ਈਰਾਨ ਵਿੱਚ ਡਾਂਸ ਕਰਨ ਅਤੇ ਸਿਖਾਉਣ ਦੇ ਦੋਸ਼ ਵਿੱਚ ਛੇ ਬੱਚੇ ਗ੍ਰਿਫਤਾਰ

dance children arrested
ਤਹਿਰਾਨ, 11 ਅਗਸਤ (ਪੋਸਟ ਬਿਊਰੋ)- ਈਰਾਨ ‘ਚ ਛੇ ਬੱਚਿਆਂ ਨੂੰ ਡਾਂਸ ਕਰਨ ਅਤੇ ਸਿਖਾਉਣ ਦੇ ‘ਜੁਰਮ’ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਹਿਰਾਸਤ ‘ਚ ਲਏ ਗਏ ਬੱਚਿਆਂ ‘ਚ ਚਾਰ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਜ਼ੁੰਬਾ ਸਮੇਤ ਕਈ ਹੋਰ ਤਰ੍ਹਾਂ ਦੇ ਪੱਛਮੀ ਡਾਂਸ ਕਲਾ ਸਿਖਾਉਣ ਦਾ ਦੋਸ਼ੀ ਮੰਨਿਆ ਗਿਆ ਹੈ। ਈਰਾਨ ਦੇ ਇਕ ਰੈਵੋਲੂਸ਼ਨਰੀ ਗਾਰਡਜ਼ ਕਮਾਂਡਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਅਸਲ ‘ਚ ਕੱਟੜਪੰਥੀ ਇਸਲਾਮਿਕ ਕਾਨੂੰਨਾਂ ਨੂੰ ਮੰਨਣ ਵਾਲੇ ਈਰਾਨ ‘ਚ ਡਾਂਸ ਅਤੇ ਸੰਗੀਤ ਵਰਗੀਆਂ ਚੀਜ਼ਾਂ ‘ਤੇ ਕਾਫੀ ਹੱਦ ਤੱਕ ਪਾਬੰਦੀ ਹੈ। ਹਾਮਿਦ ਦਮਘਾਨੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਡਾਂਸ ਸਿਖਾਉਣ ਅਤੇ ਪੱਛਮੀ ਡਾਂਸ ਦੀ ਵੀਡੀਓ ਬਣਾਉਣ ਵਾਲੇ ਇਕ ਗਰੁੱਪ ਦੇ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਮਘਾਨੀ ਨੇ ਕਿਹਾ ਕਿ ਇਹ ਗਰੁੱਪ ਮਰਦ ਅਤੇ ਕੁੜੀਆਂ ਵਿੱਚ ਦਿਲਚਸਪੀ ਪੈਦਾ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦਾ ਸੀ ਅਤੇ ਉਨ੍ਹਾਂ ਨੂੰ ਪੱਛਮੀ ਡਾਂਸ ਸਿਖਾਉਂਦਾ ਸੀ। ਉਨ੍ਹਾਂ ਦੇ ਵੀਡੀਓ ਕਲਿਪ ਨੂੰ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪਸ ‘ਤੇ ਸ਼ੇਅਰ ਕੀਤਾ ਜਾਂਦਾ ਸੀ। ਦਮਘਾਨੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਡਾਂਸ ਕਰਦੇ ਅਤੇ ਵੀਡੀਓ ਕਲਿਪ ਬਣਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੈਵੋਲੂਸ਼ਨਰੀ ਗਾਰਡਜ਼ ਦੇ ਖੁਫੀਆ ਵਿਭਾਗ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ। ਇਹ ਸੰਗਠਨ ਬੱਚਿਆਂ ਦੀ ਜ਼ਿੰਦਗੀ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹਿਜਾਬ ਅਤੇ ਪਰਦਾ ਨਾ ਕਰਨ ਨੂੰ ਵਾਧਾ ਦੇ ਰਿਹਾ ਹੈ।