੀ ਨਹੀਂ ਸਮਝ ਰਹੇ। ਅਜਿਹੇ ਸਵਾਲਾਂ ਨਾਲ ਸਮਾਜ ਦਾ ਕੋਈ ਭਲਾ ਨਹੀਂ ਹੋਣਾ।’
ਜਦੋਂ ਇਸ ਸਵਾਲ ਉੱਤੇ ਅਚਾਰੀਆ ਦੀ ਤਸੱਲੀ ਨਹੀਂ ਹੋਈ ਤਾਂ ਉਨ੍ਹਾਂ ਰਾਸ਼ਟਰੀ ਚਿੰਨ੍ਹ ਹੇਠ ਲਿਖੇ ‘ਸਤਿਆਮੇਵ ਜਯਤੇ’ ਦੇ ਅਰਥ ਬਾਰੇ ਪੁੱਛ ਲਿਆ। ਸਰਕਾਰ ਜਾਂ ਇਸ ਦੇ ਕਿਸੇ ਨੁਮਾਇੰਦੇ ਵੱਲੋਂ ਇਸ ਸਵਾਲ ਦਾ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਸੂਚਨਾ ਕਮਿਸ਼ਨ ਵੱਲੋਂ ਜਵਾਬ ਨਾ ਮਿਲਣ ‘ਤੇ ਉਹਦੀ ਝੋਲੀ 25000 ਰੁਪਏ ਪਾਏ ਗਏ। ਅਚਾਰੀਆ ਦੀ ਸਰਗਰਮੀ ਇਸ ਸਵਾਲ ਨੂੰ ਜਨਮ ਦਿੰਦੀ ਹੈ ਕਿ ਸਰਕਾਰਾਂ ਬਣਾਉਣ ਵੇਲੇ ਕਿੰਨਾ ਪੈਸਾ ਸਹੁੰ ਚੁੱਕ ਸਮਾਗਮਾਂ ‘ਤੇ ਰੋੜ੍ਹਿਆ ਜਾਂਦਾ ਹੈ। ਯੋਗ ਅਚਾਰੀਆ ਸੱਚਾ ਸੰਤ ਜਾਪਦਾ ਹੈ ਜਿਹੜਾ ਸਿਆਸਤਦਾਨਾਂ ਦੀਆਂ ਹਲਫਦਾਰੀਆਂ ਬਾਰੇ ਜਾਣਕਾਰੀ ਮੰਗਦਾ ਫਿਰਦਾ ਹੈ, ਉਹ ਨਹੀਂ ਜਾਣਦਾ ਕਿ ਨੇਤਾ ਦੀ ਖਾਧੀ ਸਹੁੰ ਪਾਣੀ ਉਤੇ ਲਕੀਰ ਬਰਾਬਰ ਹੁੰਦੀ ਹੈ।
ਦੂਰ ਜਾਣ ਦੀ ਲੋੜ ਨਹੀਂ, ਸਾਲ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਉਤੇ ਹੱਥ ਰੱਖ ਕੇ ਸਹੁੰ ਖਾਧੀ ਕਿ ਚਾਰ ਹਫਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਾ ਹੈ। ਇਸ ਪਿੱਛੋਂ ਉਹ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ, ਪਰ ਨਸ਼ੇ ਅਜੇ ਤੱਕ ਖਤਮ ਨਹੀਂ ਹੋਏ। ਬੀਤੇ ਦਿਨੀਂ ਕਰਨਾਟਕ ਦੇ ਮੁੱਖ ਮੰਤਰੀ ਨੇ ਹਲਫ ਲਿਆ ਹੈ। ਇਸ ਸਮਾਗਮ ਵਿੱਚ 11 ਪਾਰਟੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਇਕ ਸਾਬਕਾ ਪ੍ਰਧਾਨ ਮੰਤਰੀ, ਪੰਜ ਮੁੱਖ ਮੰਤਰੀ, ਪੰਜ ਸਾਬਕਾ ਮੁੱਖ ਮੰਤਰੀ ਅਤੇ ਚਾਰ ਪਾਰਲੀਮੈਂਟ ਮੈਂਬਰ ਹਾਜ਼ਰ ਸਨ। ਇਹ ਸਾਰੇ ਹੀ ਸਰਕਾਰੀ ਖਰਚੇ ਉਤੇ ਆਏ। ਇਉਂ ਇਨ੍ਹਾਂ ਦੇ ਆਉਣ ਜਾਣ ਉੱਤੇ ਲੱਖਾਂ ਰੁਪਏ ਉਡਾ ਦਿੱਤੇ ਗਏ। ਇੰਨੇ ਵੱਡੇ-ਵੱਡੇ ਇਕੱਠ ਕਰਕੇ ਸਰਕਾਰੀ ਭੇਤ ਗੁਪਤ ਰੱਖਣ ਦਾ ਹਲਫ ਲਿਆ ਜਾਂਦਾ ਹੈ, ਫਿਰ ਵੀ ਕਰੋੜਾਂ ਦੇ ਘਪਲੇ ਹੋਈ ਜਾ ਰਹੇ ਹਨ , ਪਰ ਅਚਾਰੀਆ ਅਜੇ ਵੀ ਆਪਣੇ ਸਵਾਲਾਂ ਨਾਲ ਸਰਕਾਰ ਅਤੇ ਸਰਕਾਰੀ ਅਦਾਰਿਆਂ ਦਾ ਕੁੰਡਾ ਖੜਕਾ ਰਹੇ ਹਨ।